ਬੁਢਲਾਡਾ, ਗੁਰਦਾਸਪੁਰ, 1 ਜੂਨ (ਸਰਬਜੀਤ ਸਿੰਘ)– ਲੋਕ ਸਭਾ ਹਲਕਾ ਬਠਿੰਡਾ ਅਧੀਨ ਬੁਢਲਾਡਾ ਹਲਕੇ ਦੇ ਪਿੰਡ ਅਹਿਮਦਪੁਰ ਵਿਖੇ ਇਨਸਾਫ ਦੀ ਮੰਗ ਕਰਦਿਆਂ ਵੋਟਾਂ ਦਾ ਬਾਈਕਾਟ ਕਰਨ ਵਾਲੇ ਪਿੰਡ ਵਾਲੇ ਲੋਕਾਂ ਦਾ ਵਿਰੋਧ ਲਗਾਤਾਰ ਜਾਰੀ ਸੀ। ਜਿਸ ਕਾਰਨ ਪਿੰਡ ਚ ਬਣੇ 4 ਬੂਥ ਕੇਂਦਰਾਂ ਤੇ 5 ਵਜੇ ਤੱਕ 3634 ਵੋਟਾਂ ਚੋ 165 ਵੋਟਾਂ (3 ਪ੍ਰਤੀਸ਼ਤ) ਹੀ ਵੋਟਾਂ ਪੋਲ ਹੋਈਆਂ। ਇੱਥੋ ਤੱਕ ਕਿ ਬੂਥ ਕੇਂਦਰਾਂ ਚ ਕਿਸੇ ਵੀ ਸਿਆਸੀ ਪਾਰਟੀ ਦਾ ਪੋਲਿੰਗ ਏਜੰਟ ਨਹੀਂ ਦੇਖਿਆ ਗਿਆ। ਜਾਣਕਾਰੀ ਅਨੁਸਾਰ ਚਾਰੋ ਬੂਥ ਕੇਂਦਰਾਂ ਤੇ 165 ਵੋਟਾਂ ਪੋਲ ਹੋਈਆਂ। ਇਸ ਮੌਕੇ ਤੇ ਸਹਾਇਕ ਰਿਟਰਨਿੰਗ ਅਫਸਰ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਅਤੇ ਡੀ.ਐਸ.ਪੀ. ਮਨਜੀਤ ਸਿੰਘ ਔਲਖ ਮੌਕੇ ਤੇ ਪਹੁੰਚੇ ਅਤੇ ਲੋਕਾਂ ਨੂੰ ਸ਼ਾਂਤ ਕਰਦਿਆਂ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਵੀ ਸਿੱਧੇ ਤੌਰ ਤੇ ਆਪਣੇ ਸਮਰਥਕਾਂ ਨਾਲ ਰਾਵਤਾ ਬਣਾਇਆ ਹੋਇਆ ਸੀ ਪ੍ਰੰਤੂ ਪੋਲਿੰਗ ਦਾ ਰੁਝਾਣ ਸਵੇਰ ਦੀ ਤਰ੍ਹਾਂ ਮਠਾ ਨਜਰ ਆ ਰਿਹਾ ਸੀ। ਪੋਲਿੰਗ ਦੇ ਬਾਹਰ ਵੱਡੀ ਗਿਣਤੀ ਚ ਔਰਤਾਂ ਵੱਲੋਂ ਇਨਸਾਫ ਨੂੰ ਲੈ ਕੇ ਨਾਅਰੇਬਾਜੀ ਕੀਤੀ ਗਈ। ਵਰਣਨਯੋਗ ਹੈ ਕਿ 10 ਜਨਵਰੀ 2024 ਦੀ ਰਾਤ ਨੂੰ ਪਿੰਡ ਦੇ ਬਜੁਰਗ ਜੰਗੀਰ ਸਿੰਘ ਅਤੇ ਰਣਜੀਤ ਕੌਰ ਦਾ ਕੱਤਲ ਕਰ ਦਿੱਤਾ ਗਿਆ ਸੀ ਜਿਸ ਦੇ ਕਾਤਲ ਹੁਣ ਤੱਕ ਪੁਲਿਸ ਦੀ ਗ੍ਰਿਫਤ ਤੋਂ ਦੂਰ ਹਨ। ਪਿੰਡ ਦੇ ਲੋਕਾਂ ਨੇ ਇਨਸਾਫ ਦੀ ਮੰਗ ਕਰਦਿਆਂ ਵੋਟਾਂ ਦਾ ਬਾਈਕਾਟ ਕੀਤਾ।


