ਫੈਸਲਾ ਸੁਣਾਉਣ ਦੇ ਸਮੇਂ ਬਾਰੇ ਵੀ ਉਠਾਏ ਗੰਭੀਰ ਸੁਆਲ
ਮਾਨਸਾ, ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)– ਸੀਪੀਆਈ (ਐਮ ਐਲ) ਨੇ ਪੰਜਾਬ ਵਿਚ ਲੋਕ ਸਭਾ ਲਈ ਵੋਟਾਂ ਤੋਂ ਐਨ ਪਹਿਲਾਂ ਹਾਈਕੋਰਟ ਵਲੋਂ ਡੇਰਾ ਸਿਰਸਾ ਦੇ ਸਾਬਕਾ ਆਗੂ ਰਣਜੀਤ ਸਿੰਘ ਦੇ ਕਤਲ ਕੇਸ ਵਿਚੋਂ ਡੇਰਾ ਮੁੱਖੀ ਰਾਮ ਰਹੀਮ ਨੂੰ ਬਰੀ ਕਰਨ ‘ਤੇ ਵੱਡੀ ਹੈਰਾਨੀ ਤੇ ਅਫਸੋਸ ਜ਼ਾਹਰ ਕੀਤਾ ਹੈ।
ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਦਾ ਕਹਿਣਾ ਹੈ ਕਿ ਪੰਜਾਬ ਵਿਚ ਵੋਟਾਂ ਪੈਣ ਤੋਂ ਪਹਿਲਾਂ ਕਤਲ ਤੇ ਬਲਾਤਕਾਰ ਵਰਗੇ ਅਤੇ ਗੰਭੀਰ ਮਾਮਲਿਆਂ ਵਿਚ ਦੋ ਉਮਰ ਕੈਦ ਕੱਟ ਰਹੇ ਡੇਰਾ ਮੁੱਖੀ ਨੂੰ ਨਿਯਮਾਂ ਤੋਂ ਉਲਟ ਵਾਰ ਵਾਰ ਪੈਰੋਲ ਦੇਣਾ ਅਤੇ ਹੁਣ ਕਤਲ ਕੇਸ ਵਿਚੋਂ ਬਰੀ ਕਰ ਦੇਣਾ ਅਦਾਲਤੀ ਫੈਸਲੇ ਦੀ ਬਜਾਏ, ਸਪਸ਼ਟ ਤੌਰ ‘ਤੇ ਇਕ ਸਿਆਸੀ ਫੈਸਲਾ ਜਾਪਦਾ ਹੈ। ਜਿਥੇ ਲੰਬੇ ਅਰਸੇ ਤੋਂ ਸਜਾਵਾਂ ਭੁਗਤ ਰਹੇ ਸਿੱਖ ਤੇ ਇਨਕਲਾਬੀ ਕੈਦੀਆਂ ਨੂੰ ਸਜ਼ਾਵਾਂ ਪੂਰੀ ਹੋਣ ਦੇ ਬਾਵਜੂਦ ਵੀ ਰਿਹਾ ਨਹੀਂ ਕੀਤਾ ਜਾ ਰਿਹਾ। ਬਲਕਿ ਜੇਐਨਯੂ ਦੇ ਵਿਦਿਆਰਥੀ ਆਗੂ ਉਮਰ ਖਾਲਿਦ , ਜ਼ੋ ਪੰਜ ਸਾਲ ਤੋਂ ਜੇਲ ਵਿਚ ਬੰਦ ਹੈ, ਉਸ ਖਿਲਾਫ ਨਾ ਕੇਸ ਚਲਾਇਆ ਜਾ ਰਿਹਾ ਹੈ ਤੇ ਨਾ ਹੀ ਉਸ ਨੂੰ ਜ਼ਮਾਨਤ ਦਿੱਤੀ ਜਾ ਰਹੀ ਹੈ। ਉਥੇ ਰਾਮ ਰਹੀਮ ਤੇ ਉਸ ਦੇ ਸਾਥੀ ਚਾਰ ਦੋਸ਼ੀਆਂ ਨੂੰ ਜਿਵੇਂ ਬਰੀ ਕੀਤਾ ਹੈ, ਉਹ ਲੱਖਾਂ ਲੋਕਾਂ ਦੀ ਨਿਗਾਹ ਵਿਚ ਇਨਸਾਫ਼ ਨਹੀਂ, ਬਲਕਿ ਇਨਸਾਫ ਦਾ ਕਤਲ ਹੈ। ਇਸ ਫੈਸਲੇ ਨੂੰ ਪੂਰੀ ਤਿਆਰੀ ਨਾਲ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਦਾ ਚਾਹੀਦੀ ਹੈ।