ਗੁਰਦਾਸਪੁਰ, 23 ਅਪ੍ਰੈਲ (ਸਰਬਜੀਤ ਸਿੰਘ)– ਅੱਜ ਇੱਥੇ ਸੀ ਪੀ ਆਈ ਐਮ ਐਲ ਲਿਬਰੇਸ਼ਨ ਦਫ਼ਤਰ ਵਿਖੇ ਦੁਨੀਆਂ ਦੇ ਮਹਾਨ ਸਿਧਾਂਤਕਾਰ,ਮਹਾਨ ਇਨਕਲਾਬੀ ਅਤੇ ਰੂਸੀ ਇਨਕਲਾਬ ਦੇ ਪਿਤਾਮਾ ਕਾਮਰੇਡ ਲੈਨਿਨ ਦੇ ਜਨਮ ਦਿਨ ਸਮੇਂ 22ਅਪਰੈਲ 1969 ਨੂੰ ਬਣਾਈ ਗਈ ਪਾਰਟੀ ਸੀ ਪੀ ਆਈ ਐਮ ਐਲ ਦਾ 55 ਵਾਂ ਜਨਮ ਦਿਵਸ ਇਨਕਲਾਬੀ ਸੰਘਰਸ਼ ਤੇਜ਼ ਕਰਨ ਦਾ ਅਹਿਦ ਕਰਕੇ ਮਨਾਇਆ ਗਿਆ।ਇਸ ਸਮੇਂ ਪਾਰਟੀ ਦੇ ਇਤਿਹਾਸ ਬਾਰੇ ਬੋਲਦਿਆਂ ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਗੁਲਜ਼ਾਰ ਸਿੰਘ ਭੁੰਬਲੀ, ਸੁਖਦੇਵ ਸਿੰਘ ਭਾਗੋਕਾਵਾਂ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਭਾਰਤੀ ਇਨਕਲਾਬ ਦੀ ਜੰਗ ਵਿੱਚ ਪਾਰਟੀ ਹਜ਼ਾਰਾਂ ਕੁਰਬਾਨੀਆਂ ਦੇ ਚੁੱਕੀ ਹੈ।ਇਸ ਸਮੇਂ ਪਾਰਟੀ ਸਾਹਮਣੇ ਸੱਭ ਤੋਂ ਵਡਾ ਮੁੱਦਾ ਆਰ ਐਸ ਐਸ ਅਤੇ ਭਾਜਪਾ ਦੇ ਫਾਸਿਸਟ ਮਨਸੂਬਿਆਂ ਦਾ ਵਿਰੋਧ ਕਰਦਿਆਂ ਦੇਸ ਦੇ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਦਾ ਹੈ। ਜਿਸ ਤਰ੍ਹਾਂ ਮੋਦੀ ਸਰਕਾਰ ਨੇ ਸੰਵਿਧਾਨਕ ਸੰਸਥਾਵਾਂ ਚੋਣ ਕਮਿਸ਼ਨ,ਈਡੀ,ਸੀ ਬੀ ਆਈ, ਨਿਆਂ ਪਾਲਿਕਾ ਅਤੇ ਫੌਜ ਨੂੰ ਆਪਣੇ ਰਾਜਨੀਤਕ ਹਿੱਤਾਂ ਲਈ ਵਰਤੋਂ ਵਿਚ ਲਿਆਂਦਾ ਹੈ ਉਹ ਸੰਕੇਤ ਹੈ ਕਿ ਜੇਕਰ ਤੀਸਰੀ ਦਫਾ ਮੋਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਦੇਸ਼ ਦਾ ਸੰਵਿਧਾਨ ਅਤੇ ਲੋਕਤੰਤਰ ਖੱਤਮ ਕਰ ਦਿੱਤਾ ਜਾਵੇਗਾ ਅਤੇ ਦੇਸ਼ ਦੇ ਲੋਕਾਂ ਉਪਰ ਹਿੰਦੂਤਵੀ ਫਾਸ਼ੀਵਾਦ ਠੋਸ ਦਿੱਤਾ ਜਾਵੇਗਾ। ਮੌਜੂਦਾ ਸਥਿਤੀ ਵਿਚ ਦੇਸ਼ ਦੀਆਂ ਵਿਰੋਧੀ ਧਿਰਾਂ, ਸੱਚੇ ਸੁੱਚੇ ਦੇਸ਼ਭਗਤਾਂ, ਦੇਸ਼ ਹਿੱਤੂ ਬੁਧੀਜੀਵੀਆਂ ਅਤੇ ਆਮ ਜਨਤਾ ਨੂੰ ਭਾਜਪਾ ਨੂੰ ਹਰਾਉਣ ਅਤੇ ਇੰਡੀਆ ਗਠਜੋੜ ਨੂੰ ਜਿਤਾਉਣ ਲਈ ਕੰਮ ਕਰਨਾ ਚਾਹੀਦਾ ਹੈ। ਬੱਖਤਪੁਰਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਅਤੇ ਪੰਜਾਬ ਵਿਚ ਇੰਡੀਆ ਗਠਜੋੜ ਦਾ ਹਿੱਸਾ ਹੋਣ ਕਰਕੇ ਇਡੀਆ ਗਠਜੋੜ ਦੇ ਉਮੀਦਵਾਰਾਂ ਦੀ ਸਰਗਰਮੀ ਨਾਲ ਹਮਾਇਤ ਕਰੇਗੀ, ਪੰਜਾਬ ਵਿੱਚ ਇਸ ਗਠਜੋੜ ਦੀਆਂ ਦੋ ਪਾਰਟੀਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਵੱਖ ਵੱਖ ਚੋਣਾਂ ਲੜਨ ਕਰਕੇ ਪਾਰਟੀ ਹਰ ਹਲਕੇ ਵਿੱਚ ਦੋਨਾਂ ਪਾਰਟੀਆਂ ਚੋਂ ਸੰਭਾਵਿਤ ਜੇਤੂ ਉਮੀਦਵਾਰ ਦੇ ਹੱਕ ਵਿੱਚ ਭੁਗਤੇਗੀ। ਉਨ੍ਹਾਂ ਸੰਭਾਵਨਾ ਪ੍ਰਗਟ ਕੀਤੀ ਕਿ ਭਾਜਪਾ 200 ਦੇ ਆਸ ਪਾਸ ਹੀ ਸੀਟਾਂ ਲਿਜਾ ਸਕੇਗੀ ਅਤੇ ਇੰਡੀਆ ਗਠਜੋੜ ਸਰਕਾਰ ਬਣਾਉਣ ਦੇ ਨੇੜੇ ਤੇੜੇ ਪਹੁੰਚ ਜਾਵੇਗਾ।ਇਸ ਸਮੇਂ ਮੰਗਲ ਸਿੰਘ ਧਰਮਕੋਟ, ਬਲਬੀਰ ਸਿੰਘ ਮੂਧਲ, ਵਿਜੇ ਕੁਮਾਰ ਸੋਹਲ, ਸੁਰਜੀਤ ਸਿੰਘ ਬਾਜਵਾ, ਨਿਰਮਲ ਸਿੰਘ ਛੱਜਲਵੱਡੀ, ਦਲਬੀਰ ਭੋਲਾ ਮਲਕਵਾਲ, ਬਲਬੀਰ ਉਂਚਾ ਧਕਾਲਾ, ਕੁਲਵੰਤ ਸਿੰਘ ਰਾਮਦੀਵਾਲੀ ਅਤੇ ਬਚਨ ਸਿੰਘ ਮਸਾਣੀਆਂ ਹਾਜ਼ਰ ਸਨ।