23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਇਨਕਲਾਬੀ ਕਾਨਫਰੰਸ ਸਮਾਪਤ ਹੋਈ, ਸੈਂਕੜੇ ਕਰਮਚਾਰੀਆਂ ਨੇ ਆਪਣੇ ਪਰਿਵਾਰਾਂ ਸਹਿਤ ਕੀਤੀ ਸ਼ਿਰਕਤ
ਭਗਤ ਸਿੰਘ ਇੱਕ ਨਾਮ ਨਹੀਂ ਬਲਕਿ ਇੱਕ ਵਿਚਾਰ ਹੈ ਜਿਸਨੇ ਸ਼ੋਸ਼ਿਤ ਸਮਾਜ ਵਿੱਚ ਕ੍ਰਾਂਤੀ ਪੈਦਾ ਕੀਤੀ-ਕਾਮਰੇਡ ਗੁਰਮੀਤ ਸਿੰਘ ਬਖਤਪੁਰਾ
ਕਪੂਰਥਲਾ, ਗੁਰਦਾਸਪੁਰ, 22 ਮਾਰਚ (ਸਰਬਜੀਤ ਸਿੰਘ)– ਭਾਰਤ ਸਰਕਾਰ ਦੀ ਨੀਤੀ ਦੀ ਦੁਹਾਈ ਦੇ ਕੇ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਆਊਟਸੋਰਸਿੰਗ ਰਾਹੀਂ ਘਟੀਆ ਕੁਆਲਿਟੀ ਦੀ ਸਮੱਗਰੀ ਦੀ ਵਰਤੋਂ ਕਰਕੇ ਘਟੀਆ ਗੁਣਵੱਤਾ ਦੇ ਡੱਬਿਆਂ ਦਾ ਨਿਰਮਾਣ ਕਰਨਾ, ਮਹੱਤਵਪੂਰਨ ਤੇ ਟੇਕਨੀਕਲ ਕੰਮਾਂ ਨੂੰ ਠੇਕੇਦਾਰੀ ਸਿਸਟਮ ਦੇ ਹਵਾਲੇ ਕਰ ਕੇ ਫੈਕਟਰੀ ਅਤੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਹਮੇਸ਼ਾ ਖਤਰੇ ਰੱਖਣਾ, ਘਟੀਆ ਮਸ਼ੀਨਰੀ ਖਰੀਦ ਕੇ ਦੇਸ਼ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਉਣਾ, ਸਿਵਲ, ਸਟੋਰ, ਪਲਾਂਟ ਆਦਿ ਵਿਭਾਗਾਂ ਵਿੱਚ ਭ੍ਰਿਸ਼ਟਾਚਾਰ ਆਦਿ ਵਿਰੁੱਧ ਫੈਕਟਰੀ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਦਾ ਬਿਗਲ ਵਜਾਉਣਾ ਪਵੇਗਾ, ਤਾਂ ਹੀ ਅਸੀਂ ਆਪਣਾ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਕੁਝ ਹੱਦ ਤੱਕ ਸੁਰੱਖਿਅਤ ਕਰ ਸਕਦੇ ਹਾਂ, ਇਹ ਸ਼ਬਦ ਆਰ.ਸੀ.ਐਫ ਇਮਪਲਾਈਜ ਯੂਨੀਅਨ ਦੇ ਸਰਪ੍ਰਸਤ ਪਰਮਜੀਤ ਸਿੰਘ ਖਾਲਸਾ ਨੇ ਸਥਾਨਕ ਵਰਕਰ ਕਲੱਬ ਵਿੱਚ ਯੂਨੀਅਨ ਵੱਲੋਂ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਗਏ “ਇਨਕਲਾਬ ਸਮਾਗਮ” ਵਿੱਚ ਸੈਂਕੜੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੰਬੋਧਨ ਕਰਦਿਆਂ ਕਹੇ। ਕਿਸਾਨ ਅੰਦੋਲਨ ਅਤੇ ਟਰੇਡ ਯੂਨੀਅਨ ਸੰਘਰਸ਼ ਨੂੰ ਜੋੜਦਿਆਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਕ੍ਰਾਂਤੀਕਾਰੀ ਕਵੀ ਪਾਸ਼ ਅਤੇ ਉਨ੍ਹਾਂ ਦੇ ਮਿੱਤਰ ਹੰਸਰਾਜ ਦੇ ਸ਼ਹੀਦੀ ਦਿਹਾੜੇ ‘ਤੇ ਮਹਾਨ ਨਾਟਕਕਾਰ ਭਾਜੀ ਗੁਰਸ਼ਰਨ ਸਿੰਘ ਦੀ ਰਚਨਾ ਅਤੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਨਾਟਕ “ਧਮਕ ਨਗਾਰੇ ਦੀ” ਬਾਖੂਬੀ ਪੇਸ਼ ਕੀਤਾ ਗਿਆ, ਜੋ ਔਰੰਗਜ਼ੇਬ ਸ਼ਾਸਨ ਦੌਰਾਨ ਮਹਾਨ ਲੋਕ ਆਗੂ ਦੁੱਲੇ ਭੱਟੀ ਦੇ ਸੰਘਰਸ਼ਮਈ ਜੀਵਨ ‘ਤੇ ਆਧਾਰਿਤ ਸੀ, ਜਿਸ ਨੇ ਸੁਨੇਹਾ ਦਿੱਤਾ ਸੀ ਕਿ ‘ਜਦ ਤੱਕ ਸੰਸਾਰ ਅੰਦਰ ਲੁੱਟ-ਖਸੁੱਟ ਜਾਰੀ ਰਹੇਗੀ, ਉਦੋਂ ਤੱਕ ਇਹ ਜੰਗ ਜਾਰੀ ਰਹੇਗੀ।”

ਆਲ ਇੰਡੀਆ ਸੈਂਟਰਲ ਕੌਂਸਲ ਆਫ ਟਰੇਡ ਯੂਨੀਅਨ, ਪੰਜਾਬ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਬਖਤਪੁਰਾ ਨੇ ਸ਼ਹੀਦ ਭਗਤ ਸਿੰਘ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਭਗਤ ਸਿੰਘ ਸਿਰਫ਼ ਇੱਕ ਨਾਮ ਨਹੀਂ ਸਗੋਂ ਇੱਕ ਵਿਚਾਰ ਹੈ ਜਿਸ ਨੇ ਸ਼ੋਸ਼ਿਤ ਸਮਾਜ ਅੰਦਰ ਇਨਕਲਾਬ ਪੈਦਾ ਕਰਕੇ ਲੋਕਾਂ ਨੂੰ ਆਜ਼ਾਦੀ ਦਿਵਾਈ। ਇਸ ਵਿਚਾਰ ਨੇ ਸਾਨੂੰ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੀ ਹਿੰਮਤ ਬਣਾਈ, ਜਿਸ ਕਾਰਨ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਪਰ ਮੌਜੂਦਾ ਸਮੇਂ ਵਿਚ ਹਿਟਲਰ ਦੇ ਸਾਮਰਾਜੀ ਰਾਹ ‘ਤੇ ਚੱਲਦਿਆਂ ਭਾਰਤ ਸਰਕਾਰ ਨੇ ਦੇਸ਼ ਨੂੰ ਫਿਰਕੂਵਾਦ, ਖੇਤਰੀਵਾਦ, ਜਾਤ-ਪਾਤ, ਆਰਥਿਕ, ਭਾਸ਼ਾਵਾਦ, ਵਰਗ ਆਦੀ ਪੱਖੋਂ ਵੰਡਿਆ ਜਾ ਰਿਹਾ ਹੈ। ਜਿਸ ਦੇ ਬਲਬੂਤੇ ਉਨ੍ਹਾਂ ਦੀਆਂ ਸਿਆਸੀ ਇੱਛਾਵਾਂ ਦੀ ਪੂਰੀਆਂ ਕੀਤੀ ਜਾ ਰਹੀ ਹੈ, ਜਿਸ ਦੇ ਸਿੱਟੇ ਵਜੋਂ ਦੇਸ਼ ਵਿਚ ਬੇਰੁਜ਼ਗਾਰੀ, ਮਹਿੰਗਾਈ ਅਤੇ ਗਰੀਬੀ ਸਿਖਰਾਂ ‘ਤੇ ਪਹੁੰਚ ਚੁੱਕੀ ਹੈ। ਗੁਰਮੀਤ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਵਿੱਤ ਮੰਤਰੀ ਮਨਮੋਹਨ ਸਿੰਘ ਵੱਲੋਂ 1991 ਵਿੱਚ ਲਿਆਂਦੀਆਂ ਆਰਥਿਕ ਨਵ-ਉਦਾਰਵਾਦੀ ਨੀਤੀਆਂ ਕਾਰਨ ਹੋ ਰਿਹਾ ਹੈ, ਜਿਸ ਨੂੰ ਹੁਣ ਭਾਜਪਾ ਸਰਕਾਰ ਬੜੀ ਸੁਚੱਜੇ ਢੰਗ ਨਾਲ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਰੇਲ ਕੋਚ ਫੈਕਟਰੀ ਵਿੱਚ ਟਰੇਡ ਯੂਨੀਅਨ ਸੰਘਰਸ਼ ਦਾ ਲੰਮਾ ਇਤਿਹਾਸ ਹੈ, ਇੱਥੋਂ ਦੇ ਲੋਕਾਂ ਨੇ ਠੇਕੇਦਾਰੀ, ਨਿੱਜੀਕਰਨ/ਕਾਰਪੋਰੇਟਾਈਜ਼ੇਸ਼ਨ ਆਦਿ ਵਿਰੁੱਧ ਬਹੁਤ ਵੱਡੀਆਂ ਲੜਾਈਆਂ ਲੜੀਆਂ ਅਤੇ ਜਿੱਤੀਆਂ ਹਨ। ਭਵਿੱਖ ਵਿੱਚ ਵੀ ਆਰ.ਸੀ.ਐਫ ਇੰਪਲਾਈਜ ਯੂਨੀਅਨ ਅਤੇ ਰੇਲਵੇ ਕਰਮਚਾਰੀ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਅਤੇ ਆਮ ਲੋਕ ਵਿਰੋਧੀ ਨੀਤੀਆਂ ਵਿਰੁੱਧ ਵੱਡੇ ਸੰਘਰਸ਼ਾਂ ਵਿੱਚ ਅਹਿਮ ਰੋਲ ਅਦਾ ਕਰਨਗੇ।
ਆਰ.ਸੀ.ਐਫ ਇੰਪਲਾਈਜ ਯੂਨੀਅਨ ਦੇ ਜਥੇਬੰਦਕ ਸਕੱਤਰ ਭਰਤ ਰਾਜ ਨੇ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਅਤੇ ਕਿਹਾ ਕਿ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਨੇ ਟਰੇਡ ਯੂਨੀਅਨ ਆਗੂਆਂ ਨੂੰ ਆਮ ਲੋਕਾਂ ਨਾਲੋਂ ਵੱਧ ਸੂਝਵਾਨ ਕਿਹਾ ਸੀ ਕਿਉਂਕਿ 1924 ਦੇ ਫ਼ਿਰਕੂ ਦੰਗਿਆਂ ਬਾਰੇ ਲਿਖੇ ਇੱਕ ਲੇਖ ਵਿੱਚ ਸ. ਭਗਤ ਸਿੰਘ ਨੇ ਕਿਹਾ ਕਿ ਕੋਲਕਾਤਾ ਵਿੱਚ ਟਰੇਡ ਯੂਨੀਅਨ ਦੇ ਆਗੂਆਂ ਨੇ ਦੰਗਿਆਂ ਵਿੱਚ ਹਿੱਸਾ ਨਹੀਂ ਲਿਆ ਤੇ ਹਿੰਦੂ-ਮੁਸਲਿਮ ਏਕਤਾ ਪੈਦਾ ਕਰਕੇ ਹਿੰਸਕ ਮਾਹੌਲ ਨੂੰ ਸ਼ਾਂਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
ਇਨਕਲਾਬ ਸਮਾਗਮ ਵਿੱਚ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੀ ਸੱਭਿਆਚਾਰਕ ਟੀਮ ਵੱਲੋਂ ਇਨਕਲਾਬੀ ਕੋਰੀਓਗ੍ਰਾਫੀ “ਕੋੜੀ ਮੂਲ ਨਾ ਪਾਇਆ ਭਗਤ ਸਿੰਘ ਤੇਰੀ ਕੁਰਬਾਨੀ ਦਾ” ਪੇਸ਼ ਕੀਤੀ ਗਈ ਤੇ ਛੋਟੇ ਬੱਚਿਆਂ ਅਤੇ ਨੌਜਵਾਨ ਦੋਸਤਾਂ ਵੱਲੋਂ ਇਨਕਲਾਬੀ ਗੀਤ-ਸੰਗੀਤ ਦੇ ਪੇਸ਼ ਕੀਤੇ ਗਏ।
ਇਨਕਲਾਬੀ ਸਮਾਗਮ ਵਿੱਚ , ਇੰਜੀਨੀਅਰਿੰਗ ਐਸੋਸੀਏਸ਼ਨ, ਡਾ. ਬੀ.ਆਰ. ਅੰਬੇਡਕਰ ਸੁਸਾਇਟੀ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਕਮੇਟੀ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬਚਿੱਤਰ ਸਿੰਘ, ਜਸਪਾਲ ਸਿੰਘ ਸੇਖੋਂ, ਹਰਵਿੰਦਰ ਪਾਲ, ਮਨਜੀਤ ਸਿੰਘ ਬਾਜਵਾ, ਪ੍ਰਦੀਪ ਸਿੰਘ, ਸ਼ਰਨਜੀਤ ਸਿੰਘ, ਹਰਵਿੰਦਰ ਪਾਲ, ਅਵਤਾਰ ਸਿੰਘ, ਅਨਿਲ ਕੁਮਾਰ, ਚੰਦਰਭਾਨ, ਨਿਰਮਲ ਸਿੰਘ, ਸੰਦੀਪ ਕੁਮਾਰ, ਸੰਜੀਵ ਕੁਮਾਰ, ਰਾਜਿੰਦਰ ਕੁਮਾਰ, ਸਾਕੇਤ ਕੁਮਾਰ ਯਾਦਵ, ਸਰਬਜੀਤ ਸਿੰਘ, ਗੁਲਜ਼ਾਰ ਸਿੰਘ, ਵਿਨੋਦ ਕੁਮਾਰ , ਧਰਮਪਾਲ, ਸੁਨੀਲ ਕਸ਼ਯਪ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਪੰਕਜ ਕੁਮਾਰ, ਸੰਜੇ ਕੁਮਾਰ ਆਦਿ ਮਿੱਤਰਾਂ ਨੇ ਸ਼ਮੂਲੀਅਤ ਕੀਤੀ।


