ਜ਼ਿਲੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਹਫਤਾਵਾਰੀ ਵਿਸ਼ੇਸ ਬੱਸ ਰਵਾਨਾ-ਯਾਤਰੀਆਂ ਨੇ ਦਸਤਾਵੇਜੀ ਫਿਲਮ ਵੇਖੀ

ਪੰਜਾਬ

ਗੁਰਦਾਸਪੁਰ, 26 ਜੁਲਾਈ (ਸਰਬਜੀਤ)— ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ,  ਦੀ ਅਗਵਾਈ ਹੇਠ ਜ਼ਿਲਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵਲੋਂ ਜ਼ਿਲੇ ਦੇ ਇਤਿਹਿਾਸਕ ਤੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਹਫਤਾਵਾਰੀ ਵਿਸ਼ੇਸ ਬੱਸ ਪੰਚਾਇਤ ਭਵਨ ਗੁਰਦਾਸਪੁਰ ਤੋਂ ਰਵਾਨਾ ਕੀਤੀ ਗਈ।

ਇਸ ਸਬੰਧੀ ਗੱਲ ਕਰਦਿਆਂ ਐਸ.ਡੀ.ਐਮ ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੋਰ ਘੁੰਮਣ ਨੇ ਦੱਸਿਆ ਡਿਪਟੀ ਕਮਿਸਨਰ ਗੁਰਦਾਸਪੁਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਵਿਸ਼ੇਸ ਯਾਤਰਾ ਬੱਸ ਰਾਹੀਂ ਲੋਕਾਂ ਨੂੰ ਬਹੁਤ ਸਹੂਲਤ ਮਿਲੀ ਹੈ ਅਤੇ ਲੋਕ ਪ੍ਰਸ਼ਾਸਨ ਦੇ ਇਸ ਉਪਰਾਲੇ ਤੋਂ ਖੁਸ਼ ਹਨ। ਉਨਾਂ ਕਿਹਾ ਕਿ ਗੁਰਦਾਸਪੁਰ ਜਿਲੇ ਨੂੰ ਸੈਰ ਸਪਾਟਾ ਵਜੋਂ ਪ੍ਰਫੁੱਲਤ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਵਿਸ਼ੇਸ ਯਤਨ ਕੀਤੇ ਗਏ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਵਿਸ਼ੇਸ ਬੱਸਾਂ ਰਾਹੀਂ ਵੱਧ ਤੋਂ ਵੱਧ ਯਾਤਰਾ ਕਰਨ ਦੀ ਅਪੀਲ ਵੀ ਕੀਤੀ।

ਇਸ ਮੌਕੇ ਯਾਤਰੀਆਂ ਨੇ ਛੋਟਾ ਘੱਲੂਘਾਰਾ ਯੁੱਧ ਦੀ ਦਸਤਾਵੇਜ਼ੀ ਫਿਲਮ ਵੇਖੀ ਤੇ ਸਮਾਰਕ ਵਿਚ ਸਥਾਪਤ ਕੀਤੀ ਲਾਇਬ੍ਰੇਰੀ ਵਿਖੇ ਵੀ ਇਤਿਹਾਸਕ ਪੁਸਤਕਾਂ ਪੜ੍ਹੀਆਂ। ਮੁਫ਼ਤ ਬੱਸ ਯਾਤਰਾ ਰਾਹੀ ਯਾਤਰੀਆਂ ਨੂੰ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਅਤੇ ਛੋਟਾ ਘੱਲੂਘਾਰਾ ਗੁਰਦੁਆਰਾ ਸਾਹਿਬ, ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ, ਗੁਰਦਾਸ ਨੰਗਲ, ਸ਼ਿਵ ਮੰਦਿਰ ਕਲਾਨੋਰ, ਕਰਤਾਰਪੁਰ ਕੋਰੀਡੋਰ (ਦਰਸ਼ਨ ਸਥਲ), ਗੁਰਦੁਆਰਾ ਚੋਹਲਾ ਸਾਹਿਬ ਤੇ ਗੁਰਦੁਆਰਾ ਦਰਬਾਰ ਸਾਹਿਬ, ਜੋੜਾ ਛੱਤਰਾਂ, ਬਾਵਾ ਲਾਲ ਜੀ ਦੇ ਮੰਦਰ ਧਿਆਨਪੁਰ ਤੇ ਕੈਸ਼ੋਪੁਰ ਛੰਬ ਵਿਖੇ ਲਿਜਾਇਆ ਗਿਆ। ਦੱਸਣਯੋਗ ਹੈ ਕਿ ਕਿ 31 ਜਨਵਰੀ 2021 ਨੂੰ ਗੁਰਦਾਸਪੁਰ ਅਤੇ ਬਟਾਲਾ ਤੋਂ ਵਿਸ਼ੇਸ ਬੱਸਾਂ ਚਲਾਉਣ ਦੀ ਸ਼ੁਰੂਆਤ ਕੀਤੀ ਗਈ ਸੀ।

  ਬਿਆਸ ਦਰਿਆ ਨੇੜਲੇ ਟਾਪੂਨੁਮਾ ਪਿੰਡ ਮੋਜਪੁਰ ਲਈ ਵਿਸ਼ੇਸ ਬੱਸ ਰਵਾਨਾ

ਇਸੇ ਤਰਾਂ ਸਥਾਨਕ ਪੰਚਾਇਤ ਭਵਨ ਤੋਂ ਬਿਆਸ ਦਰਿਆ ਨੇੜਲੇ ਪਿੰਡ ਮੋਜਪੁਰ ਦੇ ਟਾਪੂਨੁਮਾ ਲਈ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਦੇ ਮੰਤਵ ਨਾਲ ਵਿਸ਼ੇਸ ਬੱਸ ਰਵਾਨਾ ਕੀਤੀ ਗਈ। ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਗੁਰਦਾਸਪੁਰ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਇਸ ਸਥਾਨ ਦਾ ਦੋਰਾ ਕੀਤਾ ਗਿਆ। ਪਿੰਡ ਮੋਜਪੁਰ ਜੋ ਬਿਆਸ ਦਰਿਆ ਦੇ ਬਿਲਕੁਲ ਨਜ਼ਦੀਕ ਹੈ ਅਤੇ ਇਥੇ ਲੰਘਦੇ ਬਿਆਸ ਦਰਿਆ ਦੇ ਵਿਚ ਇਕ ਟਾਪੂਨੁਮਾ ਖੇਤਰ ਹੈ, ਜਿਸ ਨੂੰ ਜਿਲਾ ਪ੍ਰਸ਼ਾਸਨ ਵਲੋਂ ਸੈਰ ਸਪਾਟਾ ਵਜੋਂ ਵਿਕਸਿਤ ਕਰਨ ਲਈ ਉਪਰਾਲੇ ਕੀਤੇ ਗਏ ਹਨ। ਵਿਭਾਗ ਦੇ ਮੈਂਬਰਾਂ ਵਲੋਂ ਡਿਪਟੀ ਕਮਿਸ਼ਨਰ ਵਲੋਂ ਸ਼ੁਰੂ ਕੀਤੇ ਗਏ ਉਪਰਾਲੇ ਦੀ ਭਰਵੀਂ ਸ਼ਲਾਘਾ ਕੀਤੀ ਗਈ। 

Leave a Reply

Your email address will not be published. Required fields are marked *