ਆਪ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਰਮਨ ਬਹਿਲ ਵਲੋਂ ਵੱਖ-ਵੱਖ ਪਿੰਡਾਂ ਦਾ ਦੌਰਾ

ਪੰਜਾਬ

ਗੁਰਦਾਸਪੁਰ, 3 ਅਗਸਤ (ਸਰਬਜੀਤ ਸਿੰਘ) —ਰਮਨ ਬਹਿਲ, ਸੀਨੀਅਰ ਆਪ ਆਗੂ ਅਤੇ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਇੰਚਾਰਜ ਵਲੋਂ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਬਰਸਾਤ ਨੂੰ ਮੁੱਖ ਰੱਖਦਿਆਂ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਕੇ ਹੱਲ ਕੀਤੀਆਂ ਗਈਆਂ। ਉਹ ਅੱਜ ਸਵੇਰੇ ਪਿੰਡ ਸਰਾਵਾਂ, ਦਾਖਲਾ, ਹਰਦਾਨ, ਲੋਲੋ ਨੰਗਲ, ਅਲੂਨਾ, ਹਰਦੋਛੰਨੀ ਤੇ ਖੋਖਰ ਰਾਜਪੂਤਾਂ ਵਿਖੇ ਪਹੁੰਚੇ ਤੇ ਕਿਸਾਨਾਂ/ਲੋਕਾਂ ਨਾਲ ਗੱਲਬਾਤ ਕੀਤੀ।
ਇਸ ਮੌਕੇ ਗੱਲ ਕਰਦਿਆਂ ਰਮਨ ਬਹਿਲ ਨੇ ਦੱਸਿਆ ਕਿ ਪਿਛਲੇ ਦਿਨਾਂ ਪੈ ਰਹੇ ਲਗਾਤਾਰ ਮੀਂਹ ਕਾਰਨ ਅਤੇ ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧਣ ਕਾਰਨ ਜਿਲੇ ਅੰਦਰ ਹੜ ਵਰਗੀ ਸਥਿਤੀ ਬਣ ਗਈ ਸੀ, ਜਿਸ ਨੂੰ ਮੁੱਖ ਰੱਖਦਿਆਂ ਉਹ ਪਿੰਡਾਂ ਦੇ ਲੋਕਾਂ ਨੂੰ ਮਿਲਣ ਆਏ ਹਨ। ਉਨਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਗੁਰਦਾਸਪੁਰ ਵਲੋਂ ਵੀ ਹੜ ਵਰਗੀ ਖਤਰੇ ਦੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਅਤੇ ਅਧਿਕਾਰੀਆਂ ਵਲੋਂ ਲਗਾਤਾਰ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਇਸ ਮੌਕੇ ਪਿੰਡ ਰਧਾਨ, ਨੰਗਲ, ਮੁਕੰਦਪੁਰ, ਚੱਗੋਵਾਲ ਤੇ ਖੋਖਰ ਦੇ ਲੋਕਾਂ ਨੇ ਰਮਨ ਬਹਿਲ ਦੇ ਧਿਆਨ ਵਿਚ ਲਿਆਂਦਾ ਕਿ (ਕਿਰਨ ਨਾਲੇ) ਮਗਰਮੂਦੀਆਂ ਤੋਂ ਸ਼ੁਰੂ ਹੁੰਦੀ ਹੋਈ ਆਲੇਚੱਕ ਡਰੇਨ ਪਿੰਡ ਰਧਾਨ (ਹਰਦਾਨ) ਤਹਿਸੀਲ ਜਿਲਾ ਗੁਰਦਾਸਪੁਰ ਵਿਚ ਖਤਮ ਕਰ ਦਿੱਤੀ ਗਈ ਹੈ। ਇਸ ਪਿੰਡ ਤੋਂ ਅੱਗੇ ਇਕ ਕੁਦਰਤੀ ਨਾਲਾ ਚੱਲ ਰਿਹਾ ਹੈ, ਜਿਸਦੀ ਸਫਾਈ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈ ਹੈ। ਜਿਸ ਦੇ ਸਿੱਟੇ ਵਜੋਂ ਪਿੰਡ ਰਧਾਨ, ਨੰਗਲ, ਖੋਖਰ, ਮੁਕੰਦਪੁਰ, ਚੱਗੋਵਾਲ ਤੇ ਹਰਦੋਛੰਨੀਆਂ ਅਤੇ ਹੋਰ ਕਈ ਪਿੰਡ ਇਸ ਕੁਦਰਤੀ ਨਾਲੇ ਨਾਲ ਲੱਗਦੇ ਕਈ ਪਿੰਡਾਂ ਦੀ ਜ਼ਮੀਨ ਬਰਸਾਤ ਦੇ ਪਾਣੀ ਦੀ ਮਾਰ ਹੇਠ ਆ ਚੁੱਕੀ ਹੈ ਤੇ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ। ਉਨਾਂ ਕਿਹਾ ਕਿ ਇਸ ਕੁਦਰਤੀ ਨਾਲੇ ਦੀ ਸਫਾਈ ਪਿੰਡ ਰਧਾਨ ਤੋ ਡੇਹਰੀਵਾਲ ਤੱਕ ਕਰਵਾਈ ਜਾਵੇ ਤਾਂ ਜੋ ਪਾਣੀ ਦਾ ਨਿਕਾਸ ਹੋ ਸਕੇ ਤੇ ਕਿਸਾਨਾਂ ਦੀ ਫਸਲਾ ਬਰਬਾਦ ਹੋਣ ਤੋਂ ਬੱਚ ਸਕਣ।
ਰਮਨ ਬਹਿਲ ਵਲੋਂ ਪਿੰਡ ਵਾਸੀਆਂ ਦੀਆਂ ਮੁਸ਼ਕਿਲ ਸੁਣਨ ਉਪਰੰਤ ਕਿਸਾਨਾਂ/ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਕੋਲ ਇਹ ਮਸਲਾ ਉਠਾਉਣਗੇ। ਉਨਾਂ ਕਿਹਾ ਕਿ ਆਪ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ’ਤੇ ਹੱਲ ਕੀਤੀਆਂ ਜਾਣਗੀਆਂ। ਇਸ ਮੌਕੇ ਉਨਾਂ ਲੋਕਾਂ ਦੀ ਹੋਰ ਮੁਸ਼ਕਿਲਾਂ ਵੀ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਮੌਕੇ ’ਤੇ ਹੱਲ ਕਰਨ ਲਈ ਕਿਹਾ।
ਰਮਨ ਬਹਿਲ ਨੇ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਅਤੇ ਹਲਕੇ ਦੇ ਵਾਲੰਟੀਅਰ ਕਿਸਾਨਾਂ ਦੇ ਨਾਲ ਖੜੇ ਹਨ ਅਤੇ ਉਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਬਰਸਾਤ ਦੇ ਪਾਣੀ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡਾਂ ਦੇ ਲੋਕਾਂ/ਕਿਸਾਨਾਂ ਨਾਲ ਲਗਾਤਾਰ ਤਾਲਮੇਲ ਬਣਾ ਕੇ ਰੱਖਣ ਅਤੇ ਉਨਾਂ ਦੀ ਮੁਸ਼ਕਿਲ ਪਹਿਲ ਦੇ ਆਧਾਰ ’ਤੇ ਹੱਲ ਕੀਤੀ ਜਾਵੇ। ਇਸ ਮੌਕੇ ਨਾਇਬ ਤਹਿਸੀਲਦਾਰ ਹਿਰਦੇ ਪਾਲ, ਬੀਡੀਪੀਓ ਬਲਜੀਤ ਸਿੰਘ, ਪੰਚਾਇਤ ਸਕੱਤਰ, ਜੇਈ ਪੰਚਾਇਤੀ ਰਾਜ ਅਤੇ ਆਪ ਪਾਰਟੀ ਦੇ ਵਲੰਟੀਅਰ ਅਤੇ ਪਿੰਡਾਂ ਦੇ ਮੋਹਤਬਾਰ ਵਿਅਕਤੀ ਆਦਿ ਵੀ ਮੋਜੂਦ ਸਨ।

Leave a Reply

Your email address will not be published. Required fields are marked *