ਗੁਰਦਾਸਪੁਰ, 26 ਅਕਤੂਬਰ (ਸਰਬਜੀਤ ਸਿੰਘ)– ਭਾਰਤ ਵਿੱਚ ਇੱਕ ਕੱਚੇ ਮਜਦੂਰ ਦੀ ਔਸਤ ਦਿਹਾੜੀ ਸਿਰਫ 403 ਰੁਪਈਏ ਹੈ ਜੋਕਿ ਤਕਰੀਬਨ 12 ਹਜਾਰ ਰੁਪਈਆ ਪ੍ਰਤੀ ਮਹੀਨਾ ਬਣਦੀ ਹੈ ਜੇਕਰ ਮਜਦੂਰ ਨੂੰ 30 ਦਿਨ ਕੰਮ ਮਿਲੇ (ਜੋ ਬਹੁਤੇ ਕੱਚੇ ਮਜਦੂਰਾਂ ਲਈ ਸੰਭਵ ਨਹੀਂ ਹੈ)।
- ਭਾਰਤ ਵਿਚ ਪੱਕੇ ਮਜਦੂਰਾਂ ਦੀ ਤਨਖਾਹ ਔਸਤਨ 19 ਹਜਾਰ ਰੁਪਏ ਮਹੀਨਾ ਬਣਦੀ ਹੈ।
- ਇਹ ਦੋਵੇਂ ਉਪਰ ਦਿੱਤੇ ਅੰਕੜੇ ਔਸਤਨ ਦਿਹਾੜੀ ਤੇ ਤਨਖਾਹ ਦੇ ਹਨ। ਜਾਹਿਰ ਹੈ ਕਿ ਕਿੰਨੇ ਹੀ ਮਜਦੂਰਾਂ ਨੂੰ ਇਸ ਤੋਂ ਵੀ ਕਿਤੇ ਘੱਟ ਦਿਹਾੜੀ ਤੇ ਤਨਖਾਹ ਮਿਲਦੀ ਹੈ।
- ਇਹ ਅੰਕੜਾ ਵੀ ਸਾਹਮਣੇ ਆਇਆ ਹੈ ਕਿ ਪਿਛਲੇ 5 ਸਾਲਾਂ ਦੌਰਾਨ ਜਿੰਨੀ ਮਹਿੰਗਾਈ ਵਧੀ ਹੈ ਉਸ ਤੋਂ ਕਿਤੇ ਘੱਟ ਸਵੈ ਰੁਜਗਾਰ ਉੱਤੇ ਲੱਗੇ ਲੋਕਾਂ ਤੇ ਤਨਖਾਹਦਾਰ ਮਜਦੂਰਾਂ ਦੀ ਆਮਦਨੀ ਵਿੱਚ ਵਾਧਾ ਹੋਇਆ ਹੈ ਜਾਣੀ ਕੁੱਲ ਮਿਲਾਕੇ ਇਹਨਾਂ ਦੀ ਅਸਲ ਆਮਦਨੀ ਵਿੱਚ ਘਾਟਾ ਹੀ ਦਰਜ ਹੋਇਆ ਹੈ।
ਵਧਦੀ ਮਹਿੰਗਾਈ ਤੇ ਲੋਕਾਈ ਦੀਆਂ ਭੈੜੀਆਂ ਜੀਵਨ ਹਾਲਤਾਂ ਨੂੰ ਦੇਖਦਿਆਂ ਦੋਹੇਂ ਭਾਰਤ ਸਰਕਾਰ ਤੇ ਵੱਖੋ ਵੱਖ ਸੂਬਿਆਂ ਦੀਆਂ ਸਰਕਾਰਾਂ ਦਾ ਕਾਰਜ ਤਾਂ ਇਹੋ ਬਣਦਾ ਹੈ ਕਿ ਸਰਮਾਏਦਾਰਾਂ ਉੱਤੇ ਮੋਟੇ ਟੈਕਸ ਠੋਕਕੇ ਜਨਤਕ ਸਹੂਲਤਾਂ ਦਾ ਪਸਾਰਾ ਕੀਤਾ ਜਾਵੇ ਪਰ ਸਰਕਾਰਾਂ ਇਸ ਤੋਂ ਉਲਟ ਜਨਤਕ ਸਹੂਲਤਾਂ ਦਾ ਘੇਰਾ ਘਟਾਉਣ, ਸਰਮਾਏਦਾਰਾਂ ਦੇ ਸਿਰਾਂ ਉੱਤੇ ਟੈਕਸਾਂ ਦਾ ਬੋਝ ਚੁੱਕਕੇ ਲੋਕਾਂ ਸਿਰ ਲੱਦ ਰਹੀਆਂ ਹਨ। ਹਰ ਤਰਾਂ ਦੀਆਂ ਵੋਟ ਬਟੋਰੂ ਪਾਰਟੀਆਂ ਇਹਨਾਂ ਲੋਟੂ ਸਰਮਾਏਦਾਰਾਂ ਦੀਆਂ ਹੀ ਚਾਕਰ ਹਨ। ਤਰ੍ਹਾਂ ਤਰ੍ਹਾਂ ਦੇ ਵੋਟ ਮਦਾਰੀਆਂ ਦੀ ਥਾਂ ਲੋਕਾਈ ਨੂੰ ਆਪਣੇ ਹਿੱਤਾਂ ਲਈ ਆਪਣੇ ਜਥੇਬੰਦ ਘੋਲ਼ਾਂ ਉੱਤੇ ਹੀ ਟੇਕ ਰੱਖਣੀ ਪਵੇਗੀ।
ਲਲਕਾਰ ਤੋਂ ਧੰਨਵਾਦ ਸਹਿਤ


