ਗੁਰਦਾਸਪੁਰ, 22 ਅਕਤੂਬਰ (ਸਰਬਜੀਤ ਸਿੰਘ)– ਬੀਤੀ ਰਾਤ ਜੇ ਐਂਡ ਕੇ ਪੁਲਸ ਨੇ ਇਸਰਾਇਲ ਵਲੋਂ ਗਾਜ਼ਾ ‘ਤੇ ਅੰਨੇਵਾਹ ਬੰਬਾਰੀ ਕਰਕੇ ਲਗਾਤਾਰ ਬੇਕਸੂਰ ਫਿਲਸਤੀਨੀ ਨਾਗਰਿਕਾਂ ਦਾ ਕਤਲੇਆਮ ਕਰਨ ਖ਼ਿਲਾਫ਼ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਲਈ ਜੰਮੂ ਸ਼ਹਿਰ ਤੇ ਇਸ ਦੇ ਆਸ ਪਾਸ ਤੋਂ 30 ਤੋਂ ਵੱਧ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਆਗੂਆਂ, ਵਰਕਰਾਂ ਅਤੇ ਮਜ਼ਦੂਰ ਤੇ ਜਮਹੂਰੀ ਜਥੇਬੰਦੀਆਂ ਦੇ ਕਾਰਕੁੰਨਾਂ ਨੂੰ ਘਰਾਂ ‘ਤੇ ਛਾਪਾਮਾਰੀ ਕਰਕੇ ਹਿਰਾਸਤ ਵਿਚ ਲੈਣ ਅਤੇ ਲਿਬਰੇਸ਼ਨ ਦੀ ਜੰਮੂ ਕਸ਼ਮੀਰ ਇਕਾਈ ਦੇ ਸਕੱਤਰ ਕਾਮਰੇਡ ਨਿਰਦੋਸ਼ ਉੱਪਲ ਨੂੰ ਗੰਭੀਰ ਰੂਪ ਵਿਚ ਬੀਮਾਰ ਕਿਉਂ ਹੋਣ ਦੇ ਬਾਵਜੂਦ ਘਰ ਵਿਚ ਨਜ਼ਰਬੰਦ ਕਰਨ ਦੀ ਪਾਰਟੀ ਦੀ ਪੰਜਾਬ ਇਕਾਈ ਨੇ ਸਖ਼ਤ ਨਿੰਦਾ ਕੀਤੀ ਹੈ।
ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਨੇ ਦਸਿਆ ਕਿ ਸਾਡੀ ਪਾਰਟੀ ਵਲੋਂ ਕੁਝ ਹੋਰ ਜਮਹੂਰੀ ਸੰਗਠਨਾਂ ਨਾਲ ਮਿਲ ਕੇ ਫਲੀਸਤੀਨ ਦੀ ਲੰਬੀ ਇਸਰਾਇਲੀ ਘੇਰਾਬੰਦੀ ਕਾਰਨ ਪਹਿਲੋਂ ਹੀ ਦਹਾਕਿਆਂ ਤੋਂ ਬਹੁਤ ਬੁਰੀ ਹਾਲਤ ਜਿਉ ਰਹੇ ਆਮ ਫ਼ਲਸਤੀਨੀ ਨਾਗਰਿਕਾਂ – ਖਾਸ ਕਰ ਬੇਕਸੂਰ ਬੱਚਿਆਂ, ਔਰਤਾਂ, ਬੀਮਾਰਾਂ ਤੇ ਬਜੁਰਗਾਂ ਨੂੰ ਲਗਾਤਾਰ ਗੋਲਾਬਾਰੀ ਤੇ ਬੰਬਾਰੀ ਰਾਹੀਂ ਕਤਲ ਤੇ ਨਸਲਕੁਸ਼ੀ ਕਰਨ ਖ਼ਿਲਾਫ਼ 21 ਅਕਤੂਬਰ ਨੂੰ ਜੰਮੂ ਵਿਖੇ ਇਕ ਸ਼ਾਂਤ ਮਈ ਰੋਸ ਵਿਖਾਵਾ ਕਰਨ ਦਾ ਐਲਾਨ ਕੀਤਾ ਸੀ। ਪਰ ਪੁਲਸ ਨੇ ਬੀਤੀ ਰਾਤ ਘਰਾਂ ‘ਤੇ ਛਾਪੇ ਮਾਰ ਕੇ ਜਿਥੇ ਲਿਬਰੇਸ਼ਨ ਦੇ ਬੀਮਾਰ ਪਏ ਸੂਬਾ ਸਕੱਤਰ ਕਾਮਰੇਡ ਨਿਰਦੋਸ਼ ਉੱਪਲ ਨੂੰ ਘਰ ‘ਵਿਚ ਨਜਰਬੰਦ ਕਰ ਦਿੱਤਾ , ਉਥੇ ਪਾਰਟੀ ਦੇ ਜੰਮੂ ਜ਼ਿਲੇ ਦੇ ਸਕੱਤਰ ਕਾਮਰੇਡ ਸੁਭਾਸ਼ ਮਹਿਤਾ, ਆਲ ਇੰਡੀਆ ਸੈਂਟਰਲ ਕੌਂਸਿਲ ਆਫ ਟਰੇਡ ਯੂਨੀਅਨਜ਼ ਦੇ ਪ੍ਰਧਾਨ ਕਾਮਰੇਡ ਓਮ ਪ੍ਰਕਾਸ਼ ਸਨਿਆਲ ਸਮੇਤ ਰਿਪੋਰਟ ਮਿਲਣ ਤੱਕ ਜਮਹੂਰੀ ਤੇ ਮਜ਼ਦੂਰ ਸੰਗਠਨਾਂ ਦੇ 30 ਤੋਂ ਵੱਧ ਸਰਗਰਮ ਆਗੂਆਂ ਨੂੰ ਗ੍ਹਿਫਤਾਰ ਕਰ ਲਿਆ ਹੈ ਅਤੇ ਪ੍ਰਦਰਸ਼ਨ ਸਥਾਨ ‘ਤੇ ਭਾਰੀ ਪੁਲਸ ਫੋਰਸ ਤਾਇਨਾਤ ਕਰ ਰੱਖੀ ਹੈ।
ਬਿਆਨ ਵਿਚ ਵਿੱਚ ਕਿਹਾ ਗਿਆ ਕਿ ਫਲੀਸਤੀਨੀਆ ਦੇ ਹੱਕ ਵਿੱਚ ਖੜ੍ਹੇ ਹੋਣਾ ਭਾਰਤੀਆਂ ਦਾ ਜਮਹੂਰੀ ਹੱਕ ਹੈ ਜਿਸ ਕਾਰਨ ਲਿਬਰੇਸ਼ਨ ਵਰਕਰਾਂ ਨੂੰ ਰੈਲੀ ਅਤੇ ਮੁਜ਼ਾਹਰਾ ਕਰਨ ਤੋ ਰੋਕਣਾ ਜਮਹੂਰੀਅਤ ਵਿਰੋਧੀ ਕਾਰਵਾਈ ਹੈ ਲਿਬਰੇਸ਼ਨ ਨੇ ਹਿਰਾਸਤ ਵਿਚ ਲਏ ਸਾਰੇ ਆਗੂਆਂ ਨੂੰ ਤੁਰੰਤ ਰਿਹਾ ਕਰਨ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਇਕ ਪਾਸੇ ਮੋਦੀ ਸਰਕਾਰ ਭਾਰਤ ਨੂੰ ਸੰਸਾਰ ਦੀ ਸਭ ਤੋਂ ਵੱਡੀ ਜਮਹੂਰੀਅਤ ਐਲਾਨਦੀ ਹੈ , ਪਰ ਦੂਜੇ ਪਾਸੇ ਇਕ ਹਸਪਤਾਲ ਉਤੇ ਬੰਬ ਸੁੱਟ ਕੇ 500 ਤੋਂ ਵੱਧ ਬੀਮਾਰਾਂ ਤੇ ਮਜਬੂਰ ਲੋਕਾਂ ਦੀ ਜਾਨ ਲੈਣ ਵਾਲੇ ਇਸਰਾਈਲ ਦੀ ਨਸਲਵਾਦੀ ਨੇਤਨਯਾਹੂ ਸਰਕਾਰ ਖ਼ਿਲਾਫ਼ ਜੰਮੂ ਕਸ਼ਮੀਰ ਵਿਚ ਸ਼ਾਂਤੀ ਪੂਰਨ ਵਿਖਾਵਾ ਕਰਨ ਉਤੇ ਵੀ ਪਾਬੰਦੀ ਲਾਈ ਜਾ ਰਹੀ ਹੈ। ਇਹ ਮੋਦੀ ਅਤੇ ਜੰਮੂ ਕਸ਼ਮੀਰ ਹਕੂਮਤ ਦੀ ਇਕ ਬੇਹੱਦ ਸ਼ਰਮਨਾਕ ਕਾਰਵਾਈ ਹੈ, ਜਿਸ ਦਾ ਜਵਾਬ ਦੇਸ਼ ਦੀ ਜਨਤਾ ਉਸ ਨੂੰ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਜ਼ਰੂਰ ਦੇਵੇਗੀ।