ਕਨੈਡਾ, ਗੁਰਦਾਸਪੁਰ, 8 ਅਕਤੂਬਰ (ਸਰਬਜੀਤ ਸਿੰਘ)– ਇਕ ਬੰਦਾ ਵੀ ਵੱਡਾ ਫਰਕ ਪਾ ਸਕਦਾ: ਸਵਾ ਕੁ ਸਾਲ ਲੱਗਿਆ ਪਰ ਸਿਟੀ ਆਫ ਬਰੈਂਪਟਨ ਨੇ ਇਕ ਬੰਦੇ ਦੀ ਦਲੀਲ ਸੁਣੀ, ਆਪਣਾ ਕਾਨੂੰਨ (136) ਸੋਧਿਆ ਜਿਸ ਨਾਲ਼ ਗੱਡੀਆਂ ਵਿੱਚੋਂ ਉੱਚੀ ਅਵਾਜ ਕੱਢਣ ਵਾਲੇ ਸਲੰਸਰ ਫਿੱਟ ਕਰਨ ਦੀ ਸ਼ਹਿਰ ਵਿੱਚ ਸਥਿਤ ਕਾਰੋਬਾਰਾਂ/ਮਕੈਨਕਾਂ ਉਪਰ ਵੀ ਪਾਬੰਦੀ ਲੱਗ ਗਈ ਹੈ। ਇਸ ਕਾਨੂੰਨ ਦੀ ਢਿੱਲ ਨੂੰ ਫਿਕਸ ਕਰਨ ਲਈ ਬੀਤੇ ਸਾਲ ਅਪ੍ਰੈਲ ਮਹੀਨੇ ਵਿੱਚ ਮੈਂ (ਸਤਪਾਲ ਸਿੰਘ ਜੌਹਲ) ਨੇ ਪੀਲ ਪੁਲਿਸ ਤੋਂ ਬਾਅਦ ਬਰੈਂਪਟਨ ਦੇ ਲਾਈਸੈਂਸਿੰਗ ਡਿਪਾਰਟਮੈਂਟ ਕੋਲ਼ ਗੱਡੀਆਂ ਦੀਆਂ ਉੱਚੀ ਅਵਾਜਾਂ ਕੱਢਣ ਲਈ ਫਿੱਟ ਕਰਾਏ ਹੋਏ ਸਲੰਸਰਾਂ ਦੇ ਜੁਰਮਾਨੇ ਦੇ ਨਾਲ਼ ਨਾਲ਼ ਸਲੰਸਰ ਲਗਾ ਕੇ ਦੇਣ ਵਾਲੇ ਮਕੈਨਿਕਾਂ ਵਿਰੁੱਧ ਵੀ ਰੋਕ ਲਗਾਉਣ ਦੀ ਲੋੜ ਬਾਰੇ ਆਪਣਾ ਵਿਚਾਰ ਦਰਜ ਕਰਵਾਇਆ ਸੀ। ਬਰੈਂਪਟਨ ਦੀ ਸਿਟੀ ਕੌਂਸਲ, ਮੇਅਰ ਅਤੇ ਸਟਾਫ ਦਾ ਧੰਨਵਾਦ ਕਰਨਾ ਬਣਦਾ ਹੈ ਕਿ ਹੁਣ ਸੋਧੇ ਹੋਏ ਬਾਈਲਾਅ-136 ਤਹਿਤ ਰਾਤ 9 ਵਜੇ ਤੋਂ ਸਵੇਰ 7 ਵਜੇ ਤੱਕ ਘਰਾਂ ਦੇ ਬਾਹਰ ਗੱਡੀਆਂ ਦੀ ਮੁਰੰਮਤ ਕਰਨ, ਅਤੇ ਘਾਹ ਕੱਟਣ ਭਾਵ ਉੱਚੀ ਅਵਾਜਾਂ ਨਾਲ਼ ਲੋਕਾਂ ਨੂੰ ਸਤਾਉਣ ਉਪਰ ਵੀ ਪਾਬੰਦੀ ਲਗਾਈ ਗਈ ਹੈ। ਵੀਕਏਂਡ ਦੌਰਾਨ ਤਾਂ ਚੌਗਿਰਦੇ ਵਿੱਚ ਸਵੇਰੇ 9 ਵਜੇ ਤੱਕ ਮਾਹੌਲ ਸ਼ਾਂਤ ਬਣਾ ਕੇ ਰੱਖਣ ਜਰੂਰੀ ਹੈ। ਚੇਤੇ ਰੱਖਿਓ, ਮੈਲ਼ ਘੱਟ ਕਰਨ ਲਈ ਇਕ ਬੰਦਾ ਵੀ ਮਿਹਨਤ ਕਰਨ ਦਾ ਸਿਰੜ ਕਾਇਮ ਰੱਖੇ ਤਾਂ ਨਿਖਾਰ ਵੀ ਆਉਂਦਾ ਹੈ। ਬਾਕੀ ਤੁਸੀਂ ਆਪ ਸਿਆਣੇ ਹੋ ਜੀ।
(ਸਤਪਾਲ ਸਿੰਘ ਜੌਹਲ)