ਅਫਰੀਕੀ ਮੁਲਕਾਂ ਵਿੱਚ ਫੌਜੀ ਪਲਟੇ ਤੇ ਪੱਛਮੀ ਸਾਮਰਾਜੀਆਂ ਖਿਲਾਫ ਨਫਰਤ

ਗੁਰਦਾਸਪੁਰ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ)– 30 ਅਗਸਤ ਦੇ ਦਿਨ ਪੱਛਮੀ ਅਫਰੀਕੀ ਮੁਲਕ ਗਾਬੋਨ ਵਿੱਚ ਫੌਜ ਨੇ ਤਖਤਾਪਲਟ ਕਰਦਿਆਂ ਸਦਰ ਅਲੀ ਬੌਂਗੋ ਨੂੰ ਗੱਦੀਓਂ ਲਾਹ ਦਿੱਤਾ। ਇਸ ਤਰ੍ਹਾਂ ਬੌਂਗੋ ਪਰਿਵਾਰ ਦਾ ਇਸ ਛੋਟੇ ਦੇਸ਼ ਦੀ ਰਾਜਸੱਤਾ ’ਤੇ 56 ਸਾਲਾਂ ਤੋਂ ਚੱਲਿਆ ਆ ਰਿਹਾ ਰਾਜ ਖਤਮ ਹੋ ਗਿਆ। ਗਾਬੋਨ ਦੇਸ਼ ਵਿੱਚ ਰਾਜਪਲਟਾ ਪੱਛਮੀ ਤੇ ਕੇਂਦਰੀ ਅਫਰੀਕੀ ਮੁਲਕਾਂ ਵਿੱਚ 2020 ਤੋਂ ਸ਼ੁਰੂ ਹੋਏ ਪਲਟਿਆਂ ਦੀ ਲੜੀ ਦਾ ਹੀ ਹਿੱਸਾ ਹੈ ਜਿਸ ਤਹਿਤ ਹੁਣ ਤੱਕ ਕੁੱਲ ਅੱਠ ਮੁਲਕਾਂ ਵਿੱਚ ਓਥੋਂ ਦੀਆਂ ਪੱਛਮ ਪ੍ਰਸਤ ਸਰਕਾਰਾਂ ਨੂੰ ਫੌਜ ਵੱਲ਼ੋਂ ਪਲਟਾਕੇ ਸੱਤਾ ਆਪਣੇ ਹੱਥਾਂ ਵਿੱਚ ਲਈ ਗਈ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ਦੇ ਅਖੀਰ ਵਿੱਚ ਨੇੜਲੇ ਮੁਲਕ ਨਾਇਜਰ ਵਿੱਚ ਵੀ ਫੌਜ ਨੇ ਤਖਤਾਪਲਟ ਕਰ ਦਿੱਤਾ ਸੀ। ਇਹ ਰਾਜਪਲਟੇ ਖਾਸਕਰ ਸਾਮਰਾਜੀ ਫਰਾਂਸ ਦੀਆਂ ਸਾਬਕਾ ਬਸਤੀਆਂ ਰਹੇ ਅਫਰੀਕੀ ਮੁਲਕਾਂ ਵਿੱਚ ਹੋਏ ਹਨ ਤੇ ਫਰਾਂਸੀਸੀ ਸਾਮਰਾਜ ਦੀ ਹੁਣ ਤੱਕ ਜਾਰੀ ਲੁੱਟ ਖਿਲਾਫ ਲੋਕਾਂ ਦੇ ਗੁੱਸੇ ਦਾ ਸਪੱਸ਼ਟ ਸੰਕੇਤ ਹਨ। ਇਸ ਮਸਲੇ ਨੂੰ ਸਮਝਣ ਲਈ ਸੰਖੇਪ ਵਿੱਚ ਅਫਰੀਕੀ ਮਹਾਂਦੀਪ ਦੀ ਹੋਈ ਬਸਤੀਵਾਦੀ ਲੁੱਟ ਦੇ ਇਤਿਹਾਸ ਨੂੰ ਜਾਨਣਾ ਜਰੂਰੀ ਹੈ।

ਅਫਰੀਕੀ ਮਹਾਂਦੀਪ ਦੇ ਲੋਕਾਂ ਨੇ ਲੰਬਾ ਸਮਾਂ ਯੂਰਪੀ ਮੁਲਕਾਂ ਦੀ ਥੋਪੀ ਬਸਤੀਵਾਦੀ ਗੁਲਾਮੀ ਦਾ ਸੰਤਾਪ ਭੋਗਿਆ ਹੈ। 1885 ਵਿੱਚ ਹੋਈ ਬਰਲਿਨ ਕਾਨਫਰੰਸ ਵਿੱਚ ਯੂਰਪੀ ਬਸਤੀਵਾਦੀਆਂ ਨੇ ਪੂਰੇ ਅਫਰੀਕੀ ਮਹਾਂਦੀਪ ਨੂੰ ਆਪਸ ਵਿੱਚ ਵੰਡ ਲਿਆ ਸੀ ਜਿਸ ਮਗਰੋਂ ਇਹਨਾਂ ਯੂਰਪੀ ਬਸਤੀਵਾਦੀਆਂ (ਫਰਾਂਸ, ਜਰਮਨੀ, ਬੈਲਜੀਅਮ, ਇੰਗਲੈਂਡ, ਪੁਰਤਗਾਲ, ਇਟਲੀ ਆਦਿ) ਦਾ ਪੂਰੇ ਮਹਾਂਦੀਪ ’ਤੇ ਲੱਗਭੱਗ ਮੁਕੰਮਲ ਕਬਜਾ ਹੋ ਗਿਆ ਸੀ। ਇਹਨਾਂ ਬਸਤੀਵਾਦੀ ਹਾਕਮਾਂ ਨੇ ਅਫਰੀਕੀ ਮਹਾਂਦੀਪ ਨੂੰ ਰੱਜਕੇ ਲੁੱਟਿਆ ਤੇ ਐਥੋਂ ਇਕੱਠੀ ਕੀਤੀ ਦੌਲਤ ਨਾਲ਼ ਆਪਣੇ ਘਰ ਭਰੇ।

ਵੀਹਵੀਂ ਸਦੀ ਦੇ ਅੱਧ ਤੋਂ ਸ਼ੁਰੂ ਹੋਈਆਂ ਕੌਮੀ ਮੁਕਤੀ ਲਹਿਰਾਂ ਦੇ ਨਤੀਜੇ ਵਜੋਂ ਬਹੁਤ ਸਾਰੇ ਅਫਰੀਕੀ ਮੁਲਕ ਅਗਲੇ ਦੋ-ਤਿੰਨ ਦਹਾਕਿਆਂ ਅੰਦਰ ਸਿਆਸੀ ਤੌਰ ’ਤੇ ਤਾਂ ਅਜਾਦ ਹੋ ਗਏ ਪਰ ਆਰਥਿਕ ਤੌਰ ’ਤੇ ਇਹਨਾਂ ਦੀ ਵੱਧ-ਘੱਟ ਨਿਰਭਰਤਾ ਸਾਮਰਾਜੀ ਪ੍ਰਬੰਧ ’ਤੇ ਬਣੀ ਰਹੀ। ਮਿਸਾਲ ਦੇ ਤੌਰ ’ਤੇ ਸਿਆਸੀ ਅਜਾਦੀ ਮਿਲ਼ਣ ਤੋਂ ਬਾਅਦ ਵੀ ਦੱਖਣੀ ਅਫਰੀਕੀ ਮੁਲਕ ਸਵਾਜੀਲੈਂਡ ਦੇ ਲੋਹ ਖਣਿਜਾਂ ਦੀ ਮਾਲਕੀ ਅਮਰੀਕੀ ਤੇ ਅੰਗਰੇਜ ਸਰਮਾਏਦਾਰਾਂ ਦੀ ਸਾਂਝੀ ਮਲਕੀਅਤ ਵਾਲ਼ੀ ਕੰਪਨੀ ਕੋਲ਼ ਰਹੀ। ਇਸੇ ਤਰ੍ਹਾਂ ਸਵਿਟਜਰਲੈਂਡ ਅਧਾਰਿਤ ਖਣਨ ਕੰਪਨੀ ਗਲੈਨਕੋਰ ਕੋਬਾਲਟ ਧਾਤ ਦੀ ਸਭ ਤੋਂ ਵੱਡੀ ਵਪਾਰਕ ਹੈ ਤੇ ਜਮਹੂਰੀ ਗਣਰਾਜ ਕਾਂਗੋ ਦੇ ਕੋਬਾਲਟ ਵਪਾਰ ਉੱਪਰ ਇਸਦਾ ਪੂਰਾ ਦਬਦਬਾ ਹੈ ਭਾਵੇਂ ਪਿਛਲੇ ਸਾਲਾਂ ਵਿੱਚ ਇਸ ਨੂੰ ਚੀਨੀ ਕੰਪਨੀਆਂ ਕੋਲ਼ੋਂ ਤਕੜਾ ਮੁਕਾਬਲਾ ਮਿਲ਼ ਰਿਹਾ ਹੈ।

ਅਫਰੀਕੀ ਮਹਾਂਦੀਪ ਦੀ ਲੁੱਟ ਵਿੱਚ ਫਰਾਂਸੀਸੀ ਤੇ ਅਮਰੀਕੀ ਸਾਮਰਾਜੀਆਂ ਦਾ ਵੱਡਾ ਹਿੱਸਾ ਰਿਹਾ ਹੈ ਜਿਸ ਉੱਪਰ ਥੋੜ੍ਹੀ ਚਰਚਾ ਕਰਨੀ ਜਰੂਰੀ ਹੈ ਕਿਉਂਜੋ ਜਿਹਨਾਂ ਮੁਲਕਾਂ ਵਿੱਚ ਹਾਲੀਆ ਰਾਜਪਲਟੇ ਹੋਏ ਹਨ ਇਹ ਸਾਰੇ ਫਰਾਂਸ ਦੀਆਂ ਸਾਬਕਾ ਬਸਤੀਆਂ ਰਹੇ ਹਨ।

ਅਫਰੀਕੀ ਮਹਾਂਦੀਪ ਵਿੱਚ ਫਰਾਂਸੀਸੀ ਬਸਤੀਵਾਦੀਆਂ ਦੇ ਜੁਲਮ ਅਕਹਿ ਹਨ। ਅਲਜੀਰੀਆ ਦੇ ਅਜਾਦੀ ਘੋਲ਼ ’ਤੇ ਇਹਨਾਂ ਸਾਮਰਾਜੀਆਂ ਵੱਲ਼ੋਂ ਕੀਤਾ ਜਬਰ ਕਿਸੇ ਨਸਲਕੁਸ਼ੀ ਤੋਂ ਘੱਟ ਨਹੀਂ ਸੀ। ਇਸੇ ਤਰ੍ਹਾਂ ਬਰਕੀਨਾ ਫਾਸੋ, ਜਿੱਥੇ ਪਿਛਲੇ ਸਮੇਂ ਵਿੱਚ ਰਾਜਪਲਟਾ ਹੋਇਆ ਹੈ, ਦੇ ਉੱਘੇ ਸਿਆਸੀ ਆਗੂ ਥਾਮਸ ਸੰਕਾਰਾ ਨੂੰ ਵੀ ਫਰਾਂਸੀਸੀ ਸਾਮਰਾਜੀਆਂ ਨੇ 1987 ਵਿੱਚ ਤਖਤਾਪਲਟ ਰਾਹੀਂ ਕਤਲ ਕਰਵਾ ਦਿੱਤਾ ਸੀ। ਸੰਕਾਰਾ ਨੇ ਬਰਕੀਨਾ ਫਾਸੋ ਦਾ ਸਦਰ ਬਣਦਿਆਂ ਫਰਾਂਸੀਸੀ ਦਾਬੇ ਦਾ ਵਿਰੋਧ ਕੀਤਾ ਤੇ ਪੱਛਮੀ ਸਾਮਰਾਜ ਖਿਲਾਫ ਅਫਰੀਕੀ ਏਕੇ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਉਸਨੇ ਅਫਰੀਕਾ ਨੂੰ ਅਨਾਜ, ਊਰਜਾ, ਕੱਪੜੇ ਆਦਿ ਹਰ ਮਾਮਲੇ ਵਿੱਚ ਆਤਮ-ਨਿਰਭਰ ਬਣਾਉਣ ਦੀ ਵਕਾਲਤ ਕਰਨੀ ਸ਼ੁਰੂ ਕੀਤੀ ਤੇ ਕੌਮਾਂਤਰੀ ਮੁਦਰਾ ਕੋਸ਼ ਜਿਹੀਆਂ ਸੰਸਥਾਵਾਂ ਵੱਲੋਂ “ਰਾਹਤ” ਦੇ ਨਾਂ ’ਤੇ ਕੀਤੀ ਜਾਂਦੀ ਤੀਜੀ ਦੁਨੀਆਂ ਦੇ ਮੁਲਕਾਂ ਦੀ ਲੁੱਟ ਦਾ ਵੀ ਵਿਰੋਧ ਕੀਤਾ। ਜਾਹਰ ਹੈ ਇਹ ਸਭ ਪੱਛਮੀ ਸਾਮਰਾਜੀਆਂ ਨੂੰ ਵਾਰਾ ਨਹੀਂ ਸੀ ਖਾਂਦਾ, ਇਸ ਲਈ ਉਹਨਾਂ 1987 ਵਿੱਚ ਇਸ ਆਗੂ ਨੂੰ ਕਤਲ ਕਰਵਾ ਦਿੱਤਾ ਤੇ ਰਾਜਪਲਟੇ ਰਾਹੀਂ ਆਪਣਾ ਹਮਾਇਤੀ ਬਰਕੀਨਾ ਫਾਸੋ ਦੀ ਗੱਦੀ ਉੱਪਰ ਬਿਠਾ ਦਿੱਤਾ।

ਫਰਾਂਸ ਵੱਲੋਂ ਆਪਣੀਆਂ ਸਾਬਕਾ ਅਫਰੀਕੀ ਬਸਤੀਆਂ ਦੀ ਲੁੱਟ ਲਈ ਮੁਦਰਾ ਨੀਤੀ ਦੀ ਖਾਸ ਵਰਤੋਂ ਕੀਤੀ ਜਾਂਦੀ ਸੀ। ਪਹਿਲਾਂ ਮੁਦਰਾ ਸੀਐੱਫਏ ਫਰੈਂਕ (ਤੇ ਹੁਣ ਯੂਰੋ) ਦੀ ਦਰ ਨੂੰ ਕੰਟਰੋਲ ਕਰਕੇ ਫਰਾਂਸੀਸੀ ਹਾਕਮ ਇਸ ਨੂੰ ਆਪਣੀ ਲੁੱਟ ਦੇ ਸੰਦ ਵਜੋਂ ਵਰਤਦੇ ਸਨ। ਇਸ ਮੁਦਰਾ ’ਤੇ ਦੋ ਬੈਂਕਾਂ  ਕੇਂਦਰੀ ਅਫਰੀਕੀ ਰਾਜਾਂ ਦੀ ਬੈਂਕ ਤੇ ਪੱਛਮੀ ਅਫਰੀਕੀ ਰਾਜਾਂ ਦੀ ਕੇਂਦਰੀ ਬੈਂਕ ਦੀ ਇਜਾਰੇਦਾਰੀ ਹੈ ਜਿਹਨਾਂ ਨੂੰ ਸਮਝੌਤੇ ਤਹਿਤ ਆਪਣੇ ਮੁਦਰਾ ਭੰਡਾਰ ਫਰਾਂਸੀਸੀ ਖਜਾਨੇ ਵਿੱਚ ਜਮ੍ਹਾਂ ਕਰਵਾਉਣੇ ਪੈਂਦੇ ਹਨ। ਪਹਿਲਾਂ-ਪਹਿਲ ਤਾਂ ਅਫਰੀਕੀ ਮੁਲਕਾਂ ਨੂੰ ਆਪਣੇ 100% ਰਾਖਵੇਂ ਮੁਦਰਾ ਅਸਾਸੇ ਇਸ ਵਿੱਚ ਜਮ੍ਹਾਂ ਕਰਵਾਉਣੇ ਪੈਂਦੇ ਸਨ ਪਰ ਹੌਲ਼ੀ-ਹੌਲ਼ੀ ਇਹਨਾਂ ਪੱਛਮੀ ਤੇ ਉੱਤਰੀ ਅਫਰੀਕੀ ਮੁਲਕਾਂ ਵੱਲ਼ੋਂ ਅੜਨ ਕਰਕੇ ਇਹ ਦਰ 1973 ਵਿੱਚ 65% ਤੇ ਫੇਰ 2005 ਵਿੱਚ 50% ’ਤੇ ਲਿਆਂਦੀ ਗਈ। ਇਸ ਵਿੱਤੀ ਪ੍ਰਬੰਧ ਦਾ ਅਨੇਕਾਂ ਆਗੂਆਂ ਨੇ 1960’ਵਿਆਂ ਦੇ ਦਹਾਕੇ ਤੋਂ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਸੀ ਤੇ ਫਰੈਂਕ ਮੁਦਰਾ ਖੇਤਰ ਤੋਂ ਬਾਹਰ ਆਉਣ ਦੀ ਵਕਾਲਤ ਕੀਤੀ ਸੀ। ਇਹਨਾਂ ਆਗੂਆਂ ਵਿੱਚ ਗਿਨੀ ਦੇ ਅਹਿਮਦ ਟੋਰੇ, ਟੋਗੋ ਦੇ ਸਿਲਵਾਨੁਸ ਓਲੰਪਿਓ, ਮਾਲੀ ਦੇ ਮੋਡੀਬੋ ਕੀਟਾ ਤੇ ਕਈ ਹੋਰ ਸ਼ਾਮਲ ਸਨ। ਕਹਿਣ ਦੀ ਲੋੜ ਨਹੀਂ ਕਿ ਇਹਨਾਂ ਵਿੱਚੋਂ ਬਹੁਤੇ ਆਗੂਆਂ ਨੂੰ ਫਰਾਂਸੀਸੀ ਸਾਮਰਾਜੀਆਂ ਨੇ ਗਿ੍ਰਫਤਾਰ ਕੀਤਾ ਜਾਂ ਕਤਲ ਕਰਵਾ ਦਿੱਤਾ ਤੇ ਅਜਿਹੀ ਹਰ ਕੋਸ਼ਿਸ਼ ਨੂੰ ਠੱਪ ਕੀਤਾ। ਇਸੇ ਤਰ੍ਹਾਂ ਇਸ ਮਹਾਂਦੀਪ ਵਿੱਚ ਸਾਮਰਾਜੀ ਅਮਰੀਕਾ ਨੇ ਵੀ ਆਪਣੀ ਦਖਲਅੰਦਾਜੀ ਲਗਾਤਾਰ ਰੱਖੀ ਹੈ। ਮਹਾਂਦੀਪ ਦੇ 15 ਮੁਲਕਾਂ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਪੱਕੇ ਫੌਜੀ ਅੱਡੇ ਹਨ ਜਦਕਿ ਫਰਾਂਸ ਦੇ ਦਸ ਮੁਲਕਾਂ ਵਿੱਚ ਅਜਿਹੇ ਅੱਡੇ ਹਨ। ਅਮਰੀਕੀ ਅਗਵਾਈ ਵਿੱਚ ਨਾਟੋ ਫੌਜਾਂ ਵੱਲੋਂ ਲੀਬੀਆ ਦੀ ਕੀਤੀ ਤਬਾਹੀ ਇਹਨਾਂ ਸਾਮਰਾਜੀਆਂ ਦੀਆਂ ਕਰਤੂਤਾਂ ਦੀ ਉੱਘੀ ਗਵਾਹੀ ਹੈ।

ਅਸਲ ਵਿੱਚ ਪੱਛਮੀ ਤੇ ਕੇਂਦਰੀ ਅਫਰੀਕੀ ਖਿੱਤੇ (ਜਿਸ ਨੂੰ ਸਾਹਿਲ ਖੇਤਰ ਵੀ ਕਿਹਾ ਜਾਂਦਾ ਹੈ) ਦੀ ਕੁਦਰਤੀ ਸਰੋਤਾਂ ਪੱਖੋਂ ਬਹੁਤ ਮਹੱਤਤਾ ਹੈ। ਮਾਲੀ ਤੇ ਬਰਕੀਨਾ ਫਾਸੋ ਅਫਰੀਕਾ ਦੇ ਤੀਜੇ ਤੇ ਚੌਥੇ ਨੰਬਰ ਦੇ ਵੱਡੇ ਸੋਨ ਪੈਦਾਕਾਰ ਹਨ ਤੇ ਇਸ ਤੋਂ ਬਿਨਾਂ ਤਾਂਬਾ ਤੇ ਹੋਰ ਦੁਰਲੱਭ ਖਣਿਜ ਵੀ ਐਥੇ ਭਰਪੂਰ ਮਾਤਰਾ ਵਿੱਚ ਹਨ। ਬਰਕੀਨਾ ਫਾਸੋ ਦੀ ਸੋਨ ਸਨਅਤ ਇਕੱਲੀ ਹੀ ਸਲਾਨਾ 2 ਅਰਬ ਡਾਲਰ ਦਾ ਮੁਨਾਫਾ ਦਿੰਦੀ ਹੈ ਜਿਹੜਾ ਮੋਟੇ ਤੌਰ ਉੱਤੇ ਕਨੇਡੀਆਈ ਤੇ ਆਸਟਰੇਲੀਆਈ ਖਣਨ ਕੰਪਨੀਆਂ ਨੂੰ ਜਾਂਦਾ ਹੈ। ਇਸੇ ਤਰ੍ਹਾਂ ਨਾਈਜਰ ਵਿੱਚ ਯੂਰੇਨੀਅਮ ਦੇ ਭਰਪੂਰ ਭੰਡਾਰ ਹਨ ਜਿਹਨਾਂ ਨਾਲ਼ ਫਰਾਂਸ ਦੀ ਬਿਜਲੀ ਦਾ ਵੱਡਾ ਹਿੱਸਾ ਚੱਲਦਾ ਹੈ। ਇਸ ਪੂਰੇ ਮਹਾਂਦੀਪ ਵਿੱਚ ਦੁਨੀਆਂ ਦੇ 30% ਖਣਿਜ ਸਰੋਤ, 12% ਤੇਲ, 8% ਕੁਦਰਤੀ ਗੈਸ ਭੰਡਾਰ, 10% ਤਾਜੇ ਪਾਣੀ ਦੇ ਸਰੋਤ ਮੌਜੂਦ ਹਨ ਪਰ ਕੁਦਰਤ ਪੱਖੋਂ ਐਨਾ ਜਰਖੇਜ ਹੋਣ ਦੇ ਬਾਵਜੂਦ ਇਕੱਲੇ ਸਾਹਿਲ ਇਲਾਕੇ ਵਿੱਚ ਤਕਰੀਬਨ 2 ਕਰੋੜ ਲੋਕ ਭੁੱਖਮਰੀ ਦੇ ਕੰਢੇ ਜਿਉਂ ਰਹੇ ਹਨ।

2008-2021 ਦਰਮਿਆਨ ਇਸ ਖਿੱਤੇ ਵਿੱਚ ਜਿਹੜੇ ਫੌਜੀ ਪਲਟੇ ਹੋਏ ਉਹਨਾਂ ਨੇ ਮੁੱਖ ਤੌਰ ਉੱਤੇ ਪੱਛਮ ਪ੍ਰਸਤ ਸੱਤਾਵਾਂ ਨੂੰ ਤਾਕਤ ਵਿੱਚ ਲਿਆਂਦਾ। ਪਰ ਪਿਛਲੇ ਦੋ ਸਾਲਾਂ ਤੋਂ ਮਾਲੀ, ਬਰਕੀਨਾ ਫਾਸੋ, ਨਾਈਜਰ ਤੇ ਹੁਣ ਗਾਬੋਨ ਵਿੱਚ ਸੱਤਾ ਵਿੱਚ ਆਏ ਧੜੇ ਨੇ ਸਪੱਸ਼ਟ ਤੌਰ ਉੱਤੇ ਰੂਸ-ਚੀਨ ਸਾਮਰਾਜੀ ਧੜੇ ਵੱਲ ਝੁਕਾਅ ਜਾਹਰ ਕੀਤਾ ਹੈ ਜਿਸ ਤੋਂ ਪੱਛਮੀ ਸਾਮਰਾਜੀਆਂ ਦੀਆਂ ਫਿਕਰਾਂ ਵੱਧ ਗਈਆਂ ਹਨ। ਇਸੇ ਲਈ ਫਰਾਂਸ ਤੇ ਸੰਯੁਕਤ ਰਾਜ ਅਮਰੀਕਾ ਨੇ ਕੋਝਾ ਹੱਥਕੰਡਾ ਅਪਣਾਉਂਦਿਆਂ ਨਾਈਜਰ ਦੀ ਨਵੀਂ ਸੱਤਾ ਨੂੰ ਰਾਹਤ ਬੰਦ ਕਰ ਦਿੱਤੀ ਹੈ ਤਾਂ ਜੋ ਹੋਰਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਵੀ ਤਾੜਿਆ ਜਾ ਸਕੇ। ਬਦਲੇ ਵਿੱਚ ਨਾਈਜਰ ਨੇ ਵੀ ਅੜਦਿਆਂ ਫਰਾਂਸ ਨੂੰ ਯੂਰੇਨੀਅਮ ਤੇ ਸੋਨੇ ਦੀ ਸਾਰੀ ਬਰਾਮਦ ਉੱਤੇ ਰੋਕ ਲਾ ਦਿੱਤੀ ਹੈ। ਦੂਜੇ ਪਾਸੇ ਸ਼ਾਤਰ ਕੂਟਨੀਤੀ ਖੇਡਦਿਆਂ ਰੂਸ ਤੇ ਚੀਨ ਨੇ ਅਫਰੀਕੀ ਮੁਲਕਾਂ ਵੱਲ ਆਪਣੇ ਹੱਥ ਵਧਾਏ ਹਨ। ਰੂਸ ਨੇ ਪਹਿਲਾਂ ਅਫਰੀਕੀ ਮੁਲਕਾਂ ਵੱਲ ਆਪਣੇ ਕਰਜੇ ਨੂੰ ਟਾਲਣ ਦਾ ਐਲਾਨ ਕੀਤਾ ਤੇ ਮਗਰੋਂ ਅਨਾਜ ਤੇ ਤਕਨੀਕ ਦੇ ਖੇਤਰ ਵਿੱਚ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਦੂਸਰਾ, ਯੂਕਰੇਨ ਜੰਗ ਮਗਰੋਂ ਵਧੀਆਂ ਅਨਾਜ ਕੀਮਤਾਂ ਨੂੰ ਦੇਖਦਿਆਂ ਰੂਸ ਨੇ ਛੇ ਅਫਰੀਕੀ ਮੁਲਕਾਂ ਨੂੰ 50 ਹਜਾਰ ਟਨ ਮੁਫਤ ਅਨਾਜ ਵੀ ਭੇਜਿਆ। ਦੂਜੇ ਪਾਸੇ ਚੀਨ ਨੇ ਅਗਸਤ ਅਖੀਰ ਵਿੱਚ ਦੱਖਣੀ ਅਫਰੀਕਾ ਵਿੱਚ ਮੁਕੰਮਲ ਹੋਏ ਬਰਿਕਸ ਸੰਮੇਲਨ ਦੌਰਾਨ ਦਰਜਨ ਭਰ ਅਫਰੀਕੀ ਮੁਲਕਾਂ ਦੇ ਆਗੂਆਂ ਨਾਲ਼ ਮੁਲਾਕਾਤ ਕਰਦਿਆਂ ਚੀਨ-ਅਫਰੀਕਾ ਸਹਿਯੋਗ ਤੇ ਵਪਾਰ ਨੂੰ ਹੋਰ ਹੁਲਾਰਾ ਦੇਣ ਦੀ ਗੱਲ ਦੁਹਰਾਈ।

ਕਹਿਣ ਦਾ ਭਾਵ ਇਹ ਕਿ ਪੱਛਮੀ ਸਾਮਰਾਜੀਆਂ ਤੇ ਰੂਸ-ਚੀਨ ਦੀ ਸਾਮਰਾਜੀ ਧੁਰੀ ਦਰਮਿਆਨ ਚੱਲ ਰਿਹਾ ਖਹਿਭੇੜ ਇਸ ਸਮੇਂ ਅਫਰੀਕਾ ਦੇ ਸਾਹਿਲ ਇਲਾਕੇ ਵਿੱਚ ਵੀ ਸਪੱਸ਼ਟ ਰੂਪ ਵਿੱਚ ਖੇਡਿਆ ਜਾਂਦਾ ਨਜਰ ਆਉਂਦਾ ਹੈ। ਅਫਰੀਕੀ ਮੁਲਕਾਂ ਵਿੱਚ ਯੂਰਪੀ, ਖਾਸਕਰ ਫਰਾਂਸੀਸੀ, ਤੇ ਅਮਰੀਕੀ ਸਾਮਰਾਜੀਆਂ ਵੱਲੋਂ ਕੀਤੀ ਤਬਾਹੀ ਕਾਰਨ ਆਮ ਲੋਕਾਂ ਵਿੱਚ ਇਹਨਾਂ ਪੱਛਮੀ ਸਾਮਰਾਜੀਆਂ ਖਿਲਾਫ ਅੰਤਾਂ ਦੀ ਨਫਰਤ ਹੈ ਜਿਹੜੀ ਗਾਹੇ-ਬਗਾਹੇ ਦਿਸ ਵੀ ਰਹੀ ਹੈ। ਪਰ ਰੂਸ-ਚੀਨ ਦੇ ਅਫਰੀਕਾ ਨਾਲ਼ “ਸਹਿਯੋਗ ਤੇ ਵਿਕਾਸ” ਦੀਆਂ ਗੱਲਾਂ ਪਿੱਛੇ ਆਪਣੇ ਸਾਮਰਾਜੀ ਹਿੱਤ ਲੁਕੇ ਹੋਏ ਹਨ। ਅਸਲ ਹਕੀਕਤ ਇਹ ਹੈ ਕਿ ਜਰਖੇਜ ਅਫਰੀਕਾ ਦੀ ਸਾਮਰਾਜੀ ਲੁੱਟ ਉਦੋਂ ਹੀ ਮੁਕੰਮਲ ਬੰਦ ਹੋ ਸਕਦੀ ਹੈ ਜਦੋਂ ਐਥੇ ਇਨਕਲਾਬੀ ਤਬਦੀਲੀ ਰਾਹੀਂ ਸਾਮਰਾਜ ਤੋਂ ਮੁਕਤ ਸਮਾਜਵਾਦੀ ਸੱਤ੍ਹਾ ਆਵੇ। ਸਾਮਰਾਜੀਆਂ ਦੇ ਇੱਕ ਜਾਂ ਦੂਜੇ ਧੜੇ ਨਾਲ਼ ਰਹਿਕੇ ਅਫਰੀਕਾ ਦੇ ਕਿਰਤੀ ਲੋਕਾਂ ਦੇ ਨਾ ਤਾਂ ਦੁੱਖ ਕੱਟੇ ਜਾਣੇ ਹਨ ਤੇ ਨਾ ਇਸ ਖਿੱਤੇ ਵਿੱਚ ਅਮਨ ਸ਼ਾਂਤੀ ਕਾਇਮ ਹੋਣੀ ਹੈ।

ਲਲਕਾਰ ਤੋਂ ਧੰਨਵਾਦ ਸਹਿਤ

Leave a Reply

Your email address will not be published. Required fields are marked *