ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ `ਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਦਿਵਿਆਂਗ ਅਮਨਦੀਪ ਸਿੰਘ ਨੂੰ ਦਿੱਤੀ ਗਈ ਵੀਲ੍ਹਚੇਅਰ

ਗੁਰਦਾਸਪੁਰ

ਗੁਰਦਾਸਪੁਰ, 16 ਸਤੰਬਰ (ਸਰਬਜੀਤ ਸਿੰਘ)– ਪਿੰਡ ਸਰਵਾਲੀ ਦਾ ਵਸਨੀਕ ਅਮਨਦੀਪ ਸਿੰਘ ਜੋ ਕਿ ਦਿਵਿਆਂਗ ਹੋਣ ਕਾਰਨ ਚੱਲਣ-ਫਿਰਨ ਤੋਂ ਅਸਮਰੱਥ ਹੈ ਅੱਜ ਦੁਪਹਿਰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਗੁਰਦਾਸਪੁਰ ਵਿਖੇ ਪਹੁੰਚਿਆ। ਡਿਪਟੀ ਕਮਿਸ਼ਨਰ ਦੁਪਹਿਰ ਨੂੰ ਇੱਕ ਮੀਟਿੰਗ ਤੋਂ ਬਾਅਦ ਜਦੋਂ ਆਪਣੇ ਦਫ਼ਤਰ ਦੀਆਂ ਪੌੜੀਆਂ ਚੜ੍ਹਨ ਲੱਗੇ ਤਾਂ ਅਮਨਦੀਪ ਸਿੰਘ ਨੂੰ ਦੇਖ ਕੇ ਰੁਕ ਗਏ ਅਤੇ ਉਸ ਦੇ ਏਥੇ ਆਉਣ ਦਾ ਕਾਰਨ ਪੁੱਛਿਆ। ਇਸਦੇ ਜੁਆਬ ਵਿੱਚ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਜਮਾਂਦਰੂ ਦਿਵਿਆਂਗ ਹੋਣ ਕਾਰਨ ਚੱਲਣ-ਫਿਰਨ ਤੋਂ ਅਸਮਰੱਥ ਹੈ। ਉਸਨੇ ਡਿਪਟੀ ਕਮਿਸ਼ਨਰ ਕੋਲੋਂ ਆਪਣੇ ਲਈ ਇੱਕ ਵਹੀਲਚੇਅਰ ਦੀ ਮੰਗ ਕੀਤੀ ਤਾਂ ਜੋ ਉਸ ਨੂੰ ਏਧਰ-ਓਧਰ ਜਾਣ ਵਿੱਚ ਅਸਾਨੀ ਹੋ ਸਕੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅਮਨਦੀਪ ਸਿੰਘ ਦੀ ਇਹ ਮੰਗ ਨੂੰ ਸੁਣਨ ਉਪਰੰਤ ਉਸਨੂੰ ਭਰੋਸਾ ਦਿੱਤਾ ਕਿ ਉਸਦੀ ਇਸ ਲੋੜ ਨੂੰ ਜਰੂਰ ਪੂਰਾ ਕੀਤਾ ਜਾਵੇਗਾ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਤੁਰੰਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਰਾਜੀਵ ਸਿੰਘ ਨੂੰ ਹਦਾਇਤ ਕੀਤੀ ਕਿ ਅਮਨਦੀਪ ਸਿੰਘ ਨੂੰ ਅੱਜ ਹੀ ਵੀਲ੍ਹਚੇਅਰ ਦਿੱਤੀ ਜਾਵੇ। ਉਨ੍ਹਾਂ ਅਮਨਦੀਪ ਸਿੰਘ ਨੂੰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਦਫ਼ਤਰ ਜਾਣ ਲਈ ਕਿਹਾ।

ਜਦੋਂ ਅਮਨਦੀਪ ਸਿੰਘ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਪਹੁੰਚੇ ਤਾਂ ਓਥੇ ਸਕੱਤਰ ਰਾਜੀਵ ਕੁਮਾਰ ਵੀਲ੍ਹਚੇਅਰ ਦੇਣ ਲਈ ਉਸਦਾ ਇੰਤਜ਼ਾਰ ਕਰ ਰਿਹਾ ਸੀ। ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਇਹ ਵੀਲ੍ਹ ਚੇਅਰ ਅਮਨਦੀਪ ਸਿੰਘ ਨੂੰ ਭੇਟ ਕੀਤੀ ਗਈ ਜਿਸ ਲਈ ਅਮਨਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਰੈੱਡ ਕਰਾਸ ਸੁਸਾਇਟੀ ਦਾ ਵਿਸ਼ੇਸ਼ ਤੌਰ `ਤੇ ਧੰਨਵਾਦ ਕੀਤਾ। ਉਸਦਾ ਕਹਿਣਾ ਸੀ ਕਿ ਉਹ ਆਪਣੇ ਪਿੰਡੋਂ ਜੋ ਆਸ ਲੈ ਕੇ ਤੁਰਿਆ ਸੀ ਡਿਪਟੀ ਕਮਿਸ਼ਨਰ ਨੇ ਮੌਕੇ `ਤੇ ਹੀ ਉਸਦੀ ਆਸ ਨੂੰ ਪੂਰਾ ਕੀਤਾ  ਹੈ। ਇਸੇ ਦੌਰਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵੱਲੋਂ ਫ਼ਤਹਿਗੜ੍ਹ ਚੂੜੀਆਂ ਦੇ ਕੁਸ਼ਟ ਆਸ਼ਰਮ ਦੇ ਵਸਨੀਕ ਸੰਜੇ ਵਿਰਸਾ ਨੂੰ ਵੀ ਮੁਫ਼ਤ ਟਰਾਈ ਸਾਈਕਲ ਭੇਟ ਕੀਤਾ ਗਿਆ।     

Leave a Reply

Your email address will not be published. Required fields are marked *