ਗੁਰਦਾਸਪੁਰ, 11 ਜੁਲਾਈ (ਸਰਬਜੀਤ)–ਤਹਿਸੀਲ ਕਾਦੀਆਂ ਤੇ ਸ੍ਰੀਹਰਗੋਬਿੰਦਪੁਰ ਦੇ ਨਾਇਬ ਤਹਿਸਲੀਦਾਰ ਜਗਸੀਰ ਸਿੰਘ ਮਿੱਤਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਲਾਲ ਲਕੀਰ ਦੇ ਅੰਦਰ ਆਉਣ ਵਾਲੇ ਲੋਕਾਂ ਦੇ ਰਹਿਣ ਬਸੇਰੇ ਨੂੰ ਯੋਗ ਪ੍ਰਣਾਲੀ ਅਪਣਾ ਕੇ ਉਨਾਂ ਨੂੰ ਮਾਲਕਾਨਾ ਹੱਕ ਦਿੱਤਾ ਜਾ ਰਿਹਾ ਹੈ। ਹੁਣ ਝੋਨੇ ਦੀ ਲਵਾਈ ਹੋਣ ਕਰਕੇ ਕਿਸਾਨਾਂ ਦੇ ਖੇਤਾਂ ਦੀ ਨਿਸ਼ਾਨਦੇਹੀ ਕਾਫੀ ਘੱਟੀ ਹੈ। ਇਸ ਕਰਕੇ ਅਸੀ ਵੇਧੇਰ ਜੋਰ ਲਾਲ ਲਕੀਰ ਅੰਦਰ ਬੈਠੇ ਲੋਕਾਂ ਲਈ ਲਗਾ ਰਹੇ ਹਨ ਤਾਂ ਜੋ ਉਨਾਂ ਦੀ ਇਹ ਪ੍ਰਾਪਰਟੀ ਉਨਾਂ ਦੇ ਨਾਮ ਹੋ ਜਾਵੇਗੀ ਅਤੇ ਰੈਵੀਨਿਊ ਰਿਕਾਰਡ ਵਿੱਚ ਆਉਣ ਕਰਕੇ ਉਹ ਇਸ ਜਗਾ ਨੂੰ ਨਵੀਨੀਕਰਨ ਕਰਕੇ ਮਕਾਨ ਬਣਾਉਣ ਲਈ ਜਿਸ ਮਰਜੀ ਬੈਂਕ ਤੋਂ ਕਰਜੇ ਲੈ ਸਕਦੇ ਹਨ। ਇਹ ਇੱਕ ਬੜੀ ਵੱਡੀ ਰਾਹਤ ਹੈ, ਜੋ ਪੰਜਾਬ ਸਰਕਾਰ ਵੱਲੋਂ ਇੰਨਾਂ ਨੂੰ ਦਿੱਤੀ ਜਾ ਰਹੀ ਹੈ।
ਨਾਇਬ ਤਹਿਸੀਲਦਾਰ ਮਿੱਤਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤਹਿਸੀਲ ਕਾਦੀਆ ਵਿੱਚ ਹੁਣ ਤੱਕ 200 ਇੰਤਕਾਲ ਕੀਤੇ ਗਏ ਹਨ। ਜਦੋਂ ਕਿ ਬਾਕੀ ਜੋ ਝਗੜਾਲੂ ਜਾਇਦਾਦ ਹੈ, ਉਸਦੇ ਇੰਤਕਾਲ ਐਸ.ਡੀ.ਐਮ ਨੂੰ ਭੇਜੇ ਗਏ ਹਨ। ਇਸੇ ਤਰਾਂ ਹੀ ਸ੍ਰੀਹਰਗੋਬਿੰਦਪੁਰ ਤਹਿਸੀਲ ਵਿੱਚ 125 ਇੰਤਕਾਲ ਕੀਤੇ ਗਏ ਹਨ ਅਤੇ ਬਾਕੀ ਰਹਿੰਦੇ ਦੀ ਪ੍ਰਕਿਰਿਆ ਜਲਦ ਹੀ ਪੂਰ ਕੀਤੀ ਜਾਵੇਗੀ। ਉਨਾੰ ਕਿਹਾ ਕਿ ਇਸ ਸਬੰਧੀ ਟੀਮਾੰ ਦਾ ਗਠਨ ਕੀਤਾ ਗਿਆ ਹੈ। ਇਸ ਮੌਕੇ ਉਨਾਂ ਨਾਲ ਪਟਵਾਰੀ ਰਾਜਵਿੰਦਰ ਸਿੰਘ ਵੀ ਮੌਜੂਦ ਸਨ।