ਗੁਰਦਾਸਪੁਰ, 22 ਦਸੰਬਰ ( ਸਰਬਜੀਤ ਸਿੰਘ)– ਸੋਸ਼ਲ ਮੀਡੀਆ ਤੇ ਚਰਚਿਤ ਥਾਣਾ ਕਲਾਨੌਰ ਦੇ ਪਿੰਡ ਭਡਵਾਂ ਵਿੱਚ 14 ਦਸੰਬਰ ਨੂੰ ਕੁਲਵੰਤ ਸਿੰਘ ਦੇ ਐਸੀ ਪਰਿਵਾਰ ਦੀ ਢਾਈ ਗਈ ਰਿਹਾਇਸ਼ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਕੁਝ ਨਿਹੰਗ ਜਥੇਬੰਦੀਆਂ ਦੇ ਆਗੂਆਂ, ਪਿੰਡ ਨਿਵਾਸੀਆਂ, ਇਲਾਕੇ ਦੇ ਪਤਵੰਤਿਆਂ ਸਮੇਤ ਪੰਜਾਬ ਕਿਸਾਨ ਯੂਨੀਅਨ ਅਤੇ ਮਜ਼ਦੂਰ ਮੁਕਤੀ ਮੋਰਚਾ ਵਲੋਂ ਮਜ਼ਦੂਰ ਪਰਿਵਾਰ ਦਾ ਨਵੇਂ ਸਿਰੇ ਤੋਂ ਮਕਾਨ ਬਣਾਉਣ ਲਈ ਅੱਜ ਨੀਹ ਪੱਥਰ ਰੱਖਿਆ ਗਿਆ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਨੰਬਰਦਾਰ ਧਰਮਿੰਦਰਜੀਤ ਸਿੰਘ ਕੰਗ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਅਸ਼ਵਨੀ ਕੁਮਾਰ ਲੱਖਣ ਕਲਾਂ, ਲਖਵਿੰਦਰ ਸਿੰਘ ਸਿੱਧੂ ਰੋਸਾ ਅਤੇ ਬਸ਼ੀਰ ਗਿੱਲ ਨੇ ਦੱਸਿਆ ਕਿ ਬੇਸ਼ੱਕ ਪੀੜਿਤ ਪਰਿਵਾਰ ਦਾ ਘਰ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਪਰ ਇਸ ਨਾਲ ਪੁਲਿਸ ਵੱਲੋਂ ਦਰਜ ਕੀਤੇ ਗਏ ਕੇਸ ਦਾ ਕੋਈ ਸੰਬੰਧ ਨਹੀਂ ਉਹ ਚੱਲਦਾ ਰਹੇਗਾ ਅਤੇ ਉਸ ਕੇਸ ਵਿੱਚ ਐਸਸੀ ਐਸਟੀ ਐਕਟ ਲਗਾਉਣ ਲਈ ਮਜ਼ਦੂਰ ਅਤੇ ਕਿਸਾਨ ਜਥੇਬੰਦੀਆਂ ਸੰਘਰਸ਼ ਜਾਰੀ ਰੱਖਣਗੀਆਂ। ਆਗੂਆਂ ਕਿਹਾ ਕਿ ਮਜ਼ਦੂਰ ਪਰਿਵਾਰ ਦਾ ਘਰ ਤੈਸ਼ ਨੈਸ਼ ਕਰਨ ਸਮੇਤ ਉਸ ਦਾ ਘਰੇਲੂ ਵਰਤੋਂ ਯੋਗ ਸਮਾਨ ਫਰਿਜ ਵਾਸ਼ਿੰਗ ਮਸ਼ੀਨ ਪੱਖਾ ਅਤੇ ਟੀਵੀ ਆਦਿ ਸਭ ਕੁਝ ਬਰਬਾਦ ਕੀਤਾ ਜਾ ਚੁੱਕਾ ਹੈ ਅਤੇ ਇਸ ਦੇ ਸਾਰੇ ਸਬੂਤ ਥਾਣਾ ਕਲਾਨੌਰ ਦੀ ਪੁਲਿਸ ਕੋਲ ਮੌਜੂਦ ਹਨ। ਬੇਸ਼ੱਕ ਮਜ਼ਦੂਰ ਪਰਿਵਾਰ ਦਾ ਘਰ ਬਣਾਉਣ ਲਈ ਕੁਝ ਜਥੇਬੰਦੀਆਂ ਸਮੇਤ ਕੁਝ ਖਾਸ ਸ਼ਖਸੀਅਤਾਂ ਪੈਸੇ ਦੀ ਮਦਦ ਕਰਨ ਲਈ ਅੱਗੇ ਆ ਰਹੀਆਂ ਹਨ ਪਰ ਕਿਸੇ ਦਾ ਘਰ ਢਾਉਣਾ ਖਾਸ ਕਰ ਕਿਸੇ ਐਸੀ ਪਰਿਵਾਰ ਦਾ, ਇੱਕ ਵੱਡਾ ਗੁਨਾਹ ਹੈ, ਉਸ ਦੋਸ਼ ਦੀ ਪੁਲਿਸ ਨੂੰ ਕਾਰਵਾਈ ਕਰਨੀ ਹੀ ਚਾਹੀਦੀ ਹੈ। ਕਿਸਾਨ ਆਗੂ ਲੱਖਣ ਕਲਾਂ ਨੇ ਦੱਸਿਆ ਕਿ ਕੱਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਮੂਹਰੇ ਧਰਨਾ ਦਿੱਤਾ ਜਾ ਰਿਹਾ ਹੈ ਜਿੱਥੇ ਇਸ ਮਸਲੇ ਸਬੰਧੀ ਮਜ਼ਦੂਰ ਪਰਿਵਾਰ ਦੇ ਹੱਕ ਵਿੱਚ ਐਸ ਸੀ, ਐਸ ਟੀ ਦੀ ਧਾਰਾ ਸ਼ਾਮਿਲ ਕਰਨ ਲਈਮਤਾ ਪਾਸ ਕਰਵਾਇਆ ਜਾਵੇਗਾ। ਇਸ ਸਮੇਂ ਲਖਵਿੰਦਰ ਸਿੰਘ ਕੰਗ ਕਸ਼ਮੀਰ ਸਿੰਘ ਕੁਲਦੀਪ ਸਿੰਘ ਮੁਸਥਾਪੁਰ ਨੰਬਰਦਾਰ ਸੁਖਦੇਵ ਸਿੰਘ ਔਜਲਾ ਮੰਗਲਜੀਤ ਸਿੰਘ ਕੰਗ ਅਤੇ ਅਜੀਤ ਪਾਲ ਸਿੰਘ ਹਾਜ਼ਰ ਸਨ। ਇੱਕ ਵੱਖਰੇ ਬਿਆਨ ਵਿੱਚ ਸੀਪੀਐਮਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਉਪਰ ਇਸ ਕੇਸ ਬਾਬਤ ਢਿੱਲ ਮੱਠ ਵਰਤਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਵੇਂ ਐਸਐਸਪੀ ਗੁਰਦਾਸਪੁਰ ਨੇ ਸਾਡੇ ਵਫਦ ਨੂੰ ਭਰੋਸਾ ਦਿੰਦਿਆ ਹਲਕੇ ਦੇ ਡੀਐਸਪੀ ਗੁਰਵਿੰਦਰ ਸਿੰਘ ਚੰਦੀ ਨੂੰ ਐਸਸੀ ਐਸਟੀ ਐਕਟ ਲਾਉਣ ਦੀ ਹਦਾਇਤ ਕੀਤੀ ਸੀ ਪਰ ਸੰਬੰਧਿਤ ਡੀਐਸਪੀ ਇਸ ਮਸਲੇ ਨੂੰ ਜਾਣ ਬੁਝ ਕੇ ਲਮਕਾ ਰਿਹਾ ਹੈ ਜੋ ਬਰਦਾਸ਼ਤ ਯੋਗ ਨਹੀਂ ਹੈ।


