ਗੁਰਦਾਸਪੁਰ, 25 ਅਗਸਤ (ਸਰਬਜੀਤ ਸਿੰਘ)—ਬਿਕਰਮ ਲੈਂਡਰ
ਚੰਨ ਤੇ ਉੱਤਰ ਗਿਐ
ਸਰਕਾਰੇ ਦਰਬਾਰੇ
ਜੇਤੂ ਜੈਕਾਰੇ
ਚੰਨ ਤੇ ਚਾੜ੍ਹਿਆ ਤਿਰੰਗਾ
ਅਖੇ ਨੱਚੇ, ਗਾਏ ਹਰ ਬੰਦਾ
ਗ਼ਦਰੀ ਦੇਸ਼ ਭਗਤ
ਹਰੀ ਸਿੰਘ ਉਸਮਾਨ ਦੇ ਪਿੰਡ
ਬੱਦੋਵਾਲ ਸਰਕਾਰੀ ਸਕੂਲ ਦਾ
ਲੈਂਟਰ ਡਿਗਣ ਨਾਲ਼
ਮਹਿਲਾ ਅਧਿਆਪਕ
ਸਦਾ ਦੀ ਨੀਂਦ ਸੌਂ ਗਈ
ਚੰਨ ਤੇ ਅੱਜ ਚਾੜ੍ਹਿਆ ਤਿਰੰਗਾ
“ਆਜ਼ਾਦੀ” ਵਾਲੇ ਦਿਨ
ਬੱਦੋਵਾਲ ਸਕੂਲ ਤੇ ਚਾੜ੍ਹਿਆ ਸੀ।
ਤਿਰੰਗਾ
ਲੈਂਟਰ ਹੇਠਾਂ ਦਬ ਗਿਐ
ਤਿਰੰਗਾ
ਹੁਣ ਇਹਦਾ ਕੀ ਕਰੀਏ ?
ਪਿੰਡ ਦਾ ਪੁੱਛਦੈ ਹਰ ਬੰਦਾ
ਗੋਦੀ ਮੀਡੀਆ ਤੇ ਖ਼ਬਰ ਛਾਈ
ਚੰਨ ਤੇ ਬਿਕਰਮ ਲੈਂਡਰ ਦੀ
ਵਧਾਈ ਹੋਏ ਵਧਾਈ!
ਛੱਤਾਂ ਡਿਗਦੀਆਂ ਰਹਿੰਦੀਆਂ
ਕਿਉਂ ਪਾਈ ਦੁਹਾਈ
ਪਹਿਲੀਆਂ ਸਰਕਾਰਾਂ ਵੇਲੇ
ਕਿਹੜਾ ਛੱਤਾਂ ਨਹੀਂ ਡਿਗੀਆਂ
ਐਡਾ ਕੀ ਲੋਹੜਾ ਆਇਆ
ਸਰਕਾਰ ਇਹ ਖੋਜ਼ ਕਰਨ ‘ਚ
ਬਿਜੀ ਹੈ
ਕਿ
ਮਿੱਡ ਡੇਅ ਮੀਲ ਵਾਲ਼ੀ
ਦਾਲ਼ ‘ਚ ਟਮਾਟਰ
ਪਾਇਆ ਕਿ ਨਹੀਂ ਪਾਇਆ ?
ਸਕੂਲਾਂ ‘ਚ ਹਵਨ ਕਰਾਏ
ਹਵਨ ਨੇ ਸਾਡੇ ਚਰਨ
ਚੰਨ ਤੇ ਪੁਆਏ
ਉਹ ਸ਼ੁਦਾਈ ਨੇ
ਜੋ ਕਹਿਣ ਇਹ ਕੰਮ
ਵਿਗਿਆਨ ਦਾ
ਇਹਨਾਂ ਨੂੰ ਕੌਣ ਸਮਝਾਏ
ਇਹ ਕ੍ਰਿਸ਼ਮਾ ਭਗਵਾਨ ਦਾ !
ਬਹਿਨੋ ਔਰ ਭਾਈਓ
ਅਸੀਂ ਜਲਵੇ ਦਿਖਾਵਾਂਗੇ
2024 ‘ਚ ਜਿਤਾਓ
ਚੰਨ ਦੀ ਸੈਰ ਕਰਾਵਾਂਗੇ
ਅਸਾਂ ਸਮਾਰਟ ਸਕੂਲ ਬਣਾਏ
ਕੀ ਕਰੀਏ ਜੇ ਫੇਰ ਵੀ
ਛੱਤ ਡਿਗ ਜਾਏ
ਉਹਦੀਆਂ ਓਹੀ ਜਾਣੇਂ
ਉਹਨੂੰ ਕੌਣ ਸਮਝਾਏ
ਜੈ ਚੰਦਰਮਾ ਭਗਵਾਨ ਦੀ
ਹੜ੍ਹ ਆਏ ਜਾਂ ਕੋਈ ਅੱਗਾਂ ਲਾਏ
ਅਲਫ਼ ਨੰਗੀਆਂ ਕਰ
ਕੋਈ ਧੀਆਂ ਨੂੰ ਘੁਮਾਏ
ਕੀ ਇਹ ਵੀ
ਸਭ ਲੀਲਾ ਹੈ ਭਗਵਾਨ ਦੀ ?
ਸਫ਼ਰ ਤੇ
ਨਿੱਕਲੀ ਸਵਾਰੀ
ਆਪ ਜ਼ਿੰਮੇਵਾਰ ਆਪਣੀ ਜਾਨ ਦੀ
ਸਰਕਾਰ ਬਿਜੀ ਹੈ
ਸਰਕਾਰ ਕੁੱਝ ਨਾ ਜਾਣਦੀ