ਹੜ੍ਹ ਦੇ ਪਾਣੀ ਨਾਲ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਦੇ ਰਸਤੇ ਵਿੱਚ ਪੈਂਦੀ ਡਰੇਨ ਦੇ ਪੁੱਲ ਨੂੰ ਨੁਕਸਾਨ ਪੁੱਜਾ

ਗੁਰਦਾਸਪੁਰ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਅਤੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਪੁੱਲ ਦਾ ਜਾਇਜਾ ਲਿਆ

ਪੁੱਲ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੇ ਪੁੱਲ ਰਾਹੀਂ ਟਰੈਫਿਕ ਨੂੰ ਬੰਦ ਕੀਤਾ

ਜ਼ਿਲ੍ਹਾ ਪ੍ਰਸ਼ਾਸਨ ਨੇ ਬਦਲਵੇਂ ਰੂਟਾਂ ਦੀ ਜਾਣਕਾਰੀ ਸਾਂਝੀ ਕੀਤੀ

ਗੁਰਦਾਸਪੁਰ, 19 ਅਗਸਤ (ਸਰਬਜੀਤ ਸਿੰਘ)– ਹੜ੍ਹ ਦੇ ਪਾਣੀ ਨਾਲ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਦੇ ਰਸਤੇ ਵਿੱਚ ਪੈਂਦੀ ਡਰੇਨ ਦੇ ਪੁੱਲ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਇਹ ਪੁੱਲ ਅੱਧ ਵਿਚੋਂ ਬੈਠ ਗਿਆ ਹੈ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਅੱਜ ਸਵੇਰੇ ਇਸ ਪੁੱਲ ਦਾ ਜਾਇਜਾ ਲਿਆ ਗਿਆ। ਜਾਇਜਾ ਲੈਣ ਤੋਂ ਬਾਅਦ ਇਸ ਪੁੱਲ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਦੇ ਰਸਤੇ ਵਿੱਚ ਇੱਕ ਡਰੇਨ ਪੈਂਦੀ ਹੈ ਜਿਸ ਉੱਪਰ ਇਹ ਪੁੱਲ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਡਰੇਨ ਵਿੱਚ ਹੜ੍ਹ ਦੇ ਪਾਣੀ ਦਾ ਵਹਾਅ ਜਿਆਦਾ ਹੋਣ ਕਾਰਨ ਪੁੱਲ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਪੁੱਲ ਦਾ ਨਿਰੀਖਣ ਕਰਨ ਤੋਂ ਬਾਅਦ ਇਸਨੂੰ ਅਸੁਰੱਖਿਅਤ ਘੋਸ਼ਿਤ ਕਰਦੇ ਹੋਏ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਚੱਕ ਸ਼ਰੀਫ ਤੋਂ ਭੈਣੀ ਮੀਆਂ ਖਾਂ ਨੂੰ ਜਾਣ ਲਈ ਦੂਸਰੇ ਰਸਤਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਤਿੰਨ ਵੱਖ-ਵੱਖ ਬਦਲਵੇਂ ਰੂਟ ਹਨ ਜਿਨ੍ਹਾਂ ਵਿਚੋਂ ਇੱਕ ਰੂਟ ਭੈਣੀ ਮੀਆਂ ਖਾਂ ਤੋਂ ਵਾਇਆ ਘੋੜੇਵਾਂ, ਤੁਗਲਵਾਲ, ਗੁਰਦਾਸਪੁਰ, ਤਿੱਬੜੀ, ਪੁਰਾਣਾ ਸ਼ਾਲਾ ਰਾਹੀਂ ਚੱਕ ਸ਼ਰੀਫ ਪਹੁੰਚਿਆ ਜਾ ਸਕਦਾ ਹੈ। ਦੂਸਰਾ ਰੂਟ ਚੱਕ ਸ਼ਰੀਫ ਤੋਂ ਵਾਇਆ ਝੰਡਾ ਗੁੱਜਰਾਂ ਤੇ ਕੋਟਲਾ ਗੁੱਜਰਾਂ ਰਾਹੀਂ ਭੈਣੀ ਮੀਆਂ ਖਾਂ ਅਤੇ ਤੀਸਰਾ ਰੂਟ ਚੱਕ ਸ਼ਰੀਫ ਤੋਂ ਵਾਇਆ ਬਲਵੰਡਾ, ਰਾਜੂ ਬੇਲਾ, ਛਿਛਰਾ ਰਾਹੀਂ ਭੈਣੀ ਮੀਆਂ ਖਾਂ ਪਹੁੰਚਿਆ ਜਾ ਸਕਦਾ ਹੈ।

Leave a Reply

Your email address will not be published. Required fields are marked *