ਗੁਰਦਾਸਪੁਰ, 26 ਜੁਲਾਈ (ਸਰਬਜੀਤ ਸਿੰਘ)–ਅੱਜ ਖ਼ਬੀਆਂ ਧਿਰਾਂ ਸੀ ਪੀ ਆਈ, ਸੀ ਪੀ ਆਈ ਐਮ,ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਆਰ ਐਮ ਪੀ ਆਈ ਦੀ ਅਗਵਾਈ ਹੇਠ ਜਨਤਾ ਨੇ ਮਨੀਪੁਰ ਵਿਚ ਬਣੇ ਜੰਗਲ ਦੇ ਰਾਜ ਵਿਰੁੱਧ ਫੁਆਰਾ ਚੌਂਕ ਵਿੱਚ ਰੈਲੀ ਕਰਕੇ ਬਾਜ਼ਾਰਾਂ ਵਿਚ ਪ੍ਰਦਰਸ਼ਨ ਕੀਤਾ ਅਤੇ ਗਾਂਧੀ ਚੌਂਕ ਵਿੱਚ ਸਰਕਾਰ ਦਾ ਪੁਤਲਾ ਫੂਕਿਆ।
ਇਸ ਸਮੇਂ ਬੋਲਦਿਆਂ ਜਰਨੈਲ ਸਿੰਘ, ਰਣਬੀਰ ਸਿੰਘ ਵਿਰਕ, ਸ਼ਮਸ਼ੇਰ ਸਿੰਘ ਨਵਾਂ ਪਿੰਡ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮਨੀਪੁਰ ਵਿਚ ਭਾਜਪਾ ਅਤੇ ਆਰ ਐਸ ਐਸ ਗੁਜਰਾਤ ਦੇ 2002 ਦੇ ਕਤਲੇਆਮ ਦਾ ਦੁਹਰਾਉ ਕਰ ਰਹੇ ਹਨ,ਫਰਕ ਸਿਰਫ ਇੰਨਾ ਹੈ ਕਿ ਗੁਜਰਾਤ ਵਿਚ ਨਿਸ਼ਾਨਾ ਮੁਸਲਮਾਨ ਭਾਈਚਾਰੇ ਦੇ ਲੋਕ ਸਨ ਜਦੋਂ ਕਿ ਮਨੀਪੁਰ ਵਿਚ ਅਨੁਸੂਚਿਤ ਜਾਤੀਆਂ ਦੇ ਆਦਿਵਾਸੀ ਕੁਕੀ ਅਤੇ ਕ੍ਰਿਸ਼ਚੀਅਨ ਨਾਗੇ ਨਿਸ਼ਾਨੇ ਹੇਠ ਹਨ। ਆਗੂਆਂ ਕਿਹਾ ਕਿ ਕਿ ਆਰ ਐਸ ਐਸ ਦਾ ਐਲਾਨ ਹੈ ਕਿ ਮੁਸਲਮ,ਇਸਾਈ ਅਤੇ ਕਮਿਊਨਿਸਟ ਉਨ੍ਹਾਂ ਦੇ ਮੁੱਖ ਦੁਸ਼ਮਣ ਹਨ। ਉਨ੍ਹਾਂ ਕਿਹਾ ਕਿ ਮਨੀਪੁਰ ਵਿਚ ਜਿਣਸੀ ਹਮਲਿਆਂ ਅਤੇ ਚਲ ਰਹੀਆਂ ਹਿੰਸਕ ਘਟਨਾਵਾਂ ਪਿੱਛੇ ਭਾਜਪਾ ਅਤੇ ਆਰ ਐਸ ਐਸ ਦੀ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਜਿਸ ਸਾਜ਼ਿਸ਼ ਨੂੰ ਨੰਗਾ ਕਰਨ ਲਈ ਦੇਸ ਦੀ ਸੁਪਰੀਮ ਕੋਰਟ ਨੂੰ ਸੁਪਰੀਮ ਕੋਰਟ ਦੇ ਰਿਟਾਇਰਡ ਜੱਜ ਦੀ ਅਗਵਾਈ ਵਿੱਚ ਸਮਾਂਬੱਧ ਜਾਂਚ ਕਮਿਸ਼ਨ ਬਨਾਉਂਣਾ ਚਾਹੀਦਾ ਹੈ। ਆਗੂਆਂ ਕਿਹਾ ਬਿਰੇਨ ਸਰਕਾਰ ਫੌਰੀ ਭੰਗ ਕੀਤੀ ਜਾਣੀ ਚਾਹੀਦੀ ਹੈ ਅਤੇ ਮਨੀਪੁਰ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ 20 ਲੱਖ ਰੁਪਏ ਮੁਆਵਜ਼ਾ ਦੇਣਾ ਚਾਹੀਦਾ ਹੈ। ਆਗੂਆਂ ਕਿਹਾ ਕਿ ਮਨੀਪੁਰ ਦਾ ਕਤਲੇਆਮ ਅਤੇ ਜਿਣਸੀ ਹਮਲਿਆਂ ਨੂੰ ਦੇਖਦਿਆਂ ਦੇਸ਼ ਦੇ ਲੋਕਾਂ ਦਾ ਗੁਸਾ ਮੋਦੀ ਸਰਕਾਰ ਦਾ 2024 ਦੀਆਂ ਚੋਣਾਂ ਵਿੱਚ ਸਫਾਇਆ ਕਰ ਦੇਵੇਗਾ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮਨੀਪੁਰ ਦੇ ਘਟਨਾਕ੍ਰਮ ਉਪਰ ਮੂੰਹ ਨਹੀਂ ਖੋਲ੍ਹਿਆ ਜਾ ਰਿਹਾ ਜਦੋਂ ਕਿ ਦੁਨੀਆਂ ਦੇ ਵੱਡੇ ਵੱਡੇ ਦੇਸ਼ਾਂ ਸਮੇਤ 28 ਦੇਸਾ ਦੀ ਯੂਰਪੀ ਪਾਰਲੀਮੈਂਟ ਮੋਦੀ ਸਰਕਾਰ ਦੀ ਫਿਰਕੂ ਰਾਜਨੀਤੀ ਉਪਰ ਕਈ ਵਾਰ ਤੰਜ ਕਸ ਚੁੱਕੀ ਹੈ।ਇਸ ਸਮੇਂ ਜਨਕ ਰਾਜ, ਮੋਹਨ ਲਾਲ,ਮਾ ਰਘਬੀਰ ਸਿੰਘ ਪਕੀਵਾਂ, ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ, ਅਮਰਜੀਤ ਰਿਖੀਆਂ, ਰਜਵੰਤ ਕੌਰ, ਸੁਖਵਿੰਦਰ ਕੌਰ, ਬੰਟੀ ਪਿੰਡਾਂ ਰੋੜੀ,ਗੁਰਮਖ ਲਾਲੀ ਅਤੇ ਪਿੰਟਾ ਤਲਵੰਡੀ ਭਰਥ ਸ਼ਾਮਲ ਸਨ