ਕਿਸਾਨ ਆਗੂ ਡੱਲੇਵਾਲਾ, ਐਸਐਸਪੀ ਮਾਨਸਾ ਨਾਨਕ ਸਿੰਘ ਨੂੰ ਨਸ਼ਾ ਵਿਰੋਧੀ ਅੰਦੋਲਨ ਦੀ ਮੰਗਾਂ ਸਬੰਧੀ ਮੰਗ ਪੱਤਰ ਸੌਪਿਆ
ਸਿੱਧੂਪੁਰ ਯੂਨੀਅਨ ਵਲੋਂ ਮੋਰਚੇ ਦੀ ਫੱਟੀ ਹਿਮਾਇਤ ਦਾ ਐਲਾਨ, ਸ਼ਹਿਰ ‘ਚ ਕੀਤਾ ਵੱਡਾ ਮੁਜ਼ਾਹਰਾ
ਮਾਨਸਾ, ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)–ਪਰਵਿੰਦਰ ਸਿੰਘ ਝੋਟਾ ਦੀ ਰਿਹਾਈ, ਨਸ਼ਾ ਵਿਕਰੀ ਬੰਦ ਕਰਨ, ਨਸ਼ਾ ਤਸਕਰਾਂ ਅਤੇ ਮਹੀਨੇ ਵਸੂਲ ਕੇ ਉਨ੍ਹਾਂ ਨੂੰ ਖੁੱਲੇਆਮ ਸਰਪ੍ਰਸਤੀ ਦੇ ਰਹੇ ਪਿਛਲੇ ਡਰੱਗ ਇੰਸਪੈਕਟਰ ਸਮੇਤ ਭ੍ਰਿਸ਼ਟ ਪੁਲਸ ਅਫਸਰਾਂ ਦੀਆਂ ਚੱਲ ਅਚੱਲ ਜਾਇਦਾਦਾਂ ਦੀ ਪੜਤਾਲ ਤੇ ਉਨਾਂ ਵਲੋਂ ਡਰੱਗ ਮਨੀ ਨਾਲ ਬਣਾਈ ਹਰ ਤਰ੍ਹਾਂ ਦੀ ਪ੍ਰਾਪਰਟੀ ਨੂੰ ਜ਼ਬਤ ਕਰਨ ਵਰਗੀਆਂ ਮੰਗਾਂ ਨੂੰ ਲੈਣ ਕੇ ਇਥੇ ਚੱਲ ਰਹੇ ਪੱਕਾ ਮੋਰਚੇ ਵਿਚ ਅੱਜ ਤੀਜੇ ਦਿਨ ਹਾਜ਼ਰੀ ਪਹਿਲੇ ਦੋ ਦਿਨ ਤੋਂ ਬਹੁਤ ਵੱਧ ਰਹੀ। ਜਿਥੇ ਸੋਸ਼ਲ ਮੀਡੀਏ ਉਤੇ ਇਸ ਮੋਰਚੇ ਦੇ ਪੱਖ ਵਿਚ ਦੇਸ਼ ਵਿਦੇਸ਼ ‘ਚੋਂ ਕਿੰਨੇ ਹੀ ਜਾਣੇ ਪਛਾਣੇ ਪੰਜਾਬੀ ਵਿਚਾਰਵਾਨਾਂ ਤੇ ਪੱਤਰਕਾਰਾਂ ਨੇ ਆਵਾਜ਼ ਉਠਾਈ ਹੈ, ਉਥੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਵੀ ਆਪਣੇ ਸੈਕੜੇ ਵਰਕਰਾਂ ਦੇ ਕਾਫਲੇ ਸਮੇਤ ਇਸੇ ਮੁੱਦੇ ‘ਤੇ ਸ਼ਹਿਰ ਵਿਚ ਵਿਖਾਵਾ ਕਰਕੇ ਮੋਰਚੇ ਵਿੱਚ ਪਹੁੰਚੇ ਅਤੇ ਐਲਾਨ ਕੀਤਾ ਕਿ 21ਜੁਲਾਈ ਦੀ ਰੈਲੀ ਲਈ ਉਨਾਂ ਦੀ ਜਥੇਬੰਦੀ ਵਲੋਂ ਪੰਜਾਬ ਭਰ ‘ਚੋਂ ਲਾਮਬੰਦੀ ਕੀਤੀ ਜਾਵੇਗੀ। ਦੂਜੇ ਪਾਸੇ ਪਤਾ ਲੱਗਾ ਹੈ ਕਿ ਪੁਲਸ ਨੇ ਝੋਟੇ ਦੇ ਬੱਚਿਆਂ ਉਤੇ ਤੇਜ਼ਾਬ ਸੁੱਟਣ ਦੀ ਧਮਕੀ ਦੇਣ ਵਾਲੇ ਖ਼ਿਲਾਫ਼ ਬਾਕਾਇਦਾ ਸ਼ਿਕਾਇਤ ਦੇਣ ਦੇ ਬਾਵਜੂਦ ਹਾਲੇ ਕੇਸ ਦਰਜ ਨਹੀਂ ਕੀਤਾ ਗਿਆ, ਪਰ ਅੱਜ ਗੁਆਂਢੀ ਜ਼ਿਲੇ ਬਠਿੰਡਾ ਦੇ ਮੌੜ ਥਾਣੇ ਵਿੱਚ ਝੋਟੇ ਖ਼ਿਲਾਫ਼ ਇੱਕ ਹੋਰ ਪਰਚਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਜ਼ਾਹਰ ਹੈ ਕਿ ਸਰਕਾਰ ਇਸ ਨੌਜਵਾਨ ਨੂੰ ਇਨਸਾਫ ਦੇਣ ਦੀ ਬਜਾਏ, ਲੰਬਾ ਸਮਾਂ ਜੇਲ੍ਹ ਵਿਚ ਹੀ ਬੰਦ ਰੱਖਣ ਦੇ ਮੂਡ ‘ਚ ਹੈ।

ਵਿਦਿਆਰਥੀ ਆਗੂ ਸੁਖਜੀਤ ਸਿੰਘ ਰਾਮਾਨੰਦੀ ਵਲੋਂ ਜਾਰੀ ਬਿਆਨ ਵਿਚ ਦੱਸਿਆ ਕਿ ਅੱਜ ਧਰਨੇ ਨੂੰ ਐਂਟੀ ਡਰੱਗ ਟਾਸਕ ਫੋਰਸ ਮਾਨਸਾ ਵੱਲੋਂ ਸੁਰਿੰਦਰ ਮਾਨਸਾ, ਕਾਮਰੇਡ ਜਸਬੀਰ ਕੌਰ ਨੱਤ, ਪਟਿਆਲਾ ਤੋਂ ਆਏ ਨਾਟਕਕਾਰ ਸੱਤਪਾਲ ਬੰਗੇ, ਵਪਾਰ ਮੰਡਲ ਦੇ ਜਿਲਾ ਪ੍ਰਧਾਨ ਹਨੀਸ਼ ਬਾਂਸਲ, ਇਨਕਲਾਬੀ ਨੌਜਵਾਨ ਸਭਾ ਦੇ ਹਰਦਮ ਸਿੰਘ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਗੁਰਸੇਵਕ ਮਾਨ ਅਤੇ ਬਲਵਿੰਦਰ ਸਿੰਘ ਘਰਾਗਣਾਂ, ਲੋਕ ਇਨਸਾਫ ਪਾਰਟੀ ਦੇ ਮਨਜੀਤ ਮੀਹਾਂ, ਨਿਰਮਲ ਸਿੰਘ ਫੱਤਾ, ਕਰਨੈਲ ਸਿੰਘ ਅਤਲਾ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਪਰਮਜੀਤ ਸਿੰਘ ਗਾਗੋਵਾਲ, ਫਤਿਹ ਜਰਨੈਲ ਫੈਡਰੇਸ਼ਨ ਦੇ ਜੋਬਨਜੀਤ ਸਿੰਘ ਪੂਹਲਾ, ਮੁਲਾਜਮ ਐਸੋਸੀਏਸ਼ਨ ਦੇ ਰੰਗੀ ਸਿੰਘ ਕੋਟਲੀ, ਡਾਕਟਰ ਗੋਰਾ ਸਿੰਘ ਜੋਗਾ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੇਲ ਸਿੰਘ ਅਸਪਾਲ ਕੋਠੇ, ਪੱਤਰਕਾਰ ਕੁਲਵੰਤ ਬੰਗੜ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਰਾਜ ਸਿੰਘ ਅਕਲੀਆ, ਐਡਵੋਕੇਟ ਜਗਤਾਰ ਧਾਲੀਵਾਲ ਅਤੇ ਕੁਲਦੀਪ ਪੁਮਾਰ ਨੇ ਸੰਬੋਧਨ ਕੀਤਾ।
ਬੁਲਾਰਿਆਂ ਦਾ ਕਹਿਣਾ ਸੀ ਕਿ ਨਸ਼ੇ ਦੇ ਖਾਤਮੇ ਦੇ ਨਾਮ 'ਤੇ ਸੂਬੇ ਅੰਦਰ ਤਿੰਨ ਪਲਾਨਾਂ ਵਿੱਚ ਤਿੰਨ ਵੱਖ-ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣ ਚੁੱਕੀਆਂ ਹਨ,ਪਰ ਨਸ਼ਾ ਹਰ ਗਲੀ, ਮੁਹੱਲੇ ਵਿੱਚ ਧੜੱਲੇ ਨਾਲ ਵਿਕ ਰਿਹਾ ਹੈ। ਪਰ ਮਾਨ ਸਰਕਾਰ ਇਸ ਉਤੇ ਰੋਕ ਲਾਉਣ ਦੀ ਬਜਾਏ ਉਲਟਾ ਪਰਵਿੰਦਰ ਵਰਗੇ ਉੱਦਮੀ ਨੌਜਵਾਨਾਂ ਉੱਪਰ ਨਿੱਤ ਦਿਨ ਝੂਠੇ ਪਰਚੇ ਦਰਜ ਕਰਨ ਦੇ ਰਾਹ ਤੁਰ ਪਈ ਹੈ। ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਮਾਨ ਸਰਕਾਰ ਖਿਲਾਫ ਭਾਰੀ ਗੁੱਸਾ ਹੈ।
ਬੁਲਾਰਿਆਂ ਨੇ ਮੰਗ ਕੀਤੀ ਕਿ ਝੋਟੇ ਉੱਪਰ ਦਰਜ ਝੂਠੇ ਪਰਚੇ ਰੱਦ ਕੀਤੇ ਜਾਣ, ਪਰਵਿੰਦਰ ਸਿੰਘ ਦੇ ਬੱਚਿਆਂ ਉਤੇ ਤੇਜਾਬ ਸੁੱਟ ਕੇ ਉਨਾਂ ਨੂੰ ਸਾੜ ਦੇਣ ਦੀਆਂ ਧਮਕੀਆਂ ਦੇਣ ਵਾਲੇ ਜ਼ਿਲੇ ਅੰਦਰਲੇ ਨਸ਼ੇ ਦੇ ਇਕ ਵੱਡੇ ਕਾਰੋਬਾਰੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਸ਼ਾ ਤਸਕਰਾਂ ਤੇ ਪਲਿਸ ਦੀਆਂ ਅਜਿਹੀਆਂ ਘਟੀਆ ਚਾਲਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਉਹ 21 ਜੁਲਾਈ ਨੂੰ ਜ਼ਿਲਾ ਸਕੱਤਰੇਤ ਮਾਨਸਾ ਵਿਖੇ ਹੋਣ ਵਾਲੀ ਰੈਲੀ ਵਿੱਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ।
ਧਰਨੇ ਨੂੰ ਐਂਟੀ ਡਰੱਗ ਟਾਸਕ ਫੋਰਸ ਵੱਲੋਂ ਕੁਲਵਿੰਦਰ ਸਿੰਘ ਮਾਨਸਾ, ਸੁੱਖੀ ਮਾਨਸਾ, ਅਮਨਦੀਪ ਸਿੰਘ ਮਾਨਸਾ, ਐਡਵੋਕੇਟ ਲਖਨਪਾਲ,ਜੱਸੀ ਮਾਨਸਾ, ਮਨਿੰਦਰ ਸਿੰਘ, ਪ੍ਰਦੀਪ ਖਾਲਸਾ ਅਤੇ ਅਮਨ ਪਟਵਾਰੀ ਨੇਂ ਵੀ ਸੰਬੋਧਨ ਕੀਤਾ।


