ਕਾਮਰੇਡ ਤੇਜਾ ਸਿੰਘ ਸੁੰਤਤਰ ਦੇ ਜਨਮ ਦਿਨ ਤੇ ਵਿਸ਼ੇਸ਼

ਗੁਰਦਾਸਪੁਰ

ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)—ਚਲੰਤ ਜਸਪਾਲ ਬਾਸਰਕੇ ਕਾਮਰੇਡ ਤੇਜਾ ਸਿੰਘ ਸੁੰਤਤਰ ਦੇ ਜਨਮ ਦਿਨ੍ਹ ਨੂੰ ਮੁਖਾਤਿਬ ਲਿਖਦੇ ਹਨ ਕਿ ਅੱਜ ਦਾ ਵਿਚਾਰ (16 ਜੁਲਾਈ ) ਜਿਹੜਾ ਪੱਕੇ ਇਰਾਦੇ ਨਾਲ ਕਿਸੇ ਕੰਮ ਦੇ ਪਿਛੇ ਪੈ ਜਾਵੇ, ਸਫਲਤਾ ਉਸਦੇ ਪੈਰ ਚੁੰਮਦੀ ਹੈ।
ਅੱਜ ਦੇ ਦਿਨ 16-7-1901 ਕਾਮਰੇਡ ਤੇਜਾ ਸਿੰਘ ਸੁੰਤਤਰ ਦਾ ਜਨਮ। 1909 ਅਜ਼ਾਦੀ ਦੀ ਲੜਾਈ ਲੜਨ ਵਾਲੀ ਅਰੁਣਾ ਅਸਫ ਅਲੀ ਦਾ ਜਨਮ। 1918 ਰੂਸ ਦੇ ਬਾਲਸ਼ਵਿਕਾਂ (ਕ੍ਰਾਂਤੀਕਾਰੀਆਂ) ਨੇ ਰਾਜੇ ਨਿਕੋਲਸ (ਜ਼ਾਰ) ਨੂੰ ਪਰਿਵਾਰ ਸਮੇਤ ਕਤਲ ਕਰ ਦਿਤਾ। 1969 (NASA) ਨਾਸਾ ਵੱਲੋਂ ਚੰਦਰਮਾ ਤੇ ਪਹਿਲੀ ਵਾਰ ਮਨੁੱਖ ਨੂੰ ਲਿਜਾਣ ਵਾਲਾ ਰਾਕੇਟ ਅਪੋਲੋ -11ਧਰਤੀ ਤੋਂ ਛੱਡਿਆ ਗਿਆ। 1979 ਸਦਾਮ ਹੁਸੈਨ ਈਰਾਕ ਦਾ ਪੰਜਵਾਂ ਰਾਸ਼ਟਰਪਤੀ ਬਣਿਆ।

ਕਾਮਰੇਡ ਤੇਜਾ ਸਿੰਘ ਸੁੰਤਤਰ ਦਾ ਪਹਿਲਾ ਨਾਮ ਸਮੁੰਦ ਸਿੰਘ ਸੀ,ਇਹ ਨਾਮ ਤੇਜਾ ਵੀਲਾ ਦੇ ਗੁਰਦੁਆਰੇ ਨੂੰ ਬਿਨਾਂ ਖੂਨ ਖਰਾਬੇ ਤੇ ਯੋਜਨਾ ਨਾਲ ਅਜ਼ਾਦ ਕਰਵਾਉਣ ਕਰਕੇ ਉਨਾਂ ਨੂੰ ਮਿਲਿਆ।ਅਕਾਲੀ ਲਹਿਰ ਵਿੱਚ ਇਹ ਇਤਿਹਾਸਕ ਕਦਮ ਸੀ।ਸੁੰਤਤਰ ਜੀ ਦਾ ਜਨਮ ਛੋਟੇ ਕਿਸਾਨ ਘਰਾਣੇ ਵਿੱਚ ਦੇਸਾ ਸਿੰਘ ਉਰਫ ਕਿਰਪਾਲ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁਖੋਂ ਪਿੰਡ ਅਲੂਣਾ, ਗੁਰਦਾਸਪੁਰ ਵਿਖੇ ਹੋਇਆ।ਇਨਾਂ ਦੇ ਦਾਦਾ ਅੰਗਰੇਜ਼ਾਂ ਖਿਲਾਫ ਲੜਨ ਵਾਲੀਆਂ ਸਿੱਖ ਫੌਜਾਂ ਵਿੱਚ ਸਿਪਾਹੀ ਸੀ ਤੇ ਪਿਤਾ ਜੀ ਭਰਤੀ ਹੋ ਕੇ ਬਰਮਾ ਗਏ।ਨਾਮਧਾਰੀ ਲਹਿਰ ਤੇ ਬੰਗਾਲੀ ਅੰਦੋਲਨ ਦਾ ਪ੍ਰਭਾਵ ਕਬੂਲਦਿਆਂ ਉਹ ਨੌਕਰੀ ਛੱਡ ਕੇ ਪਿੰਡ ਆ ਗਏ।ਉਹ ਪੱਕੇ ਤੌਰ ਤੇ ਅਕਾਲੀ ਲਹਿਰ ਨਾਲ ਜੁੜ ਗਏ।ਇਸ ਕਰਕੇ ਗਦਰੀ ਬਾਬਿਆਂ ਦਾ ਇਨਾਂ ਘਰ ਆਉਣ ਜਾਣ ਬਣਿਆ ਹੋਇਆ ਸੀ।ਉਨਾਂ ਦਿਨਾਂ ਵਿੱਚ ਅੰਗਰੇਜ਼ਾਂ ਦੇ ਪਿੱਠੂ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾਉਣ ਦੀ ਲਹਿਰ ਜੋਬਨ ਤੇ ਸੀ।ਤੇਜਾ ਸਿੰਘ ਸੁੰਤਤਰ ਨੇ ਵੀ ਗੁਰਦੁਆਰਿਆਂ ਨੂੰ ਸਾਮਰਾਜੀ ਏਜੰਟਾਂ ਤੋਂ ਅਜ਼ਾਦ ਕਰਾਉਣ ਲਈ ਸੁੰਤਤਰ ਨਾਂ ਦਾ ‘ਸੁੰਤਤਰ ਜਥਾ’ ਬਣਾਇਆ।ਜਥੇ ਦੇ ਮੈਂਬਰ ਲਈ ਸ਼ਰਤਾਂ ਸਨ ਕਿ ਸਾਰੀ ਜਾਇਦਾਦ ਜਥੇ ਦੇ ਹਵਾਲੇ ਕੀਤੀ ਜਾਵੇ, ਸਾਰੀ ਜਾਇਦਾਦ ਜਥੇ ਦੀ ਸਾਂਝੀ ਹੋਵੇਗੀ।ਸਾਰੇ ਮੈਂਬਰ ਸਾਰਾ ਸਮਾਂ ਦੇਸ਼ ਦੀ ਸੇਵਾ ਵਿੱਚ ਲਾਉਣਗੇ।ਗਦਾਰੀ ਅਤੇ ਕਮਜ਼ੋਰੀ ਵਿਖਾਉਣ ਵਾਲੇ ਦੀ ਸ਼ਜਾ ਮੌਤ ਹੋਵੇਗੀ।ਉਸ ਸਮੇਂ ਤੇਜਾ ਵੀਲਾ,ਗੁਰਦਾਸਪੁਰ ਦੇ ਗੁਰਦੁਆਰੇ ਤੇ ਮਹੰਤ ਕਾਬਜ ਸਨ।ਉਨਾਂ ਦੇ ਜਥੇ ਨੇ 1921 ਵਿੱਚ ਉਥੋਂ ਦੇ ਮਹੰਤ ਨੂੰ ਭਜਾ ਕੇ ਗੁਰਦੁਆਰਾ ਅਜ਼ਾਦ ਕਰਵਾ ਲਿਆ।ਇਸ ਤਰਾਂ ਹੋਰ ਵੀ ਬਹੁਤ ਸਾਰੇ ਗੁਰਦੁਆਰੇ ਆਜ਼ਾਦ ਕਰਵਾ ਲਏ।1922 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜੈਕਟਿਵ ਮੈਂਬਰ ਬਣੇ,ਉਸ ਵੇਲੇ ਸਭ ਤੋਂ ਘੱਟ ਉਮਰ ਤੇ ਵੱਧ ਪੜੇ ਲਿਖੇ ਕਮੇਟੀ ਮੈਂਬਰ ਸਨ।ਜਲਿਆਂ ਵਾਲੇ ਬਾਗ ਦੇ ਕਾਂਡ ਦੇ ਵਿਰੋਧ ਵਿੱਚ ਉਸ ਸਮੇਂ ਖਾਲਸਾ ਕਾਲਜ ਦੇ ਵਿਦਿਆਰਥੀਆਂ ਦੀ ਅਗਵਾਈ ਕੀਤੀ।ਬੱਬਰ ਮੋਤਾ ਸਿੰਘ ਨਾਲ ਰਲਕੇ ਸਰਕਾਰ ਖਿਲਾਫ ਮਾਲਵੇ, ਸ਼ਾਹਬਾਦ ਤੇ ਕਰਨਾਲ ਵਿੱਚ ਪ੍ਰਚਾਰ ਕਰਨ ਤੇ ਗਿਰਫਤਾਰੀ ਵਰੰਟ ਜਾਰੀ ਹੋਏ।ਅੰਮਿ੍ਤਸਰ ਆਣ ਕੇ ਉਹ ਗੁਰੂ ਕੇ ਬਾਗ ਮੋਰਚੇ ਵਿੱਚ ਸ਼ਾਮਲ ਹੋ ਗਏ।ਗਦਰ ਪਾਰਟੀ ਵਿੱਚ ਗਦਰੀਆਂ ਨਾਲ ਰਲ ਕੇ ਕੰਮ ਕਰਨ ਸਮੇਂ ਉਨਾਂ ਨੂੰ ਕਾਬਲ ਭੇਜਿਆ ਪਰ ਵਾਪਸੀ ਤੇ ਰਾਹ ਵਿੱਚ ਗਿਰਫਤਾਰ ਕਰਨ ਤੇ ਪਿਸ਼ਾਵਰ ਲਿਆਦਾਂ ਗਿਆ ਪਰ ਮੌਕਾ ਮਿਲਦੇ ਹੀ ਝਾਂਸਾ ਦੇ ਕੇ ਫਰਾਰ ਹੋ ਗਏ।ਦੁਬਾਰਾ ਜੁਲਾਈ 1923 ਵਿੱਚ ਮਾਸਟਰ ਊਧਮ ਸਿੰਘ ਕਸੇਲ ਨਾਲ ਕਾਬਲ ਭੇਜਿਆ ਗਿਆ ‘ਤੇ ਫਿਰ ਤੁਰਕੀ ਵਿੱਚ ਜਾ ਕੇ ਤਿੰਨ ਸਾਲ ਹਥਿਆਰਾਂ ਦੀ ਸਿਖਲਾਈ ਤੇ ਜੰਗੀ ਦਾਅ ਪੇਚ ਸਿਖੇ।ਯੂਰਪ ਵਿੱਚ ਉਹ ਲਾਲਾ ਲਾਜਪਤ ਰਾਏ ਨੂੰ ਵੀ ਮਿਲੇ।ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦੇ ਕਹਿਣ ਤੇ ਕਿ ਗੁਰਦੁਆਰੇ ਅਜ਼ਾਦ ਕਰਾਉਣ ਨਾਲ ਦੇਸ਼ ਅਜ਼ਾਦ ਨਹੀਂ ਹੋ ਜਾਣਾ, ਇਨਾਂ ਸ਼ਬਦਾਂ ਨੇ ਕਾਫੀ ਪ੍ਰਭਾਵਿਤ ਕੀਤਾ।1929 ਨੂੰ ਨਿਊਯਾਰਕ ਜਾ ਕੇ ਵੱਖ ਵੱਖ ਗਰੁੱਪਾਂ ਨੂੰ ਗਦਰ ਪਾਰਟੀ ਵਿੱਚ ਲਿਆਂਦਾ ਤੇ ਗਦਰ ਪ੍ਰੈਸ ਲਵਾਈ।ਚੀਨ ਤੇ ਤਿੱਬਤ ਰਾਂਹੀ ਗੁਪਤ ਰਾਹ ਕੱਢਣ ਗਏ, ਮਹਿੰਦਰ ਪ੍ਰਤਾਪ ਨੂੰ ਮਿਲੇ।ਸ਼ੱਕੀ ਹਰਕਤਾਂ ਕਰਕੇ ਦੋਹਾਂ ਨੂੰ ਕੈਲੀਫੋਰਨੀਆ ਵਿੱਚ ਗਿਰਫਤਾਰ ਕਰਕੇ ਕੁਝ ਚਿਰ ਬਾਅਦ ਛੱਡ ਦਿੱਤਾ ਗਿਆ ਤੇ ਅੰਗਰੇਜ਼ ਅਫਸਰ ਦੇ ਕਹਿਣ ਤੇ ਅਮਰੀਕਾ ਛੱਡ ਕੇ ਪਨਾਮਾ ਚੱਲੇ ਗਏ।ਉਥੇ ਸ਼ਹੀਦ ਭਗਤ ਸਿੰਘ ਦੀ ਸ਼ਹਾਦਤ ਦੇ ਦਿਨ ਜੋਰਦਾਰ ਅੰਦੋਲਨ ਕੀਤਾ।ਉਥੋਂ ਚਿਲੀ ਹੁੰਦੇ ਹੋਏ ਅਰਜਨਟਾਈਨਾ ਵਿੱਚ ਭਗਤ ਸਿੰਘ ਬਿਲਗਾ ਤੇ ਬਰਾਜ਼ੀਲ ਵਿੱਚ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਮਿਲੇ।ਅਜੀਤ ਸਿੰਘ ਤੇ ਸੁੰਤਤਰ ਦੋਵੇਂ ਪੁਰਤਗਾਲ,ਸਪੇਨ,ਫਰਾਂਸ,ਤੁਰਕੀ, ਬਰਲਿਨ ਤੋਂ ਹੁੰਦੇ ਹੋਏ ਰੂਸ ਪਹੁੰਚੇ। ਮਾਸਕੋ ਵਿੱਚ ਮਾਰਕਸਵਾਦ ਤੇ ਆਰਥਿਕਤਾ ਦਾ ਕੋਰਸ ਪੂਰਾ ਕੀਤਾ।ਦਸੰਬਰ1934 ਨੂੰ ਹਿੰਦੋਸਤਾਨ ਤੇ ਫਰਵਰੀ 1935 ਨੂੰ ਪੰਜਾਬ ਪਹੁੰਚ ਗਏ।ਸਾਂਦਲ ਬਾਰ ਦੇ ਇਲਾਕੇ ਵਿੱਚ ਸਾਧੂ ਬਣ ਕੇ ਆਪਣਾ ਮਿਸ਼ਨ ਜਾਰੀ ਰੱਖਿਆ,ਰੂਸ ਜਾ ਕੇ ਕਮਿਊਨਿਜਮ ਦੀ ਸਿੱਖਿਆ ਹਾਸਲ ਕੀਤੀ ਤੇ ਵਾਪਸੀ ਤੇ 1938 ਨੂੰ ਅਚਾਨਕ ਹੋਈ ਗਿਰਫਤਾਰੀ ਤੋਂ ਬਾਅਦ ਪਹਿਲਾਂ ਦੋ ਮਹੀਨੇ ਲਾਹੌਰ ਰੱਖ ਕੇ ਤਸੀਹੇ ਦੇਣ ਉਪਰੰਤ ਕੈਂਬਲਪੁਰ ਜੇਲ ਵਿੱਚ ਬੰਦ ਕਰ ਦਿੱਤਾ।ਜੇਲ ਅੰਦਰੋਂ ਹੀ ਸਵਾ ਛੇ ਸਾਲ ਕਿਰਤੀ ਰਸਾਲੇ ਲਈ ਲੇਖ ਲਿਖਦੇ ਰਹੇ।ਇਸ ਸਮੇਂ ਦੌਰਾਣ ਉਨਾਂ ਦੇ ਮਾਤਾ,ਪਿਤਾ ਤੇ ਇਕਲੌਤੀ ਧੀ ਦਾ ਦਿਹਾਂਤ ਹੋ ਗਿਆ ਪਰ ਉਹ ਡੋਲੇ ਨਹੀਂ।ਜਦੋਂ ਹਿਟਲਰ ਨੇ ਰੂਸ ਤੇ ਹਮਲਾ ਕੀਤਾ ਤਾਂ ਇਕ ਹਫਤੇ ਅੰਦਰ ਹੀ ਸੁੰਤਤਰ ਨੇ ਜੰਗ ਦਾ ਪਾਸਾ ਬਦਲ ਜਾਣ ਬਾਰੇ ਦਲੀਲ ਭਰਿਆ ਲੇਖ ਲਿਖਿਆ ਜੋ ਲਾਲ ਢੰਡੋਰੇ ਵਿੱਚ ਛਪਿਆ ਤੇ ਇਸਦੀ ਚਾਰੇ ਪਾਸੇ ਚਰਚਾ ਹੋਈ।ਗਦਰੀ ਬਾਬਿਆਂ ਤੇ ਕਿਰਤੀ ਕਿਸਾਨਾਂ ਦੀ ਮੱਦਦ ਨਾਲ ਜੇਲ ਵਿੱਚੋਂ ਹੀ ਪੰਜਾਬ ਅਸੈਂਬਲੀ ਦੇ ਮੈਂਬਰ ਚੁਣੇ ਗਏ।1942 ਵਿੱਚ ਸੱਤ ਸਾਥੀਆਂ ਸਮੇਤ ਰਿਹਾ ਹੋਏ।ਪੰਜਾਬ ਕਿਸਾਨ ਸਭਾ ਤੇ ਕਮਿਊਨਿਸਟ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਤੇ ਢਾਈ ਲੱਖ ਤੋਂ ਵੱਧ ਕਿਸਾਨ ਮੈਂਬਰਾਂ ਵਾਲੀ ਹਿੰਦ ਕਿਸਾਨ ਸਭਾ ਦੇ ਮੀਤ ਪ੍ਰਧਾਨ ਰਹੇ।1944 ਨੂੰ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਬਣੇ।ਉਨਾਂ ਹਫ਼ਤੇਵਾਰ ਅਖ਼ਬਾਰ ‘ਜੰਗ ਏ ਆਜ਼ਾਦੀ’ ਸ਼ੁਰੂ ਕਰਨ ਵਿੱਚ ਅਹਿਮ ਰੋਲ ਨਿਭਾਇਆ।ਆਜ਼ਾਦੀ ਤੋਂ ਬਾਅਦ ਵੀ ਪਾਰਟੀ ‘ਚ ਸਰਗਰਮ ਰਹੇ।ਪੈਪਸੂ ਮੁਜ਼ਾਰਾ ਲਹਿਰ ਦੇ ਮੋਢੀ ਆਗੂਆਂ ਵਿੱਚੋਂ ਇਕ ਸਨ।1971 ‘ਚ ਐਮ ਪੀ ਬਣੇ।12-4-1973 ਨੂੰ ਕਿਸਾਨੀ ਮਸਲੇ ਤੇ ਬਹਿਸ ਦੋਰਾਨ ਦਿਲ ਦਾ ਦੌਰਾ ਪੈਣ ਕਰਕੇ ਸਦਾ ਲਈ ਚਲੇ ਗਏ ਤੇ ਆਖਰੀ ਸਮੇਂ ਤਕ ਲੋਕ ਸੇਵਾ ਵਿੱਚ ਲੱਗੇ ਰਹੇ

Leave a Reply

Your email address will not be published. Required fields are marked *