ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਜਿੰਪਾ ਵੱਲੋਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਕਾਹਨੂੰਵਾਨ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ

ਗੁਰਦਾਸਪੁਰ

ਆਪਣੇ ਮਹਾਨ ਸ਼ਹੀਦਾਂ ਤੇ ਸੂਰਬੀਰਾਂ ਨੂੰ ਯਾਦ ਰੱਖਣਾ ਸਾਡਾ ਨੈਤਿਕ ਫ਼ਰਜ਼ : ਜਿੰਪਾ

ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)– 1746 ਨੂੰ ਛੋਟੇ ਘੱਲੂਘਾਰੇ ਵਿਚ ਸ਼ਹੀਦ ਹੋਏ ਕਰੀਬ 11 ਹਜ਼ਾਰ ਸਿੰਘ-ਸਿੰਘਣੀਆਂ ਅਤੇ ਬੱਚਿਆਂ ਦੀ ਸ਼ਹੀਦੀ ਨੂੰ ਸਮਰਪਿਤ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ ਰਾਜ ਪੱਧਰੀ ਵਿਸ਼ੇਸ਼ ਸ਼ਹੀਦੀ ਸਮਾਗਮ ਅੱਜ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ, ਕਾਹਨੂੰਵਾਨ ਛੰਬ ਵਿਖੇ ਕਰਵਾਇਆ ਗਿਆ। ਇਸ ਸ਼ਹੀਦੀ ਸਮਾਗਮ ਵਿੱਚ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਤਰਫੋਂ ਬ੍ਰਮ ਸ਼ੰਕਰ ਜਿੰਪਾ, ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਵੱਲੋਂ ਸ਼ਿਰਕਤ ਕਰਦਿਆਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ, ਚੇਅਰਮੈਨ ਰਮਨ ਬਹਿਲ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਏ.ਡੀ.ਸੀ. ਤਜਿੰਦਰਪਾਲ ਸਿੰਘ ਸੰਧੂ, ਐੱਸ.ਡੀ.ਐੱਮ. ਅਮਨਦੀਪ ਕੌਰ ਘੁੰਮਣ, ਐੱਸ.ਪੀ. ਪ੍ਰਿਥੀਪਾਲ ਸਿੰਘ, ਤਹਿਸੀਲਦਾਰ ਜਗਤਾਰ ਸਿੰਘ, ਉੱਘੇ ਜਨਤਕ ਆਗੂ ਗੁਰਦਪੀ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਅਤੇ ਇਲਾਕੇ ਦੀ ਸੰਗਤ ਹਾਜ਼ਰ ਸੀ।

ਸ਼ਹੀਦੀ ਸਮਾਗਮ ਦੌਰਾਨ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦਾ ਜਾਪ ਕੀਤਾ ਗਿਆ ਅਤੇ ਭੋਗ ਉਪਰੰਤ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ। ਇਸ ਮੌਕੇ ਛੋਟਾ ਘੱਲੂਘਾਰਾ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ 18ਵੀਂ ਸਦੀ ਦੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਉੱਪਰ ਸਾਨੂੰ ਹਮੇਸ਼ਾਂ ਮਾਣ ਰਹੇਗਾ। ਉਨ੍ਹਾਂ ਕਿਹਾ ਬਹਾਦਰ ਸੂਰਬੀਰਾਂ ਨੇ ਧਰਮ ਹੇਤ ਆਪਣੇ ਆਪ ਨੂੰ ਨਿਛਾਵਰ ਤਾਂ ਕਰ ਦਿੱਤਾ ਪਰ ਉਨ੍ਹਾਂ ਨੇ ਜ਼ਾਲਮ ਮੁਗਲ ਹਕੂਮਤ ਦੀ ਈਨ ਬਿਲਕੁਲ ਨਾ ਮੰਨੀ। ਸ੍ਰੀ ਜਿੰਪਾ ਨੇ ਕਿਹਾ ਕਿ ਆਪਣੇ ਸ਼ਹੀਦਾਂ ਨੂੰ ਯਾਦ ਕਰਨਾ ਸਾਡਾ ਫਰਜ਼ ਹੈ ਅਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਵੱਲੋਂ ਅੱਜ ਜੋ ਵਿਸ਼ੇਸ਼ ਸ਼ਹੀਦੀ ਸਮਾਗਮ ਕਰਾ ਕੇ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸਿਜਦਾ ਕੀਤਾ ਜਾ ਰਿਹਾ ਹੈ ਇਹ ਸ਼ਲਾਘਾਯੋਗ ਉਪਰਾਲਾ ਹੈ।

ਕੈਬਨਿਟ ਮੰਤਰੀ ਸ਼ੰਕਰ ਜਿੰਪਾ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਛੋਟਾ ਘੱਲੂਘਾਰਾ ਸ਼ਹੀਦੀ ਸਮਾਰਕ ਕਾਹਨੂੰਵਾਨ ਦਾ ਰੱਖ-ਰਖਾਵ ਬਹੁਤ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ, ਜਿਸ ਲਈ ਉਹ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹਨ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਜਿੰਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਆਪਣੇ ਅਖਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਦੀ ਗ੍ਰਾਂਟ ਛੋਟਾ ਘੱਲੂਘਾਰਾ ਸਮਾਰਕ ਨੂੰ ਦੇਣ ਦਾ ਐਲਾਨ ਵੀ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕਾਹਨੂੰਵਾਨ, ਤਿਬੱੜ ਅਤੇ ਤੁਗਲਵਾਲ ਪਿੰਡਾਂ ਦੇ ਸੀਵਰੇਜ ਅਤੇ ਹੋਰ ਵਿਕਾਸ ਪ੍ਰੋਜੈਕਟਾਂ ਨੂੰ ਮਨਜ਼ੂਰ ਕਰਨ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਦਾ ਕਾਹਨੂੰਵਾਨ ਸ਼ਹੀਦੀ ਸਮਾਰਕ ਵਿਖੇ ਪਹੁੰਚਣ ’ਤੇ ਧੰਨਵਾਦ ਕੀਤਾ। ਸ੍ਰੀ ਜਗਰੂਪ ਸਿੰਘ ਸੇਖਵਾਂ ਨੇ ਆਪਣੇ ਸਵਰਗੀ ਪਿਤਾ ਸ. ਸੇਵਾ ਸਿੰਘ ਸੇਖਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਇਸ ਸ਼ਹੀਦੀ ਯਾਦਗਾਰ ਨੂੰ ਸਥਾਪਤ ਕਰਨ ਵਿੱਚ ਉਨ੍ਹਾਂ ਦਾ ਵਿਸ਼ੇਸ਼ ਯੋਗਦਾਨ ਸੀ। ਉਨ੍ਹਾਂ ਕਿਹਾ ਕਿ ਇਹ ਸ਼ਹੀਦੀ ਸਮਾਰਕ ਛੋਟਾ ਘੱਲੂਘਾਰਾ ਦੇ ਮਹਾਨ ਸ਼ਹੀਦਾਂ ਨੂੰ ਸਮਰਪਿਤ ਹੈ ਅਤੇ ਇਸ ਸਮਾਰਕ ਜਰੀਏ ਨੌਜਵਾਨ ਪੀੜ੍ਹੀ ਆਪਣੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਜਾਣ ਰਹੀ ਹੈ।

ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਵੀ ਸ਼ਹੀਦਾਂ ਨੂੰ ਸਿਜਦਾ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਅਖੀਰ ਵਿੱਚ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।

ਇਸ ਤੋਂ ਬਾਅਦ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਅਤੇ ਹੋਰ ਪ੍ਰਮੁੱਖ ਸਖਸ਼ੀਅਤਾਂ ਨੇ ਘੱਲੂਘਾਰਾ ਦੇ ਸ਼ਹੀਦਾਂ ਨੂੰ ਸਮਰਪਿਤ ਮਿਊਜ਼ੀਅਮ ਦੀ ਸ਼ਹੀਦੀ ਗੈਲਰੀ, ਫ਼ਤਹਿ ਬੁਰਜ਼ ਅਤੇ ਲਾਇਬ੍ਰੇਰੀ ਦੇ ਦਰਸ਼ਨ ਵੀ ਕੀਤੇ। ਇਸ ਮੌਕੇ ਉਨ੍ਹਾਂ ਨੇ ਛੋਟੇ ਘੱਲੂਘਾਰੇ ੳੱਪਰ ਬਣੀ ਦਸਤਾਵੇਜੀ ਫਿਲਮ ਵੀ ਦੇਖੀ।

ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਕ੍ਰਿਪਾਲ ਸਿੰਘ ਢਿਲੋਂ, ਡਿਪਟੀ ਡਾਇਰੈਕਟਰ ਡਾ. ਸ਼ਾਮ ਸਿੰਘ, ਐਕਸੀਅਨ ਜਤਿੰਦਰ ਮੋਹਨ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਸਾਬਕਾ ਪ੍ਰੋਫੈਸਰ ਰਾਜ ਕੁਮਾਰ ਸ਼ਰਮਾ, ਸਕੱਤਰ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ, ਐਕਸੀਅਨ ਬਲਦੇਵ ਸਿੰਘ, ਐਸ.ਡੀ.ਓ ਨਿਰਮਲ ਸਿੰਘ, ਲਵਜੀਤ ਸਿੰਘ, ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਹਰਚਰਨ ਸਿੰਘ ਕੰਗ, ਹਰਮਨਪ੍ਰੀਤ ਸਿੰਘ, ਗਾਇਡ ਦਮਨਜੀਤ ਸਿੰਘ, ਆਪ ਆਗੂ ਪਰਮਜੀਤ ਸਿੰਘ ਸੋਹਲ, ਹਰਜੀਤ ਸਿੰਘ ਟਿੱਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੀ ਸੰਗਤ ਹਾਜ਼ਰ ਸੀ।

Leave a Reply

Your email address will not be published. Required fields are marked *