ਮਾਨਸਾ, ਗੁਰਦਾਸਪੁਰ, 30 ਅਪ੍ਰੈਲ (ਸਰਬਜੀਤ ਸਿੰਘ)–ਸੀਪੀਆਈ (ਐਮ ਐਲ) ਲਿਬਰੇਸ਼ਨ ਸੂਬਾ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਨੱਤ ਨੇ ਮੰਗ ਕੀਤੀ ਹੈ ਦੇਸ਼ ਦੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਬੀਜੇਪੀ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸਿੰਘ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਅਤੇ ਗ੍ਰਿਫਤਾਰ ਕੀਤਾ ਜਾਵੇ। ਪਾਰਟੀ ਦਾ ਕਹਿਣਾ ਹੈ ਕਿ ਦੇਸ਼ ਦੇ ਪਹਿਲੀ ਕਤਾਰ ਦੇ ਪਹਿਲਵਾਨਾਂ ਵਲੋਂ ਬ੍ਰਿਜ ਭੂਸ਼ਨ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਰਾਜਧਾਨੀ ਵਿਚ ਦੂਜੀ ਵਾਰ ਦਿਨ ਰਾਤ ਧਰਨੇ ‘ਤੇ ਬੈਠਣ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਇਸ ਦੋਸ਼ੀ ਨੂੰ ਬਚਾਉਣ ਲਈ ਕੀਤੇ ਜਾ ਰਹੇ ਯਤਨ ਬਹੁਤ ਸ਼ਰਮਨਾਕ ਹਨ।
ਪਾਰਟੀ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਹੁਣ ਜਦੋਂ ਸੁਪਰੀਮ ਕੋਰਟ ਦੇ ਨੋਟਿਸ ਤੋਂ ਬਾਦ ਬ੍ਰਿਜ ਭੂਸ਼ਨ ਖਿਲਾਫ ਨਾਬਾਲਗ ਖਿਡਾਰਨਾਂ ਸਮੇਤ ਕਈ ਕੌਮਾਂਤਰੀ ਖਿਡਾਰੀ ਲੜਕੀਆਂ ਨਾਲ ਜਿਨਸੀ ਛੇੜ ਛਾੜ ਵਰਗੇ ਗੰਭੀਰ ਜੁਰਮਾਂ ਵਿਚ ਦਿੱਲੀ ਪੁਲਸ ਨੂੰ ਮਜਬੂਰਨ ਦੋ ਐਫਆਈਆਰਾਂ ਦਰਜ ਕਰਨੀਆਂ ਪਈਆਂ ਹਨ, ਤਾਂ ਇਸ ਅਪਰਾਧੀ ਪਿਛੋਕੜ ਵਾਲੇ ਵਿਅਕਤੀ ਦਾ ਸਰਕਾਰ ਦੀ ਮਿਹਰਬਾਨੀ ਨਾਲ ਇਕ ਦਿਨ ਲਈ ਵੀ ਅਹੁਦੇ ਉਤੇ ਜਾਂ ਹਿਰਾਸਤ ‘ਚੋਂ ਬਾਹਰ ਰਹਿਣਾ ਕਾਨੂੰਨ ਤੇ ਨਿਆਂ ਦਾ ਮਜ਼ਾਕ ਉਡਾਉਣ ਦੇ ਤੁੱਲ ਹੈ। ਜੇਕਰ ਦੇਸ਼ ਦੀਆਂ ਉਲੰਪਿਕ ਮੈਡਲ ਜੇਤੂ ਅਤੇ ਕੌਮਾਂਤਰੀ ਸ਼ੋਹਰਤ ਵਾਲੀਆਂ ਪਹਿਲਵਾਨ ਲੜਕੀਆਂ ਨਾਲ ਅਜਿਹਾ ਅਪਮਾਨਜਨਕ ਸਲੂਕ ਹੋ ਰਿਹਾ ਹੈ, ਤਾਂ ਦੇਸ਼ ਦੀਆਂ ਆਮ ਬੱਚੀਆਂ ਤੇ ਔਰਤਾਂ ਨਾਲ ਹੋਣ ਵਾਲੇ ਧੱਕੇ ਤੇ ਬੇਇਨਸਾਫ਼ੀ ਦਾ ਅੰਦਾਜਾ ਲਾਉਣਾ ਕੋਈ ਮੁਸ਼ਕਿਲ ਨਹੀਂ। ਇਸੇ ਸ਼ਰਮਨਾਕ ਵਰਤਾਰੇ ਵਿਚ ਹੀ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਵਿਚ ਆਬਾਦੀ ਵਿਚ ਸੰਸਾਰ ਦੇ ਪਹਿਲੇ ਨੰਬਰ ਉਤੇ ਆ ਚੁੱਕੇ ਸਾਡੇ ਵਿਸ਼ਾਲ ਦੇਸ਼ ਦੀ ਦੁਰਗਤੀ ਦਾ ਭੇਦ ਵੀ ਛੁਪਿਆ ਹੋਇਆ ਹੈ।
ਲਿਬਰੇਸ਼ਨ ਦਾ ਕਹਿਣਾ ਹੈ ਕਿ ਸਾਡੇ ਨੌਜਵਾਨ, ਵਿਦਿਆਰਥੀ ਅਤੇ ਔਰਤ ਸੰਗਠਨਾਂ ਦੇ ਕਾਰਕੁੰਨਾਂ ਵਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਵਲੋਂ ਦਿੱਲੀ ਜੰਤਰ ਮੰਤਰ ‘ਤੇ ਦਿੱਤੇ ਜਾ ਰਹੇ ਧਰਨੇ ਵਿਚ ਸਰਗਰਮ ਸ਼ਮੂਲੀਅਤ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ਦੀ ਸੂਰਤ ਵਿਚ ਮੋਦੀ ਸਰਕਾਰ ਦੀ ਇਸ ਢੀਠਤਾਈ ਖਿਲਾਫ਼ ਜ਼ਿਲਾ ਪੱਧਰ ਉਤੇ ਵੀ ਅੰਦੋਲਨ ਛੇੜਨ ਤੋਂ ਗ਼ੁਰੇਜ਼ ਨਹੀਂ ਕੀਤਾ ਜਾਵੇਗਾ।