ਦਿੱਲੀ ਵਿਖੇ ਹੋਈਆਂ ਨੈਸ਼ਨਲ ਸਕੂਲ ਖੇਡਾਂ ਵਿੱਚ ਸਿਲਵਰ ਮੈਡਲ ਜਿੱਤਣ ਵਾਲੀ ਖਿਡਾਰਨ ਰੋਸ਼ਨੀ ਦਾ ਕੀਤਾ ਗਿਆ ਭਰਵਾਂ ਸਵਾਗਤ

ਗੁਰਦਾਸਪੁਰ

ਗੁਰਦਾਸਪੁਰ 22 ਜੂਨ (ਸਰਬਜੀਤ ਸਿੰਘ)– ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਦੀ ਬਾਰ੍ਹਵੀਂ ਜਮਾਤ ਦੀ ਨਾਨ-ਮੈਡੀਕਲ ਗਰੁੱਪ ਦੀ ਵਿਦਿਆਰਥਣ ਰੋਸ਼ਨੀ ਪੁੱਤਰੀ ਅਸ਼ੋਕ ਕੁਮਾਰ ਨੇ 66 ਵੀਆਂ ਨੈਸ਼ਨਲ ਸਕੂਲ ਖੇਡਾਂ ਦਿੱਲੀ ਵਿਖੇ ਅੰਡਰ 19 ਸਾਲ ਗਰੁੱਪ ਵਿੱਚ ਸਿਲਵਰ ਮੈਡਲ ਜਿੱਤ ਕੇ ਜਿੱਥੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਉਥੇ ਹੀ ਉਸ ਨੇ ਸਕੂਲ ਅਤੇ ਦੀਨਾਨਗਰ ਸ਼ਹਿਰ ਦਾ ਵੀ ਨਾਮ ਚਮਕਾਇਆ ਹੈ। ਮੈਡਲ ਜੇਤੂ ਖਿਡਾਰਣ ਦਾ ਸਕੂਲ ਪੁੱਜਣ ‘ਤੇ ਸਕੂਲ ਸਟਾਫ਼ ਅਤੇ ਪ੍ਰਿੰਸੀਪਲ ਰਾਜਵਿੰਦਰ ਕੌਰ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਹੋਣਹਾਰ ਵਿਦਿਆਰਥਣ ਰੋਸ਼ਨੀ ਅਤੇ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਦੇ ਯੁੱਗ ਵਿਚ ਮਨੁੱਖ ਦੇ ਸੰਪੂਰਨ ਵਿਕਾਸ ਲਈ ਪੜ੍ਹਾਈ ਦੇ ਨਾਲ਼-ਨਾਲ਼ ਖੇਡਾਂ ਵਿੱਚ ਵੀ ਅੱਗੇ ਆਉਣ ਦੀ ਲੋੜ ਹੈ। ਉਹਨਾਂ ਸਕੂਲ ਦੇ ਮਿਹਨਤੀ ਸਟਾਫ਼ ਅਤੇ ਸਕੂਲ ਦੇ ਡੀ. ਪੀ. ਈ. ਬਾਸਕਟਬਾਲ ਕੋਚ ਹਰਦੀਪ ਰਾਜ ਵੱਲੋਂ ਵਿਦਿਆਰਥਣਾਂ ਨੂੰ ਕਰਵਾਈ ਜਾ ਰਹੀ ਸਖ਼ਤ ਮਿਹਨਤ ਦੀ ਵੀ ਪ੍ਰਸੰਸਾ ਕੀਤੀ। ਇਸ ਸਮੇਂ ਵਿਦਿਆਰਥਣ ਰੋਸ਼ਨੀ ਦੇ ਕੋਚ ਹਰਦੀਪ ਰਾਜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਇਸ ਸਕੂਲ ਵਿੱਚ 2016 ਤੋਂ ਡਿਊਟੀ ਨਿਭਾ ਰਿਹਾ ਹੈ। 2018 ਵਿੱਚ ਪ੍ਰਿੰਸੀਪਲ ਰਾਜਵਿੰਦਰ ਕੌਰ ਦੇ ਯਤਨਾਂ ਸਦਕਾ ਸਕੂਲ ਵਿੱਚ ਬਾਸਕਟਬਾਲ ਦੀ ਗਰਾਊਂਡ ਦਾ ਨਿਰਮਾਣ ਕੀਤਾ ਗਿਆ ਅਤੇ ਵਿਦਿਆਰਥਣਾਂ ਵਿੱਚ ਖੇਡਾਂ ਦੀ ਰੁਚੀ ਪੈਦਾ ਕਰਨ ਲਈ ਕਈ ਤਰ੍ਹਾਂ ਦੇ ਯਤਨ ਕੀਤੇ ਗਏ। ਹੋਣਹਾਰ ਖਿਡਾਰਣਾਂ ਲਈ ਸ਼ਾਮ ਨੂੰ ਐੱਸ. ਐੱਸ. ਐੱਮ. ਕਾਲਜ ਦੀਨਾਨਗਰ ਵਿੱਚ ਚਲ ਰਹੀ ਗੋਪੀ ਯਾਦਗਾਰੀ ਬਾਸਕਟਬਾਲ ਅਕੈਡਮੀ ਵਿੱਚ ਵਿਸ਼ੇਸ਼ ਕੋਚਿੰਗ ਦਿੱਤੀ ਗਈ। ਸਕੂਲ ਗੇਮਜ ਫੈਡਰੇਸ਼ਨ ਆਫ਼ ਇੰਡੀਆ ਦੇ ਸ਼ਲਾਘਾਯੋਗ ਉਪਰਾਲੇ ਨਾਲ਼ ਸਾਲ 2021-22 ਦੇ ਅੰਡਰ 19 ਸਾਲ ਦੇ ਖਿਡਾਰੀਆਂ ਨੂੰ ਵਿਸ਼ੇਸ਼ ਮੌਕਾ ਦਿੱਤਾ ਗਿਆ। ਜਿਸ ਵਿੱਚ ਇਸ ਖਿਡਾਰਨ ਦੀ ਪੰਜਾਬ ਦੀ ਟੀਮ ਵਿੱਚ ਚੋਣ ਹੋਈ ਸੀ। ਇਸ ਮੌਕੇ ਸਕੂਲ ਦੇ ਸਟਾਫ਼ ਮੈਂਬਰ ਤਜਿੰਦਰ ਕੁਮਾਰ, ਪੰਕਜ ਸ਼ਰਮਾ, ਸਰਵਣ ਸਿੰਘ ਨਰੇਸ਼ ਕੁਮਾਰ, ਮੁਕੇਸ਼ ਕੁਮਾਰ, ਦੀਪਕ ਕੁਮਾਰ, ਸ਼ਤੀਸ ਕੁਮਾਰ, ਰਾਕੇਸ਼ ਕੁਮਾਰ, ਸੁਰਿੰਦਰ ਮੋਹਨ, ਅਮਿਤ ਮਹਾਜਨ, ਸੰਜੀਵ ਮਹਾਜਨ, ਸੁਨੀਲ ਜਸਰੋਟੀਆ, ਰਾਜ ਕੁਮਾਰ,ਸਨੇਹ ਲਤਾ, ਬਬੀਤਾ, ਰਜਨੀ ਸ਼ਰਮਾ, ਨਿਸ਼ਾ ਭਰਦਵਾਜ, ਬਰਲੀਨ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *