ਗੁਰਦਾਸਪੁਰ, 8ਜੂਨ (ਸਰਬਜੀਤ ਸਿੰਘ)– ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ 7/8ਜੂਨ ਦੀ ਗਵਰਨਰ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਦੀ ਬਾਰਡਰ ਜ਼ਿਲਿਆਂ ਦੀ ਫੇਰੀ ਨੂੰ ਸਿਆਸਤ ਤੋਂ ਪ੍ਰੇਰਿਤ ਦਸਦਿਆਂ ਕਿਹਾ ਕਿ ਗਵਰਨਰ ਗੈਰ ਸੰਵਿਧਾਨਕ ਕੰਮ ਕਰ ਰਹੇ ਹਨ। ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਗਵਰਨਰ ਪੰਜਾਬ ਕੇਂਦਰੀ ਸਰਕਾਰ ਦੇ ਇਸ਼ਾਰਿਆਂ ਉਪਰ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿਚ ਦਖਲ ਅੰਦਾਜੀ ਕਰ ਰਹੇ ਹਨ । ਕਿਉਂਕਿ ਨਸ਼ਿਆਂ ਦੀ ਰੋਕਥਾਮ ਜਾਂ ਬਾਰਡਰ ਉਪਰ ਡਰੋਨਾਂ ਦੀ ਨਕਲੋਂ ਹਰਕਤ ਨੂੰ ਰੋਕਣਾ ਪੰਜਾਬ ਸਰਕਾਰ ਅਤੇ ਕੇਂਦਰੀ ਸਰਕਾਰ ਦਾ ਕੰਮ ਹੈ। ਗਵਰਨਰ ਜਨਤਾ ਵਿੱਚ ਸਿਧੀ ਦਖਲ ਅੰਦਾਜੀ ਕਰਨ ਦੀ ਬਜਾਏ ਆਪਣੀਆਂ ਏਜੰਸੀਆ ਰਾਹੀਂ ਮਿਲੀਆਂ ਰਿਪੋਰਟਾਂ ਆਧਾਰਤ ਆਪਣੀ ਰਿਪੋਰਟ ਸਰਕਾਰ ਨੂੰ ਪੁਜਦਾ ਕਰ ਸਕਦਾ ਹੈ। ਬੱਖਤਪੁਰਾ ਨੇ ਕਿਹਾ ਕਿ ਗਵਰਨਰ ਦਾ ਇਹ ਬਿਆਨ ਪੰਜਾਬ ਦੇ ਹਿਤ ਵਿਚ ਨਹੀਂ ਹੈ ਜਿਸ ਵਿਚ ਗਵਰਨਰ ਨੇ ਕਿਹਾ ਹੈ ਕਿ ਉਹ ਡ੍ਰੋਨ ਹਮਲੇ ਰੋਕਣ ਲਈ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪਾਕਿਸਤਾਨ ਵਿਰੁੱਧ ਸਰਜੀਕਲ ਸਟਰਾਈਕ ਕਰਨ ਲਈ ਕਹਿਣਗੇ।ਪਰ ਲਿਬਰੇਸ਼ਨ ਦਾ ਮੰਨਣਾ ਹੈ ਕਿ ਪੰਜਾਬ ਦੀ ਜਨਤਾ ਪਾਕਿਸਤਾਨ ਨਾਲ ਰਿਸ਼ਤਿਆਂ ਨੂੰ ਸੁਧਾਰ ਕੇ ਜੰਗ ਦੀ ਨਹੀਂ ਬਲਕਿ ਅਟਾਰੀ ਬਾਰਡਰ ਰਾਹੀਂ ਦੋਹਾ ਦੇਸ਼ਾਂ ਦਰਮਿਆਨ ਵਪਾਰ ਖੋਹਲਣ ਦੀ ਮੰਗ ਕਰ ਰਹੀ ਹੈ। ਗਵਰਨਰ ਪੰਜਾਬ ਪਾਕਿਸਤਾਨ ਵਿਰੁੱਧ ਜੰਗ ਦੀ ਬਿਆਨਬਾਜ਼ੀ ਕਰਕੇ ਭਾਜਪਾ ਦੀ ਬੋਲੀ ਬੋਲ ਰਹੇ ਹਨ। ਬੱਖਤਪੁਰਾ ਨੇ ਕਿਹਾ ਕਿ ਗਵਰਨਰ ਪੰਜਾਬ ਦਾ ਰੋਲ ਸੰਘੀ ਢਾਂਚੇ ਦੀ ਸਰਾਸਰ ਉਲੰਘਣਾ ਹੈ ਜਿਸ ਬਾਰੇ ਮਾਨ ਸਰਕਾਰ ਕੁੱਝ ਵੀ ਬੋਲਣ ਦੀ ਹਿੰਮਤ ਨਹੀਂ ਰੱਖਦੀ, ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਲਿਬਰੇਸ਼ਨ ਕੇਂਦਰ ਸਰਕਾਰ ਵੱਲੋਂ ਆਪਣੇ ਗਵਰਨਰਾ ਰਾਹੀਂ ਸੰਘੀ ਢਾਂਚੇ ਨੂੰ ਤੋੜਨ ਦਾ ਸਖ਼ਤ ਵਿਰੋਧ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਨਸ਼ੇ ਬਾਹਰੋਂ ਆਉਣ ਦੀ ਬਜਾਏ ਚਿੱਟੇ ਵਰਗਾ ਨਸਾ ਕੈਮੀਕਲਾ ਰਾਹੀਂ ਸਾਡੀ ਧਰਤੀ ਤੇ ਹੀ ਤਿਆਰ ਕਰਕੇ ਵੇਚਿਆ ਜਾ ਰਿਹਾ ਹੈ ਜਿਸ ਪਿਛੇ ਨਸ਼ਾ ਤਸਕਰਾਂ, ਪ੍ਰਸ਼ਾਸਨ ਅਤੇ ਨੇਤਾਵਾਂ ਦਾ ਗਠਜੋੜ ਕੰਮ ਕਰ ਰਿਹਾ ਹੈ ਜਿਸ ਨੂੰ ਸਰਕਾਰ ਜਾਂ ਗਵਰਨਰ ਤੋੜਨ ਲਈ ਕੁਝ ਨਹੀਂ ਕਰ ਰਹੇ, ਨਤੀਜੇ ਵਜੋਂ ਹਰ ਰੋਜ਼ ਚਿੱਟੇ ਦੇ ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ