ਥਾਣੇ ਅੱਗੇ ਸਾੜੀ ਸਬੰਧਤ ਡੀਐਸਪੀ ਦੀ ਅਰਥੀ
ਸੋਮਵਾਰ ਨੂੰ ਐਸਐਸਪੀ ਨੂੰ ਮਿਲੇਗਾ ਇਕ ਸਾਂਝਾ ਵਫਦ, ਕੇਸ ਰੱਦ ਕਰਨ ਦੀ ਮੰਗ ਨਾ ਮੰਨੇ ਜਾਣ ਦੀ ਸੂਰਤ ਵਿਚ ਸ਼ਹਿਰ ‘ਚ ਲੱਗ ਸਕਦਾ ਹੈ ਪੱਕਾ ਮੋਰਚਾ
ਮਾਨਸਾ, ਗੁਰਦਾਸਪੁਰ, 4 ਮਈ (ਸਰਬਜੀਤ ਸਿੰਘ)– ਇਥੇ ਚਿੱਟਾ ਤੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਤਸਕਰਾਂ ਤੇ ਕੈਮਿਸਟਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ‘ਚ ਸ਼ਾਮਲ ਚਾਰ ਨੌਜਵਾਨਾਂ ਖਿਲਾਫ ਪੁਲਸ ਵਲੋਂ ਬਿਨਾਂ ਕਿਸੇ ਜਾਂਚ ਪੜਤਾਲ ਦੇ ਇਰਾਦਾ ਕਤਲ ਦਾ ਝੂਠਾ ਪਰਚਾ ਦਰਜ ਕਰਨ ਅਤੇ ਮੁਹਿੰਮ ਦੇ ਮੋਹਰੀ ਨੌਜਵਾਨ ਪਰਵਿੰਦਰ ਸਿੰਘ ਉਰਫ ਝੋਟਾ ਨੂੰ ਗ੍ਰਿਫਤਾਰ ਕਰਨ ਖ਼ਿਲਾਫ਼ ਸਥਾਨਕ ਜਨਤਾ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਅੱਜ ਗੁਰਦੁਆਰਾ ਸਾਹਿਬ ਵਿਚ ਹੋਈ ਵੱਖ ਵੱਖ ਪਾਰਟੀਆਂ, ਜਥੇਬੰਦੀਆਂ ਅਤੇ ਨੌਜਵਾਨਾਂ ਦੀ ਇਕ ਵੱਡੀ ਹੰਗਾਮੀ ਮੀਟਿੰਗ ਇਸ ਸਿੱਟੇ ਉਤੇ ਪੁੱਜੀ ਕਿ ਇਹ ਕੇਸ ਨਸ਼ਾ ਤਸਕਰਾਂ ਤੇ ਪੁਲਸ ਅਫਸਰਾਂ ਦੀ ਮਿਲੀਭੁਗਤ ਨਾਲ ਦਰਜ ਹੋਇਆ ਹੈ। ਇਸ ਲਈ ਐਸਐਸਪੀ ਦੇ ਹਾਜ਼ਰ ਨਾ ਹੋਣ ਕਾਰਨ ‘ਨਸੇ ਨਹੀਂ , ਰੁਜ਼ਗਾਰ ਦਿਓ’ ਮੁਹਿੰਮ ਵਲੋਂ ਬਜ਼ਾਰ ‘ਚ ਕੇਸ ਰੱਦ ਕਰਨ ਦੀ ਮੰਗ ਨੂੰ ਲੈ ਕੇ ਰੋਸ ਵਿਖਾਵਾ ਕਰਨ ਪਿਛੋਂ ਥਾਣਾ ਸਿਟੀ – 1 ਸਾਹਮਣੇ ਡੀਐਸਪੀ ਸਿਟੀ ਸੰਜੀਵ ਗੋਇਲ ਦਾ ਪੁਤਲਾ ਸਾੜਿਆ। ਵਿਖਾਵੇ ਵਿਚ ਵੱਡੀ ਗਿਣਤੀ ਵਿਚ ਸਥਾਨਕ ਔਰਤਾਂ ਵੀ ਮੌਜੂਦ ਸਨ। ਵਿਖਾਵਾਕਾਰੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੀਤੇ ਦੋ ਦਹਾਕਿਆਂ ਤੋਂ ਵੱਧ ਸਮਾਂ ਤੋਂ ਮਾਨਸਾ ਜਿਲੇ ਵਿਚ ਵੱਖ ਵੱਖ ਅਹੁਦਿਆਂ ‘ਤੇ ਨਿਯੁਕਤ ਚਲੇ ਆ ਰਹੇ ਇਸ ਅਫਸਰ ਅਤੇ ਇਸ ਦੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਤੇ ਬੈਂਕ ਖਾਤਿਆਂ ਦੀ ਜਾਂਚ ਵਿਜੀਲੈਂਸ ਤੋਂ ਕਰਵਾਈ ਜਾਵੇ।

ਇਸ ਮੌਕੇ ਇਹ ਵੀ ਐਲਾਨ ਕੀਤਾ ਗਿਆ ਕਿ ਪਰਵਿੰਦਰ ਸਿੰਘ ਦੀ ਜ਼ਮਾਨਤ ਨਾ ਕਰਵਾਕੇ ਇਹ ਝੂਠਾ ਕੇਸ ਰੱਦ ਕਰਨ ਲਈ ਅੰਦੋਲਨ ਛੇੜਿਆ ਜਾਵੇਗਾ। ਜਿਸ ਦੇ ਪਹਿਲੇ ਪੜਾਅ ਵਜੋਂ 5 ਮਈ ਨੂੰ ਬਾਲ ਭਵਨ ਮਾਨਸਾ ਵਿਖੇ ਸਮੂਹ ਪਾਰਟੀਆਂ, ਸੰਘਰਸ਼ੀ ਜਥੇਬੰਦੀਆਂ , ਮਿਉਂਸਪਲ ਕੌਸਲਰਾਂ ਅਤੇ ਨਸ਼ਿਆਂ ਤੋਂ ਪੀੜਤ ਪਰਿਵਾਰਾਂ ਦੀ ਇਕ ਮੀਟਿੰਗ ਬੁਲਾ ਲਈ ਗਈ ਹੈ। ਉਥੇ ਵੱਡੇ ਵਫ਼ਦ ਦੇ ਰੂਪ ਵਿਚ ਐਸਐਸਪੀ ਨੂੰ ਮਿਲ ਕੇ ਇਹ ਝੂਠਾ ਕੇਸ ਵਾਪਸ ਲੈਣ ਦੀ ਮੰਗ ਕੀਤੀ ਜਾਵੇਗੀ, ਅਗਰ ਪੁਲਸ ਪ੍ਰਸ਼ਾਸਨ ਇਸ ਮੰਗ ਪ੍ਰਤੀ ਬਣਦਾ ਹੁੰਗਾਰਾ ਨਹੀਂ ਭਰਦਾ, ਤਾਂ ਨਸ਼ਾ ਤਸਕਰਾਂ ਤੇ ਪੁਲਸ ਦੇ ਗੱਠਜੋੜ ਖ਼ਿਲਾਫ਼ ਸ਼ਹਿਰ ਵਿਚ ਪੱਕਾ ਮੋਰਚਾ ਲਾਉਣ ਬਾਰੇ ਵੀ ਵਿਚਾਰਿਆ ਜਾਵੇਗਾ।
ਗੁਰਦੁਆਰਾ ਸਾਹਿਬ ਵਿਚ ਹੋਈ ਮੀਟਿੰਗ ਨੂੰ ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਪ੍ਰਮੁੱਖ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਮਾਨਸਾ, ਬੀਕੇਯੂ (ਕ੍ਰਾਂਤੀਕਾਰੀ) ਵਲੋਂ , ਸੀਪੀਐਮ ਆਗੂ ਘਨਸ਼ਾਮ ਨਿੱਕੂ, ਕਾਂਗਰਸ ਆਗੂ ਡਾ. ਮਨਜੀਤ ਰਾਣਾ, ਸੋਸ਼ਲਿਸਟ ਪਾਰਟੀ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ, ਆਇਸਾ ਵਲੋਂ ਸੁਖਜੀਤ ਰਾਮਾਨੰਦੀ, ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਜਸਬੀਰ ਕੌਰ ਨੱਤ ਤੇ ਬਲਵਿੰਦਰ ਕੌਰ ਬੈਰਾਗੀ, ਐਡ. ਗੁਰਲਾਭ ਸਿੰਘ ਮਾਹਿਲ, ਐਡ. ਲਖਵਿੰਦਰ ਸਿੰਘ ਲੱਖਨਪਾਲ, ਐਡ.ਜਗਤਾਰ ਸਿੰਘ ਝੰਡੂਕੇ, ਐਮਸੀ ਸਤੀਸ਼ ਮਹਿਤਾ ਤੇ ਐਮਸੀ ਕ੍ਰਿਸ਼ਨਾ ਦੇਵੀ, ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਸੁਰਿੰਦਰ ਪਾਲ ਸ਼ਰਮਾ, ਨਸ਼ਾ ਵਿਰੋਧੀ ਮੁਹਿੰਮ ਦੇ ਆਗੂਆਂ ਗੁਰਦੀਪ ਸਿੰਘ ਝੁਨੀਰ, ਜਗਸੀਰ ਸਿੰਘ ਜੋਗਾ, ਜੱਸੀ ਬਾਬਾ ਅਤੇ ਇਨਕਲਾਬੀ ਨੌਜਵਾਨ ਸਭਾ ਵਲੋਂ ਹਰਦਮ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿਚ ਉਲਟੀ ਗੰਗਾ ਵਹਿ ਰਹੀ ਹੈ। ਸੰਘਰਸ਼ ਮਾਰੂ ਨਸ਼ੇ ਵੇਚ ਕੇ ਨਿੱਤ ਦਿਨ ਸਾਡੇ ਨੌਜਵਾਨਾਂ ਦੀਆਂ ਜਾਨਾਂ ਲੈਣ ਤੇ ਪਰਿਵਾਰਾਂ ਨੂੰ ਬਰਬਾਦ ਕਰਨ ਵਾਲੇ ਮੌਤ ਦੇ ਵਪਾਰੀਆਂ ਖਿਲਾਫ ਚੱਲ ਰਿਹਾ ਹੈ, ਪਰ ਉਨਾਂ ਨੂੰ ਫੜਨ ਦੀ ਬਜਾਏ, ਝੂਠੇ ਕੇਸ ਨਸ਼ਾ ਵਿਰੋਧੀ ਮੁਹਿੰਮ ਦੇ ਆਗੂਆਂ ਖ਼ਿਲਾਫ਼ ਪਾਏ ਜਾ ਰਹੇ ਹਨ। ਮੁੱਖ ਮੰਤਰੀ ਨੂੰ ਇਸ ਬਾਰੇ ਜਾਂਚ ਕਰਕੇ ਲੋਕਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਨ੍ਹਾਂ ਦੀ ਸਰਕਾਰ ਦੀ ਨੀਤੀ ਹੈ ਜਾਂ ਅਫ਼ਸਰਸ਼ਾਹੀ ਜਨਤਾ ਵਿਚੋਂ ਸਰਕਾਰ ਦੀਆਂ ਜੜ੍ਹਾਂ ਵੱਢਣ ਲਈ ਗਿਣ ਮਿਥ ਕੇ ਐਸਾ ਕਰ ਰਹੀ ਹੈ?
ਗ੍ਰਿਫਤਾਰ ਕੀਤੇ ਨੌਜਵਾਨ ਪਰਵਿੰਦਰ ਦੀ ਮਾਤਾ ਅਮਰਜੀਤ ਕੌਰ ਨੇ ਕਿਹਾ ਕਿ ਜੇਲ ਵਿਚ ਉਸ ਦੇ ਪੁੱਤਰ ਦੀ ਜਾਨ ਨੂੰ ਗੰਭੀਰ ਖਤਰਾ ਹੈ, ਭ੍ਰਿਸ਼ਟ ਪੁਲਸ ਅਫਸਰ ਬਦਮਾਸ਼ਾਂ ਤੇ ਮੁਜਰਿਮਾਂ ਨਾਲ ਮਿਲ ਕੇ ਉਸ ਦੀ ਜਾਨ ਵੀ ਲੈ ਸਕਦੇ ਹਨ। ਪਰਵਿੰਦਰ ਦੇ ਪਿਤਾ ਸਾਬਕਾ ਫੌਜੀ ਭੀਮ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਲੜਾਈ ਝਗੜਿਆਂ ਦੇ ਮਾਮਲਿਆਂ ਵਿਚ ਕਦੇ ਅਪਣੇ ਮੁੰਡੇ ਪਿੱਛੇ ਨਹੀਂ ਆਇਆ, ਪਰ ਹੁਣ ਜਦੋਂ ਤੋਂ ਉਹ ਇਕ ਨੇਕ ਕੰਮ ਵਿਚ ਲੱਗਿਆ ਸੀ, ਉਦੋਂ ਤੋਂ ਨਸ਼ਾ ਵੇਚਣ ਵਾਲੇ ਕਰੋੜਪਤੀ ਕੈਮਿਸਟ, ਤਸਕਰ ਤੇ ਕੁਝ ਪੁਲਸ ਅਫਸਰ ਉਸ ਨੂੰ ਫਸਾਉਣ ਲਈ ਮਿਲ ਕੇ ਲੱਗੇ ਹੋਏ ਹਨ, ਪਰ ਅਸੀਂ ਉਸ ਦੀ ਜ਼ਮਾਨਤ ਕਰਵਾ ਕੇ ਝੂਠੇ ਦੋਸਾਂ ਨੂੰ ਕਬੂਲ ਕਰਨ ਦੀ ਬਜਾਏ, ਇਹ ਕੇਸ ਵਾਪਸ ਕਰਾਉਣ ਲਈ ਡੱਟ ਕੇ ਲੜਾਂਗੇ। ਮਿਉਂਸਪਲ ਕੌਂਸਲਰ ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਜਿਸ ਬੰਦੇ ਨੇ ਪੁਲਸ ਅਫਸਰਾਂ ਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਨ ਵਾਲਿਆਂ ਦੀ ਸ਼ਹਿ ‘ਤੇ ਅਪਣੇ ਸੜਕ ਹਾਦਸੇ ‘ਚ ਲੱਗੀਆਂ ਸੱਟਾਂ ਨੂੰ ਹਮਲਾ ਦਸ ਕੇ ਇਹ ਕੇਸ ਦਰਜ ਕਰਵਾਇਆ ਹੈ, ਉਹ ਖੁਦ ਚਿੱਟਾ ਪੀਂਦਾ ਵੀ ਹੈ ਤੇ ਵੇਚਦਾ ਵੀ ਹੈ। ਸਾਡੇ ਵਾਰ ਵਾਰ ਰੋਕਣ ‘ਤੇ ਵੀ ਉਹ ਇਹ ਧੰਦਾ ਕਰਨੋਂ ਨਹੀਂ ਹਟਿਆ। ਹਾਲਾਂਕਿ ਉਸ ਖਿਲਾਫ ਇਸੇ ਸਬੰਧ ‘ਚ ਕੁਝ ਪੁਲਸ ਕੇਸ ਵੀ ਚੱਲ ਰਹੇ ਹਨ। ਇਕ ਪਾਸੇ ਦੇਸ਼ ਦੀਆਂ ਮੈਡਲ ਜਿੱਤਣ ਵਾਲੀਆਂ ਪਹਿਲਵਾਨ ਲੜਕੀਆਂ ਵਲੋਂ ਸੁਪਰੀਮ ਕੋਰਟ ਤੱਕ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਪੁਲਸ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਹੀਂ ਕਰਦੀ, ਪਰ ਇਥੇ ਇਕ ਤਸਕਰ ਦੀ ਨਿਰੋਲ ਝੂਠੀ ਸ਼ਿਕਾਇਤ ‘ਤੇ ਬਿਨਾਂ ਕਿਸੇ ਪੜਤਾਲ ਦੇ ਪੁਲਸ ਸਾਡੇ ਮੁੰਡਿਆਂ ਨੂੰ 307 ਦੇ ਕੇਸਾਂ ਵਿਚ ਫਸਾ ਰਹੀ ਹੈ। ਇਹ ਸਰਾਸਰ ਬੇਇਨਸਾਫ਼ੀ ਹੈ। ਕਾਮਰੇਡ ਰਾਣਾ ਨੇ ਕਿਹਾ ਕਿ ਪੁਲਸ ਅਫਸਰ ਮਨਮਾਨੀਆਂ ਕਰਨ ਤੋਂ ਬਾਜ਼ ਆ ਜਾਣ ਵਰਨਾ ਜਨਤਾ ਦੀ ਲਾਮਬੰਦੀ ਨਾਲ ਇੰਨਾਂ ਨੂੰ ਹਰ ਹਾਲਤ ਰੋਕ ਦਿੱਤਾ ਜਾਵੇਗਾ ।


