ਗੁਰਦਾਸਪੁਰ ਵਾਸੀਆਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਵਿੱਚ ਹੋਵੇਗਾ ਵਾਧਾ
ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)–ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਅੱਜ ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਸਿਵਲ ਹਸਪਤਾਲ ਵਿਖੇ ਬਣ ਰਹੀ ਅਰਬਨ ਸੀ.ਐੱਚ.ਸੀ. ਦਾ ਦੌਰਾ ਕੀਤਾ ਗਿਆ। ਆਪਣੇ ਦੌਰੇ ਦੌਰਾਨ ਉਨ੍ਹਾਂ ਨੇ ਸੀ.ਐੱਚ.ਸੀ. ਦੇ ਚੱਲ ਰਹੇ ਕੰਮ ਦਾ ਜਾਇਜਾ ਲਿਆ ਅਤੇ ਅਧਿਕਾਰੀਆਂ ਕੋਲੋਂ ਪ੍ਰੋਜੈਕਟ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਰਬਨ ਸੀ.ਐੱਚ.ਸੀ. ਦੇ ਇਸ ਪ੍ਰੋਜੈਕਟ ਨੂੰ ਤਹਿ ਸਮੇਂ ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਗੁਰਦਾਸਪੁਰ ਵਾਸੀਆਂ ਨੂੰ ਇਥੋਂ ਮਿਆਰੀ ਸਿਹਤ ਸਹੂਲਤਾਂ ਦੇਣ ਦੀ ਸ਼ੁਰੂਆਤ ਕੀਤੀ ਜਾ ਸਕੇ।
ਇਸ ਮੌਕੇ ਗੱਲਬਾਤ ਕਰਦੇ ਹੋਏ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਅਰਬਨ ਸੀ.ਐੱਚ.ਸੀ. ਦੀ ਇਮਾਰਤ ਦੇ ਨਵੀਨੀਕਰਨ ਦਾ ਕੰਮ 15 ਅਗਸਤ ਤੱਕ ਮੁਕੰਮਲ ਕਰ ਲਿਆ ਜਾਵੇਗਾ, ਜਿਸ ਨਾਲ ਗੁਰਦਾਸਪੁਰ ਵਿਚ ਸਿਹਤ ਸਹੂਲਤਾਂ ਵਿਚ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਨਿਰਮਾਣ ਕਾਰਜ ਪੂਰਾ ਕਰਨ ਤੋ ਬਾਦ ਜਰੂਰੀ ਸਾਜੋ ਸਮਾਨ, ਮਸ਼ੀਨਾਂ ਆਦਿ ਲਗਾਈ ਜਾਣਗੀਆਂ। ਉਨ੍ਹਾਂ ਦੱਸਿਆ ਕਿ ਅਰਬਨ ਸੀ.ਐੱਚ.ਸੀ. ਵਿਚ ਵੱਖ-ਵੱਖ ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਵੱਖ-ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰ ਰੋਗੀਆਂ ਦਾ ਇਲਾਜ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਤੇ ਡੀ.ਐੱਮ.ਸੀ. ਡਾ. ਰੋਮੀ ਰਾਜਾ ਨੇ ਕਿਹਾ ਕਿ ਚੇਅਰਮੈਨ ਰਮਨ ਬਹਿਲ ਦੀ ਬਦੌਲਤ ਜ਼ਿਲ੍ਹਾ ਹਸਪਤਾਲ ਵਿਖੇ 4 ਡੀ.ਐੱਨ.ਬੀ. ਕੋਰਸਾਂ ਦੀ ਫੀਸ ਜਮ੍ਹਾਂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਰਬਨ ਸੀ.ਐੱਚ.ਸੀ. ਵੀ ਕੁਝ ਮਹੀਨਿਆਂ ਵਿਚ ਹੀ ਜਨਤਾ ਨੂੰ ਸਮਰਪਤ ਹੋ ਜਾਵੇਗੀ।