ਮੌਸਮੀ ਤਬਦੀਲੀਆਂ ਦੇ ਮੱਦੇਨਜ਼ਰ ਫਸਲਾਂ ਦੀ ਵਾਤਾਵਰਨ ਪੱਖੀ ਕਾਸਤਕਾਰੀ ਤਕਨੀਕਾਂ ਅਪਨਾਉਣ ਦੀ ਜ਼ਰੂਰਤ : ਜ਼ਿਲਾ ਸਿਖਲਾਈ ਅਫ਼ਸਰ

ਪੰਜਾਬ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਤਲਵੰਡੀ ਗੁਰਾਇਆ ਅਤੇ ਤਪਾਲਾ ਵਿੱਚ ਬਾਸਮਤੀ ਦੀ ਸਿੱਧੀ ਬਿਜਾਈ ਕਰਵਾਈ

ਗੁਰਦਾਸਪੁਰ, 7 ਜੂਨ (ਸਰਬਜੀਤ ਸਿੰਘ)– ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਲਾਕ ਡੇਰਾ ਬਾਬਾ ਨਾਨਾਕ ਦੇ ਪਿੰਡ ਤਲਵੰਡੀ ਗੁਰਾਇਆ ਅਤੇ ਤਪਾਲਾ ਵਿੱਚ ਬਾਸਮਤੀ ਦੀ ਸਿਧੀ ਬਿਜਾਈ ਕਰਵਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਕਿਸਾਨਾਂ ਨੂੰ ਆਲਮੀ ਤਪਸ਼ ਵਿੱਚ ਮੀਥੇਨ ਗੈਸਾਂ ਰਾਹੀ ਯੋਗਦਾਨ ਪਾ ਰਹੇ ਕੱਦੂ ਵਾਲੇ ਝੋਨੇ ਨਾਲ ਹੋਣ ਵਾਲੇ ਨੁਕਸਾਨ ਅਤੇ ਝੋਨੇ ਦੀ ਸਿੱਧੀ ਬਿਜਾਈ ਕਰਨ ਨਾਲ ਪਾਣੀ, ਸਮਾਂ, ਮਜ਼ਦੂਰੀ ਅਤੇ ਬਿਜਲੀ ਦੀ ਬੱਚਤ ਬਾਰੇ ਜਾਗਰੁਕ ਕੀਤਾ ਗਿਆ।

ਡਾ. ਅਮਰੀਕ ਸਿੰਘ ਜ਼ਿਲ੍ਹਾ ਸਿਖਲਾਈ ਅਫ਼ਸਰ ਦੀ ਪ੍ਰਧਾਨਗੀ ਹੇਠ ਮਨਾਏ ਗਏ ਵਿਸ਼ਵ ਵਾਤਾਵਰਣ ਦਿਵਸ ਮੌਕੇ ਡਾ. ਦਿਲਰਾਜ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ, ਤਰਲੋਚਨ ਸਿੰਘ, ਸੁਖਦਿਆਲ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਸਰਪੰਚ ਮੰਗਲ ਸਿੰਘ, ਮਸਤਾਨ ਸਿੰਘ ਗੁਰਾਇਆ, ਹਰਮਨਦੀਪ ਸਿੰਘ, ਮਾਸਟਰ ਜਸਵੰਤ ਸਿੰਘ, ਸਿਮਰਨਜੀਤ ਸਿੰਘ ਅਤੇ ਬਲਦੇਵ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ। ਇਸ ਮੌਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਾਲੇ ਛਾਂਦਾਰ ਪੌਦੇ ਵੀ ਲਗਾਏ ਗਏ ਅਤੇ ਪੌਦਿਆਂ ਦੀ ਸਾਂਭ ਸੰਭਾਲ ਕਰਨ ਲਈ ਪੇ੍ਰਰਿਤ ਵੀ ਕੀਤਾ ਗਿਆ ।

ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮੁਨਾਫਾ ਆਧਾਰਿਤ ਤਕਨਾਲੋਜੀ ਨੇ ਮਨੁੱਖ ਨੂੰ ਆਰਥਿਕ ਪੱਖੋਂ ਤਾਂ ਜ਼ਰੂਰ ਮਜ਼ਬੂਤ ਕਰ ਦਿੱਤਾ ਪਰ ਵਾਤਾਵਰਣ ਦੇ ਸੰਤੁਲਣ ਵਿੱਚ ਵਿਗਾੜ ਆ ਗਿਆ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਕਟਾਈ ਨੇ ਵਾਤਾਵਰਨ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਉਨਾਂ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਣ, ਕਾਰਖਾਨਿਆਂ ਵਿੱਚ ਨਿਕਲਣ ਵਾਲੇ ਧੂੰਏਂ, ਪਲਾਸਟਿਕ ਦੀ ਬੇਤਿਹਾਸ਼ਾ ਵਰਤੋਂ, ਕੀਟ ਨਾਸ਼ਕ ਰਸਾਇਣਾਂ ਦੇ ਛਿੜਕਾਅ ਕਾਰਨ ਹਵਾ ਦਾ ਪ੍ਰਦੂਸ਼ਣ ਇਸ ਹੱਦ ਤੱਕ ਪਹੁੰਚ ਚੁੱਕਾ ਹੈ ਕਿ ਮਨੁੱਖ ਲਈ ਸਾਹ ਲੈਣਾ ਵੀ ਔਖਾ ਹੋ ਗਿਆ ਹੈ। ਉਨਾਂ ਕਿਹਾ ਕਿ ਵਾਤਾਵਰਣ ਵਿੱਚ ਮੀਥੇਨ ਵਰਗੀਆਂ ਗੈਸਾਂ ਦੀ ਮਾਤਰਾ ਘੱਟ ਕਰਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਹਿਮ ਯੋਗਦਾਨ ਪਾ ਸਕਦੀ ਹੈ ਕਿਉਂਕਿ ਕੱਦੂ ਕਰਕੇ ਕਾਸ਼ਤ ਕੀਤੇ ਝੋਨੇ ਵਾਲੇ ਖੇਤਾਂ ਵਿੱਚ ਲਗਾਤਾਰ ਪਾਣੀ ਖੜਾ ਰਹਿਣ ਕਾਰਨ ਵੱਡੀ ਮਾਤਰਾ ਵਿੱਚ ਮੀਥੇਨ ਗੈਸ ਵਾਤਾਵਰਣ ਵਿੱਚ ਵਿਸਰਜਤ ਹੁੰਦੀ ਹੈ, ਜੋ ਆਲਮੀ ਤਪਸ਼ ਦਾ ਕਾਰਨ ਵੀ ਬਣਦੀ ਹੈ। ਉਨਾਂ ਕਿਹਾ ਕਿ ਸਿੱਧੀ ਬਿਜਾਈ ਕਰਨ ਨਾਲ 30 ਫੀਸਦੀ ਮਜ਼ਦੂਰੀ ਅਤੇ 10-15 ਫੀਸਦੀ ਪਾਣੀ ਦੀ ਬੱਚਤ ਹੁੰਦੀ ਹੈ। ਉਨਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਹਲਕੀਆਂ ਅਤੇ ਉੱਚੀਆਂ ਜ਼ਮੀਨਾਂ ਦੀ ਚੋਣ ਨਹੀਂ ਕਰਨੀ ਚਾਹੀਦੀ, ਸਿਰਫ ਭਾਰੀਆਂ ਅਤੇ ਜ਼ਰਖੇਜ਼ ਜ਼ਮੀਨਾਂ ਵਿੱਚ ਸਿੱਧੀ ਬਿਜਾਈ ਕੀਤੀ ਜਾਵੇ ਕਿਉਂਕਿ ਹਲਕੀਆਂ ਜ਼ਮੀਨਾਂ ਵਿੱਚ ਪਾਣੀ ਖੜਾ ਨਾ ਹੋਣ ਕਾਰਨ ਸਿੱਧੀ ਬਿਜਾਈ ਨਾਲ ਬੀਜੇ ਝੋਨੇ ਦੀ ਫਸਲ ਵਿੱਚ ਲੋਹੇ ਦੀ ਘਾਟ ਬਹੁਤ ਆ ਜਾਂਦੀ ਹੈ।

ਡਾ. ਦਿਲਰਾਜ ਸਿੰਘ ਨੇ ਕਿਹਾ ਕਿ ਸਿੱਧੀ ਬਿਜਾਈ ਦੀ ਸਫਲਤਾ ਲਈ ਜ਼ਰੂਰੀ ਹੈ ਕਿ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰ ਲਿਆ ਜਾਵੇ ਤਾਂ ਜੋ ਪਾਣੀ ਇਕਸਾਰ ਲੱਗ ਸਕੇ ਅਤੇ ਪਾਣੀ ਦੀ ਬੱਚਤ ਵੀ ਹੋ ਸਕੇ। ਸਰਪੰਚ ਮੰਗਲ ਸਿੰਘ, ਜਸਵੰਤ ਸਿੰਘ ਅਤੇ ਮਸਤਾਨ ਸਿੰਘ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਤਜ਼ਰਬੇ ਸਾਂਝੇ ਕਰਦਿਆਂ ਦੱੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਨਾਲ ਬਾਸਮਤੀ ਅਤੇ ਝੋਨੇ ਦੀ ਬਿਜਾਈ ਕਰਨ ਨਾਲ ਬਿਜਲੀ, ਪਾਣੀ ਅਤੇ ਮਜ਼ਦੂਰੀ ਦੇ ਨਾਲ ਸਮਾਂ ਵੀ ਬਚਦਾ ਹੈ। ਉਨਾਂ ਦੱਸਿਆ ਕਿ ਤਲਵੰਡੀ ਗੁਰਾਇਆ ਅਤੇ ਤਪਾਲਾ ਵਿੱਚ ਤਕਰੀਬਨ 300 ਏਕੜ ਰਕਬੇ ਵਿੱਚ ਸਿੱਧੀ ਬਿਜਾਈ ਤਕਨੀਕ ਨਾਲ ਝੋਨੇ ੳਤੇ ਬਾਸਮਤੀ ਦੀ ਕਾਸਤ ਕੀਤੀ ਜਾਵੇਗੀ।   

Leave a Reply

Your email address will not be published. Required fields are marked *