ਪ੍ਰਵਾਸੀ ਮਜ਼ਦੂਰ ਬਨਾਮ ਪੰਜਾਬ-ਜਸਵੀਰ ਲਾਡੀ ਛਾਜਲੀ

ਗੁਰਦਾਸਪੁਰ

ਸੰਗਰੂਰ, ਗੁਰਦਾਸਪੁਰ, 3 ਜੂਨ (ਸਰਬਜੀਤ ਸਿੰਘ)– ਪੰਜਾਬ ਅੰਦਰ ਇਸ ਮੌਕੇ ਪ੍ਰਵਾਸੀ ਮਜ਼ਦੂਰ “ਪੰਜਾਬੀ ਬਨਾਮ ਬਈਏ “ ਵਾਲਾ ਮਸਲਾ ਦਿਨੋ- ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਬਹੁਤ ਸਾਰੇ ਲੋਕ ਆਪੋ ਆਪਣੇ ਢੰਗ ਨਾਲ ਇਸ ਤੇ ਕੋਝੀ ਰਾਜਨੀਤੀ ਕਰ ਰਹੇ ਹਨ । ਜੇ ਪਿਛੋਕੜ ਤੇ ਨਿਗ੍ਹਾ ਮਾਰੀਏ ਤਾਂ ਪ੍ਰਵਾਸ ਕੁਦਰਤ ਦੀ ਬਣਾਈ ਹੋਈ ਲੋੜ ਹੈ ਜਾਂ ਐ ਕਹਿ ਲਵੋ ਕਿ ਕੁਦਰਤ ਦਾ ਨਿਯਮ ਹੈ ।ਇਹ ਗੱਲ ਹਰ ਕਿਸੇ ਤੇ ਲਾਗੂ ਹੁੰਦੀ ਹੈ ਉਹ ਭਾਵੇ ਮਨੁੱਖ ਹੋਵੇ ਤੇ ਭਾਵੇ ਪਸੂ-ਪੰਛੀ ਹੋਣ ।ਢਿੱਡ ਦੀ ਭੁੱਖ ਮਿਟਾਉਣ ਲਈ ਇੱਕ ਥਾਂ ਤੋਂ ਦੂਜੀ ਜਿੱਥੇ ਢਿੱਡ ਨੂੰ ‘ਝੁੱਲਕਾ’ ਦੇਣ ਲਈ ਖੁਰਾਕ ਦੀ ਪੂਰਤੀ ਲਈ ਪ੍ਰਵਾਸ ਕਰਨਾ ਹੀ ਪੈਂਦਾ ਹੈ । ਪੰਜਾਬ ਦੀ ਧਰਤੀ ਤੋਂ ਵੀ ਸਾਡੇ ਵੱਡ ਵਡੇਰੇ ਰੋਜੀ ਰੋਟੀ ਲਈ ਬਾਹਰਲੇ ਮੁਲਕਾਂ ਵਿੱਚ ਕੰਮ ਕਰਨ ਗਏ ਤੇ ਜਦੋਂ ਹਲਾਤ ਉੱਥੇ ਵੀ ਵਧੀਆ ਨਾ ਬਣੇ ਤੇ ‘ਗਦਰੀ ਬਾਬੇ ‘ ਬਣ ਕੇ ਆਪਣੇ ਮੁਲਕ ਵਿੱਚ ਆਕੇ ਚੰਗੀ ਜ਼ਿੰਦਗੀ ਜਿਉਣ ਲਈ ਰੋਟੀ ,ਕੱਪੜਾ ਅਤੇ ਮਕਾਨ ਲਈ ਲੜਾਈ ਲੜੀ ਸੀ । ਇਹ ਕੋਈ ਨਵੀਂ ਗੱਲ ਨਹੀਂ ਕਿ ਯੂ.ਪੀ.,ਬਿਹਾਰ ਦੇ ਲੋਕ ਪੰਜਾਬ ਵਿੱਚ ਮਜ਼ਦੂਰੀ ਕਰਨ ਆਏ ਹੋਣ ਤੇ ਅਨੇਕਾਂ ਪੰਜਾਬੀ ਵੀ ਯੂ.ਪੀ.,ਬਿਹਾਰ ਤੇ ਦੇਸ਼ ਦੇ ਹੋਰ ਸੂਬਿਆਂ ਵਿੱਚ ਆਪਣਾ ਕਾਰੋਬਾਰ ਕਰੀ ਬੈਠੇ ਹਨ ਤੇ ਕੰਬਾਈਨਾਂ ਲੈਕੇ ਉੱਥੇ ਕੰਮ ਕਰਨ ਜਾਂਦੇ ਹਨ । ਹੁਣ ਗੱਲ ਕਰਦੇ ਹਾਂ ਕਿ ਇਹਨਾਂ ਨੂੰ ਪੰਜਾਬ ਵਿੱਚ ਲਿਆਂਦੇ ਕਿਸ ਨੇ ? ਪਹਿਲਾ ਇਹ ਜੀਰੀ ਲਾਉਣ ਆਉਂਦੇ ਸੀ ਜੀਰੀ ਲਾਕੇ ਵਾਪਸ ਚਲੇ ਜਾਂਦੇ ਸੀ ਤੇ ਜੀਰੀ ਵੱਢਣ ਵੇਲੇ ਆ ਜਾਂਦੇ ਸੀ ਤੇ ਚਲੇ ਜਾਂਦੇ ਸੀ ਤੇ ਕਣਕ ਦੀ ਵਾਢੀ ਵੇਲੇ ਫੇਰ ਆ ਜਾਂਦੇ ਸੀ । ਉਦੋਂ ਇਹਨਾਂ ਦੇ ਪਰਿਵਾਰ ਨਾਲ ਨਹੀਂ ਸੀ ਆਉਂਦੇ ਤੇ ਪਿੱਛੇ ਯੂ.ਪੀ. ,ਬਿਹਾਰ ਵਿੱਚ ਹੀ ਰਹਿੰਦੇ ਸੀ । ਅਸੀ ਐਨੇ ਸੁਸਤ ਤੇ ਕੰਮਚੋਰ ਹੋਗੇ ਕਿ ਆਪਣੇ ਕੰਮ ਨੂੰ ਹੱਥ ਲਾਉਣੋਂ ਹਟ ਗਏ । ਇਹਨਾਂ ਨੂੰ ਘੱਟ ਪੈਸਿਆਂ ‘ਚ ਕੰਮ ਕਰਾਉਣ ਦੇ ਲਾਲਚ ਹੇਠ ਪੰਜਾਬੀ ਮਜ਼ਦੂਰਾਂ ਨੂੰ ਪਾਸੇ ਕਰਕੇ ਸਦੀਆਂ ਤੋਂ ਚੱਲੀ ਆਉਂਦੀ ਸਾਂਝ ਤੋੜ ਕੇ ਇਹਨਾਂ ਨੂੰ ਪੱਕੇ ਤੌਰ ਤੇ ਸਾਲ ਲਈ ਸੀਰੀ(ਨੌਕਰ) ਰਲਾਉਣ ਲੱਗ ਪਏ । ਫੇਰ ਚੱਲ ਸੋ ਚੱਲ ਟਰੈਕਟਰ ਸਿੱਖਾਕੇ ਖੇਤੀਬਾੜੀ ਤੋਂ ਲੈਕੇ ਆੜ੍ਹਤੀਏ ਤੱਕ ਦਾ ਮੁਖ਼ਤਿਆਰ “ਰਾਮੂੰ ” ਨੂੰ ਬਣਾਕੇ ਆਪ ਵਿਹਲੇ ਖੁੰਢਾ ਤੇ ਬਹਿਕੇ ਗੱਪਾਂ ਮਾਰਨ ਲੱਗੇ ਤੇ ਜਾਂ ਸੱਥ ‘ਚ ਤਾਸ਼ ਖੇਡਣ ਜੋਗੇ ਰਹਿਗੇ । ਸਾਡੀਆਂ “ਸਰਦਾਰਨੀ” ਨੇ ਰਾਮੂੰ ਹੁਰਾਂ ਨੂੰ ਮੱਝਾਂ -ਗਾਵਾਂ ਦੀਆਂ ਧਾਰਾਂ ਚੋਣ ਲਾ ਲਿਆ ਤੇ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਹੁੱਬ ਕੇ ਦੱਸਦੀਆਂ ਕਿ “ਹਮਾਰਾਂ ਰਾਮੂੰ ਚਾਏ ਬਹੁਤ ਵਧੀਆ ਬਣਾਤਾ ਹੈ” ਤੇ ਸਾਗ ਵੀ ਤੋੜ ਲਿਆਉਂਦਾ ਹੈ । ਅਸੀ ਇਹਨਾਂ ਨੂੰ ਐਸੇ ਟਰੈਕਟਰ ਫੜਾਏ ਤੇ ਹੁਣ ਇਹ ਆਪ ਟਰੈਕਟਰ ,ਟਰੱਕਾਂ ਤੇ ਟੈਕਸੀਆ ਦੇ ਮਾਲਕ ਨੇ । ਸਮੇਂ ਨੇ ਐਸੀ ਕਰਵੱਟ ਮਾਰੀ ਕਿ ਇਹਨਾਂ ਦੇ ਸਮਝ ਆ ਗਈ ਕਿ ਜੱਟਾਂ ਦੇ ਮੁੰਡੇ ਹੁਣ ਕੰਮ ਤਾਂ ਕੋਈ ਕਰਦੇ ਨਹੀਂ ‘ਬੋਲਟਾਂ ਦੇ ਭੜਾਕੇ ‘ ਪਾਉਣ ਜੋਗੇ ਰਹਿ ਗਏ ਹਨ ਤੇ ਇਹ ਆਪਣੇ ਟੱਬਰ ਯੂ.ਪੀ.,ਬਿਹਾਰ ਤੋਂ ਪੰਜਾਬ ਲੈ ਆਏ ਤੇ ਆਪਣੇ ਨਾਲ ਹੀ ਮੋਟਰ ਤੇ ਬਿਠਾ ਲਿਆ । ਐਧਰ ‘ਸਰਦਾਰਨੀਆ’ ਨੇ ਸੋਚਿਆ ਕਿ ਸਰਦਾਰ ਆਪ ਤਾਂ ‘ਬਈਏ’ ਨੂੰ ਖੇਤ ਕੰਮ ਲਾਕੇ ਵਿਹਲਾ ਰਹਿੰਦੇ ‘ਮੈ ਕਿਉਂ ਘੱਟ ਗੁਜਾਰਾ’ ਤੇ ਉਸ ਨੇ ਵੀ ‘ਮੇਨਕਾ’ ਨੂੰ ਘਰ ਦੇ ਪੋਚੇ ,ਕੱਪੜੇ ਧੋਣ ਤੋ ਬਿਨ੍ਹਾ ਹੁਣ ‘ਮੇਨਕਾ’ ਨੂੰ ਰਸੋਈ ਦੀ ਮਾਲਕਣ ਬਣਾ ਦਿੱਤੀ ਤੇ ਛੋਟੇ ਬੱਚੇ ਵੀ ਮੁਫ਼ਤ ਦੇ ਨੌਕਰ ਮਿਲ ਗਏ ਆਪ ਵਿਹਲੀਆਂ ਹੋ ਕੇ ਚੁਗਲੀਆਂ ਯੋਗੀਆਂ ਹੋ ਗਈਆਂ ਸੀ । ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਪੰਜਾਬ ਦੀ ਰਾਜਨੀਤੀ ਨੇ ਇਹਨਾਂ ਨੂੰ ਆਪਣੇ ਰੰਗ ਵਿੱਚ ਰੰਗ ਲਿਆ ਤੇ ਪਿੰਡਾਂ ਦੀਆਂ ਪੰਚੀ ਸਰਪੰਚੀ ਲਈ ਇਹਨਾਂ ਦੀਆਂ ਵੋਟਾਂ ਤੇ ਅਧਾਰ ਕਾਰਡ ਬਣਾ ਦਿੱਤੇ ਤੇ ਪੰਜਾਬ ਦੇ ਵਸਨੀਕ ਬਣਾ ਦਿੱਤੇ । ਹੁਣ ਇਹ ਪੰਜਾਬ ਦੇ ਵੱਡੇ ਸ਼ਹਿਰ ਜਿੱਥੇ ਇਹਨਾਂ ਦੀ ਗਿਣਤੀ ਕਾਫ਼ੀ ਹੋਵੇ ਜਿਵੇਂ ਪੰਜਾਬ ਦਾ ਸੰਨਅਤੀ ਜਿਲ੍ਹਾ ਲੁਧਿਆਣਾ ਵਰਗੀਆਂ ਥਾਂਵਾਂ ਤੋਂ ਆਪ ਚੋਣਾਂ ਵਿੱਚ ਹਿੱਸਾ ਲੈਕੇ ਐਮ.ਸੀ. ਵਗੈਰਾ ਬਣਦੇ ਹਨ । ਹੁਣ ਤੁਸੀ ਪੰਜਾਬ ਦੇ ਜਿਸ ਕੋਨੇ ਤੇ ਨਿਗ੍ਹਾ ਮਾਰੋਗੇ ਤਾਂ ਪੰਜਾਬੀ ਦੀ ਥਾਂ ਤੇ ਥੋਨੂੰ ਯੂ.ਪੀ.ਜਾਂ ਬਿਹਾਰੀ ‘ਬਾਬੂ’ ਨਜ਼ਰ ਆਉਗਾ ਭਾਵੇ ਸਬਜ਼ੀ ਵਾਲੀ ਰੇਹੜੀ ਹੋਵੇ ,ਜੰਕ ਫੂਡ ਹੋਵੇ ਹਰ ਥਾਂ ਇਹਨਾਂ ਦਾ ਕਬਜ਼ਾ ਹੈ ।ਪੰਜਾਬ ਦਾ ਸੰਨਅਤੀ ਜਿਲ੍ਹਾ ਲੁਧਿਆਣਾ ਵਿੱਚ ਇਹਨਾਂ ਦੀ ਗਿਣਤੀ ਐ ਜਿਵੇਂ ਕਨੈਡਾ ਦੇ ਸਹਿਰ ਟਰਾਟੋਂ ਵਿੱਚ ਪੰਜਾਬੀ ਤੁਰੇ ਫਿਰਦੇ ਹਾਂ ਐ ਲੱਗਦੇ ਜਿਵੇਂ ਪੰਜਾਬ ਵਿੱਚ ਹੀ ਹੋਈਏ ਤੇ ਇਹ ਲੁਧਿਆਣਾ ਵੀ ਬਿਹਾਰ ਦਾ ਹੀ ਕੋਈ ਸ਼ਹਿਰ ਲੱਗਦੈ ।
ਹੁਣ ਜੋ ਪੰਜਾਬ ਵਿੱਚ “ਪੰਜਾਬੀ ਬਨਾਮ ਬਈਏ” ਦਾ ਮਸਲਾ ਚੱਲ ਰਿਹਾ ਤੇ ਨਾਹਰਾ ਦਿੱਤਾ ਜਾ ਰਿਹਾ ਕਿ “ਬਈਆ ਭਜਾਓ ,ਪੰਜਾਬ ਬਚਾਓ” ਇਹ ਨਾਹਰਾ ਲਾਗੂ ਕਰਨਾ ਐਨਾ ਸੋਖਾ ਨਹੀ ਜਿਨ੍ਹਾਂ ਲਾਉਣ ਵਾਲਿਆਂ ਨੂੰ ਲੱਗਦੇ ।ਇਹ ਯੂ.ਪੀ.ਬਿਹਾਰ ਵਾਲੇ ਪਹਿਲਾ ਵੀ ਇੱਥੇ ਹੀ ਰਹਿੰਦੇ ਸੀ , ਪਰ ਹੁਣ ਇਹ ਮਸਲਾ ਉਸ ਵੇਲੇ ਉੱਭਰਕੇ ਸਾਹਮਣੇ ਆਇਆ ਜਦੋਂ ਪੰਜਾਬ ਦੀ ਜਵਾਨੀ ਬਾਹਰਲੇ ਮੁਲਕਾਂ ਨੂੰ ਪ੍ਰਵਾਸ ਕਰ ਰਹੀ ਹੈ ।ਸਵਾਲ ਉੱਠਦਾ ਹੈ ਕਿ ਪ੍ਰਵਾਸ ਕਿਉਂ ਕਰਨਾ ਪੈ ਰਿਹਾ ਹੈ? ਸਾਡੀਆਂ ਸਰਕਾਰ ਦੇ ਮਾੜੇ ਪ੍ਰਬੰਧ ਤੋਂ ਦੁੱਖੀ ਹੋਕੇ ਸਾਡੀ ਅਜੋਕੀ ਪੀੜ੍ਹੀ ਵੱਡੀ ਗਿਣਤੀ ਬਾਹਰਲੇ ਮੁਲਕਾਂ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਪ੍ਰਵਾਸ ਕਰ ਰਹੀ ਹੈ ,ਜੋ ਇੱਥੇ ਰਹਿ ਰਿਹਾ ਹੈ ਉਹ ਨਸ਼ਿਆਂ ਵਿੱਚ ਐਨੀ ਗੁਲਤਾਨ ਹੋ ਚੁੱਕੀ ਉਸ ਨੂੰ ਆਪਣੇ ਚੰਗੇ ਮਾੜੇ ਦੀ ਕੋਈ ਪ੍ਰਵਾਹ ਨਹੀਂ ਤੇ ਕੰਮ ਨੂੰ ਹੱਥ ਨਹੀਂ ਲਾਉਂਦੇ ।ਦੂਜੇ ਪਾਸੇ ਇਹ ਯੂ.ਪੀ.ਬਿਹਾਰ ਵਾਲੇ ਸਵੇਰੇ ਤਿੰਨ ਵਜੇ ਉੱਠਦੇ ਨੇ ਤੇ ਰਾਤ ਦਸ ਵਜੇ ਸੌਂਦੇ ਹਨ ਤੇ ਆਪਣੇ ਵਾਲੇ ‘ਕਾਕੇ’ ਬਾਬੇ ਨਾਨਕ ਦੇ ਕਿਰਤ ਵਾਲੇ ਸਿਧਾਂਤ ਤੋਂ ਬੇਮੁਖ ਹੋਕੇ ਰੇਹੜੀ ਲਾਉਣਾ ਜਾਂ ਕੋਈ ਛੋਟੀ ਦੁਕਾਨਦਾਰੀ ਨੂੰ ਆਪਦੀ ਬੇਇੱਜ਼ਤੀ ਸਮਝਦੇ ਹਨ ਤੇ ਪੈਸੇ ਕੱਠੇ ਕਰਨ ਲਈ ਸਰਕਾਰੀ ਨੌਕਰੀ ਚਾਹੀਦੀ ਹੈ ।ਅਸੀਂ ਆਪਣੇ ਹੱਥੀ ਆਪ ਕੰਡੇ ਬੀਜੇ ਹੋਏ ਨੇ ।ਹੁਣ ਇਹ ਕਾਨੂੰਨੀ ਤੋਰ ਤੇ ਪੰਜਾਬ ਦੇ ਵਸਨੀਕ ਹਨ ।ਜਿਵੇਂ ਕਨੇਡਾ ਵਗੈਰਾ ਅਸੀਂ ਪੀ.ਆਰ.ਲੈੰਦਾ ਹੈ ਇਸ ਤਰ੍ਹਾਂ ਇਹਨਾਂ ਕੋਲ ਵੀ ਪੰਜਾਬ ਦੀ ਪੀ.ਆਰ. ਹੈ ਇਸ ਲਈ ਇਹਨਾਂ ਨੂੰ ਅਸੀਂ ਨਹੀਂ ਕੱਢ ਸਕਦੇ ਸੋ ਇਹ ਯੂ.ਪੀ.ਬਿਹਾਰ ਵਾਲੇ ਹੁਣ ਪੰਜਾਬ ਵਿਚਲੇ ਕੰਮਕਾਰ ਲਈ ਰੀੜ੍ਹ ਦੀ ਹੱਡੀ ਬਣ ਚੁੱਕੇ ਹਨ ।

Leave a Reply

Your email address will not be published. Required fields are marked *