ਗੁਰਦਾਸਪੁਰ, 17 ਮਈ (ਸਰਬਜੀਤ ਸਿੰਘ)– ਜ਼ਿਲ੍ਹਾ ਗੁਰਦਾਸਪੁਰ ਵਿੱਚ ਕਣਕ ਦੀ ਖਰੀਦ ਲਗਭਗ ਮੁਕੰਮਲ ਹੋਣ ਦੇ ਨੇੜੇ ਹੈ ਅਤੇ ਇਸ ਵਾਰ ਰਿਕਾਰਡ ਖਰੀਦ ਨਾਲ ਖਰੀਦ ਦੇ ਮਿੱਥੇ ਟੀਚੇ ਤੋਂ ਵੱਧ ਕਣਕ ਦੀ ਖਰੀਦ ਕੀਤੀ ਗਈ ਹੈ। ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਪਿਛਲੇ ਸਾਲ ਨਾਲੋਂ 114484 ਮੀਟ੍ਰਿਕ ਟਨ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਕਣਕ ਦੀ ਖਰੀਦ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪਿਛਲੇ ਸਾਲ 15 ਮਈ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 527159 ਮੀਟਰਕ ਟਨ ਦੇ ਮੁਕਾਬਲੇ ਇਸ ਵਾਰ 641643 ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿਚ ਆਈ ਸਾਰੀ ਕਣਕ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਖਰੀਦਿਆ ਗਿਆ ਹੈ। ਖਰੀਦ ਏਜੰਸੀਆਂ ਵਿਚੋਂ ਪਨਗਰੇਨ ਨੇ 173473 ਮੀਟਰਕ ਟਨ ਨਾਲ ਸਭ ਤੋਂ ਵੱਧ ਖਰੀਦ ਕੀਤੀ ਹੈ ਜਦਕਿ ਮਾਰਕਫੈਡ ਨੇ 152568, ਪਨਸਪ ਨੇ 153026, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 141994, ਕੇਂਦਰੀ ਖੁਰਾਕ ਨਿਗਮ ਨੇ 20582 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਵਿਚ ਲਿਫਟਿੰਗ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਬੀਤੇ ਕੱਲ੍ਹ ਤੱਕ 551909 ਮੀਟਰਕ ਟਨ ਕਣਕ ਦੀ ਚੁਕਾਈ ਹੋ ਚੁੱਕੀ ਹੈ ਜੋ ਕਿ 86 ਫੀਸਦੀ ਤੋਂ ਵਧ ਬਣਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਕਣਕ ਦੀ ਖਰੀਦ ਦੇ 48 ਘੰਟੇ ਦੇ ਅੰਦਰ-ਅੰਦਰ ਅਦਾਇਗੀ ਨੂੰ ਯਕੀਨੀ ਬਣਾਇਆ ਗਿਆ ਹੈ।