ਜ਼ਿਲ੍ਹਾ ਵਾਸੀ ਆਨ-ਲਾਈਨ ਜੂਮ ਐਪ ਰਾਹੀਂ ਆਪਣੀ ਮੁਸ਼ਕਿਲ/ਸਮੱਸਿਆ ਹੱਲ ਕਰਵਾ ਸਕਦੇ ਹਨ-ਡਿਪਟੀ ਕਮਿਸ਼ਨਰ

ਪੰਜਾਬ

ਗੁਰਦਾਸਪੁਰ, 23 ਜੂਨ (ਸਰਬਜੀਤ) — ਮੁੱਖ ਮੰਤਰੀ ਪੰਜਾਬ, ਸ੍ਰੀ ਭਗਵੰਤ ਸਿੰਘ ਮਾਨ ਵਲੋਂ ਲੋਕਾਂ ਦੀਆਂ ਘਰਾਂ ਤੋਂ ਹੀ ਮੁਸ਼ਕਿਲਾਂ ਹੱਲ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਲੋਕਾਂ ਨੂੰ ਦਫਤਰਾਂ ਵਿਚ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਕਰਦਿਆਂ ਦੱਸਿਆ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਆਨ ਲਾਈਨ ਜੂਮ ਮੀਟਿੰਗ ਸ਼ੁਰੂ ਕੀਤੀ ਗਈ ਹੈ, ਜਿਸ ਰਾਹੀਂ ਲੋਕ ਆਪਣੀ ਮੁਸ਼ਕਿਲ/ਸਮੱਸਿਆ ਦੱਸ ਸਕਦੇ ਹਨ, ਜਿਸ ਨੂੰ ਸਬੰਧਿਤ ਵਿਭਾਗ ਰਾਹੀਂ ਹੱਲ ਕਰਵਾਇਆ ਜਾਂਦਾ ਹੈ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਜ਼ਿਲਾ ਵਾਸੀ ਆਪਣੀ ਮੁਸ਼ਕਿਲ/ਸਮੱਸਿਆ ਰੋਜ਼ਾਨਾਂ ( ਸੋਮਵਾਰ ਤੋਂ ਸ਼ੁੱਕਰਵਾਰ-ਵਰਕਿੰਗ ਡੇਅ ਵਾਲੇ ਦਿਨ) ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਦਰਮਿਆਨ ਜੂਮ ਮੀਟਿੰਗ ਜ਼ਰੀਏ ਯੂਜਰ ਆਈ.ਡੀ 96469-76098 ਅਤੇ ਪਾਸਵਰਡ 22 ਲਗਾ ਕੇ, ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜ਼ਿਲੇ ਦੀਆਂ ਸਾਰੀਆਂ ਤਹਿਸੀਲਾਂ, ਸਬ ਤਹਿਸੀਲਾਂ, ਸਮੂਹ ਕਾਰਜ ਸਾਧਕ ਨਗਰ ਕੋਂਸਲਾਂ, ਕਾਰਪੋਰੇਸ਼ਨ ਬਟਾਲਾ, ਸਮੂਹ ਬੀਡੀਪੀਓ, ਸੀਡੀਪੀਓ ਅਤੇ ਜਨਰਲ ਮੈਨੇਜਰ ਇੰਡਸਟਰੀ (ਜੀਐਮ-ਡੀਆਈ.ਸੀ) ਬਟਾਲਾ ਦੇ ਦਫਤਰਾਂ ਵਿਚ ਵੀ ਡਿਪਟੀ ਕਮਿਸ਼ਨਰ ਨਾਲ ਜੂਮ ਮੀਟਿੰਗ ਕਰਵਾਉਣ ਦੀ ਸਹੂਲਤ ਉਪਲੱਬਧ ਕਰਵਾਈ ਗਈ ਹੈ। ਲੋਕ ਆਪਣੇ ਨੇੜਲੇ ਉਪਰੋਕਤ ਕਿਸੇ ਵੀ ਦਫਤਰ ਵਿਚ ਜਾ ਕੇ ਆਪਣੀ ਮੁਸ਼ਕਿਲ, ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ, ਜਿਸ ਨੂੰ ਸਬੰਧਤ ਵਿਭਾਗ ਰਾਹੀਂ ਹੱਲ ਕਰਵਾਇਆ ਜਾਂਦਾ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜੂਮ ਮੀਟਿੰਗ ਸ਼ੁਰੂ ਕਰਨ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਲੋਕ ਘਰੋਂ ਹੀ ਜਾਂ ਆਪਣੇ ਨੇੜਲੇ ਕਿਸੇ ਵੀ ਦਫਤਰ ਜਾ ਕੇ ਆਪਣੀ ਮੁਸ਼ਕਿਲ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਲਿਆ ਸਕਦੇ ਹਨ। ਉਨਾਂ ਦੱਸਿਆ ਕਿ ਆਨਲਾਈਨ ਜੂਮ ਮੀਟਿੰਗ ਤੋਂ ਇਲਾਵਾ ਜ਼ਿਲਾ ਵਾਸੀ 62393-01830 ਵਟਸਐਪ ਨੰਬਰ ’ਤੇ ਵੀ ਆਪਣੀ ਸ਼ਿਕਾਇਤ ਜਾਂ ਮੁਸ਼ਕਿਲ ਭੇਜ ਸਕਦੇ ਹਨ।

ਅੱਜ ਆਨ-ਲਾਈਨ ਜੂਮ ਮੀਟਿੰਗ ਵਿਚ ਸ਼ਿਰਕਤ ਕਰਦਿਆਂ ਕੋਟਲੀ ਸੂਰਤ ਮੱਲ੍ਹੀ ਦੇ ਵਸਨੀਕ ਵਲੋਂ ਸਕੂਲ ਦਾ ਨਾਂਅ ਸ਼ਹੀਦ ਦੇ ਨਾਮ ਉੱਪਰ ਰੱਖਣ ਸਬੰਧੀ, ਪੈਟਰੋਲ ਪੰਪ ਖੋਲ੍ਹਣ ਲਈ ਐਨ.ਓ.ਸੀ ਲੈਣ ਸਬੰਧੀ, ਬਟਾਲਾ ਗਰਬੀ ਦੇ ਪਟਵਾਰੀ ਵਲੋਂ ਇੰਤਕਾਲ ਨਾ ਕਰਨ ਸਬੰਧੀ, ਬਟਾਲਾ ਦੇ 17 ਨੰਬਰ ਵਾਰਡ ਵਿਚ ਵਿਕਾਸ ਕੰਮ ਨਾ ਹੋਣ ਸਬੰਧੀ ਸਮੇਤ ਵੱਖ-ਵੱਖ ਮੁਸ਼ਕਿਲਾਂ/ਸਮੱਸਿਆਵਾਂ ਦੱਸੀਆਂ ਗਈਆਂ, ਜਿਨਾਂ ਨੂੰ ਹੱਲ ਕਰਨ ਲਈ ਡਿਪਟੀ ਕਮਿਸ਼ਨਰ ਵਲੋਂ ਸਬੰਧਤ ਵਿਭਾਗਾਂ ਨੂੰ ਮੌਕੇ ’ਤੇ ਆਦੇਸ਼ ਦਿੱਤੇ ਗਏ।

Leave a Reply

Your email address will not be published. Required fields are marked *