ਖੂਨਦਾਨ ਕੈਂਪ ਵਿੱਚ 67 ਵਿਅਕਤੀਆਂ ਨੇ ਖੂਨਦਾਨ ਕੀਤਾ
ਸਮਾਗਮ ਦੌਰਾਨ ਰੈੱਡ ਕਰਾਸ ਸੁਸਾਇਟੀ ਦੇ ਸੰਸਥਾਪਕ ਜੀਨ ਹੈਨਰੀ ਡੁਨਟ ਨੂੰ ਯਾਦ ਕੀਤਾ ਗਿਆ
ਗੁਰਦਾਸਪੁਰ, 9 ਮਈ (ਸਰਬਜੀਤ ਸਿੰਘ)–ਵਿਸ਼ਵ ਰੈੱਡ ਕਰਾਸ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਵੱਲੋਂ ਅੱਜ ਗੋਲਡਨ ਗਰੁੱਪ ਆਫ ਇੰਸਟੀਚਿਊਟਸ, ਹਰਦੋਛੰਨੀ ਰੋਡ ਗੁਰਦਾਸਪੁਰ ਵਿਖੇ ਇੱਕ ਵਿਸ਼ੇਸ਼ ਖੂਨਦਾਨ ਕੈਂਪ ਲਗਾਇਆ ਗਿਆ। ਇਸ ਖੂਨਦਾਨ ਕੈਂਪ ਵਿੱਚ ਕਾਲਜ ਦੇ ਵਿਦਿਆਰਥੀਆਂ, ਖੇਡ ਕਲੱਬਾਂ ਦੇ ਨੌਜਵਾਨਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਵਿਅਕਤੀਆਂ ਵੱਲੋਂ 67 ਯੂਨਿਟ ਖੂਨਦਾਨ ਕੀਤਾ ਗਿਆ। ਖੂਨਦਾਨ ਕੈਂਪ ਦਾ ਉਦਘਾਟਨ ਕਰਦਿਆਂ ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਨੇ ਕਿਹਾ ਕਿ ਖੂਨਦਾਨ ਮਹਾਨ ਦਾਨ ਹੈ ਅਤੇ ਇਸ ਨਾਲ ਬੇਸ਼ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਆਪਣਾ ਖੂਨ ਦਾਨ ਜ਼ਰੂਰ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਲੱਗਾ ਇਹ ਖੂਨ ਦਾਨ ਕੈਂਪ ਰੈਡ ਕਰਾਸ ਦੇ ਸੰਸਥਾਪਕ ਜੀਨ ਹੈਨਰੀ ਡੁਨਟ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਪਹਿਲੇ ਨੋਬਲ ਸ਼ਾਂਤੀ ਪੁਰਸਕਾਰ ਵਿਜੇਤਾ ਜੀਨ ਹੈਨਰੀ ਡੁਨਟ ਨੇ ਅੰਤਰ ਰਾਸ਼ਟਰੀ ਰੈਡ ਕਰਾਸ ਕਮੇਟੀ ਦੀ ਸਥਾਪਨਾ ਕਰਕੇ ਮਾਨਵਤਾ ਦੀ ਸੇਵਾ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਵਾਰ ਵਿਸ਼ਵ ਰੈਡ ਕਰਾਸ ਦਿਵਸ ਦਾ ਥੀਮ ‘ਜੋ ਵੀ ਕਰੋ, ਦਿਲ ਤੋਂ ਕਰੋ’ ਹੈ।
ਐੱਸ.ਡੀ.ਐੱਮ. ਗੁਰਦਾਸਪੁਰ ਅਮਨਦੀਪ ਕੌਰ ਨੇ ਕਿਹਾ ਕਿ ਰੈਡ ਕਰਾਸ ਸੁਸਾਇਟੀ ਮਨੁੱਖਤਾ, ਨਿਰਪੱਖਤਾ, ਸੁਤੰਤਰਤਾ, ਸਵੈ-ਇੱਛਤ ਸੇਵਾ, ਏਕਤਾ ਅਤੇ ਸਰਵ ਵਿਆਪਕਤਾ ਜਿਹੇ ਸਦਗੁਣਾਂ ’ਤੇ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਦੇਸ਼ ’ਚ ਪਹਿਲੀ ਵਾਰ 1920 ’ਚ ਰੈਡ ਕਰਾਸ ਸੁਸਾਇਟੀ ਦੀ ਸਥਾਪਨਾ ਹੋਈ ਸੀ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ’ਚ ਵੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਕਾਰਜਸ਼ੀਲ ਹੈ ਜੋ ਕਿ ਪੰਜਾਬ ਇਕਾਈ ਨਾਲ ਸਬੰਧਤ ਹੈ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਮਰਜੀਤ ਸਿੰਘ ਭਾਟੀਆ, ਗੋਲਡਨ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਮੋਹਿਤ ਮਹਾਜਨ, ਵਿਨੇਕ ਮਹਾਜਨ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਰਵੀ ਦਾਰਾ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਡਾਇਰੈਕਟਰ ਰਜੀਵ ਸਿੰਘ, ਐੱਸ.ਐੱਸ.ਐੱਮ. ਕਾਲਜ ਦੇ ਡੀਨ ਪ੍ਰੋ. ਗਰੋਵਰ, ਪ੍ਰਵੀਨ, ਸਨਦੀਪ ਕੌਰ ਤੋਂ ਇਲਾਵਾ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।