ਗੁਰਦਾਸਪੁਰ, 11 ਅਪ੍ਰੈਲ (ਸਰਬਜੀਤ ਸਿੰਘ)–ਆਤਮ ਨਿਰਭਰ ਭਾਰਤ ਅਭਿਆਨ ਤਹਿਤ ਪ੍ਰਧਾਨ ਮੰਤਰੀ ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਪ੍ਰਫੂਲਤ ਕਰਨ ਦੀ ਯੋਜਨਾ ਤਹਿਤ ਅੱਜ ਸਥਾਨਕ ਪੰਚਾਇਤ ਭਵਨ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਜਾਗਰੂਕਤਾ ਕੈਂਪ ਦੀ ਪ੍ਰਧਾਨਗੀ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਵੱਲੋਂ ਕੀਤੀ ਗਈ। ਇਸ ਮੌਕੇ ਸਵੈ ਸਹਾਇਤਾਂ ਸਮੂਹਾਂ ਅਤੇ ਫਾਰਮਰ ਪ੍ਰੀਡਿਊਸਰ ਗੁਰੱਪਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।
ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਐਗਰੋ ਦੇ ਜਨਰਲ ਮੈਨੇਜਰ ਰਜਨੀਸ਼ ਤੁੱਲੀ ਨੇ ਫੂਡ ਪ੍ਰੋਸੈਸਿੰਗ ਦੀਆਂ ਛੋਟੀਆਂ ਇਕਾਈਆਂ ਨੂੰ ਪ੍ਰਫੂਲਤ ਕਰਨ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇੱਕ ਜ਼ਿਲ੍ਹਾ ਇੱਕ ਉਤਪਾਦ ਪਾਲਿਸੀ ਬਣਾਈ ਗਈ ਹੈ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਨੂੰ ਗੰਨੇ ਦੇ ਉਤਪਾਦ ਲਈ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਗੰਨੇ ਦੇ ਉਤਪਾਦ ਬਣਾਉਣ ਲਈ ਕਿਸਾਨਾਂ, ਸੈਲਫ ਹੈਲਪ ਗਰੁੱਪਾਂ ਅਤੇ ਐੱਫ.ਪੀ.ਓ. ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਹੁਣ ਤੱਕ ਜ਼ਿਲ੍ਹੇ ਦੇ 61 ਸੈਲਫ ਹੈਲਪ ਗੁਰੱਪ ਸਰਕਾਰ ਦੀ ਇਸ ਸਕੀਮ ਦਾ ਲਾਭ ਉਠਾ ਕੇ ਆਪਣਾ ਕੰਮ ਸ਼ੁਰੂ ਕਰ ਚੁੱਕੇ ਹਨ।
ਰਜਨੀਸ਼ ਤੁੱਲੀ ਨੇ ਦੱਸਿਆ ਕਿ ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਨੂੰ ਸਰਕਾਰ ਵੱਲੋਂ ਸਬਸਿਡੀ ਉੱਪਰ ਲੋਨ ਦਿੱਤਾ ਜਾਂਦਾ ਹੈ, ਉਨ੍ਹਾਂ ਦੇ ਉਤਪਾਦਾਂ ਦੇ ਮੰਡੀਕਰਨ ਵਿੱਚ ਸਹਾਇਤਾ ਕੀਤੀ ਜਾਂਦੀ ਹੈ, ਉਤਪਾਦਾਂ ਦੀ ਰਜਿਸ਼ਟੇਰਸ਼ਨ ਕਰਵਾਉਣ ਅਤੇ ਸਾਂਝਾ ਪ੍ਰੋਸੈਸਿੰਗ, ਸਟੋਰੇਜ ਅਤੇ ਪੈਕਿੰਗ ਦੇ ਬੁਨਿਆਦੀ ਢਾਂਚੇ ਸਥਾਪਤ ਕਰਨ ਵਿੱਚ ਵੀ ਵਿੱਤੀ ਮਦਦ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਪ੍ਰਧਾਨ ਮੰਤਰੀ ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਸ਼ੁਰੂ ਕਰਨ ਦੇ ਚਾਹਵਾਨ ਆਨ-ਲਾਈਨ ਪੋਰਟਲ ਉੱਪਰ ਅਪਲਾਈ ਕਰ ਸਕਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮੁਦ ਬਾਮਬਾ ਨੇ ਜਾਗਰੂਕਤਾ ਕੈਂਪ ਵਿੱਚ ਹਾਜ਼ਰ ਸਵੈ ਸਹਾਇਤਾਂ ਸਮੂਹਾਂ ਦੇ ਮੈਂਬਰਾਂ, ਐੱਫ.ਪੀ.ਓ. ਦੇ ਨੁਮਾਇੰਦਿਆਂ ਅਤੇ ਅਗਾਂਹਵਧੂ ਕਿਸਾਨਾਂ ਨੂੰ ਅਪੀਕ ਕੀਤੀ ਕਿ ਉਹ ਆਤਮ ਨਿਰਭਰ ਭਾਰਤ ਅਭਿਆਨ ਤਹਿਤ ਪ੍ਰਧਾਨ ਮੰਤਰੀ ਲਘੂ ਅਤੇ ਛੋਟੀਆਂ ਫੂਡ ਪ੍ਰੋਸੈਸਿੰਗ ਇਕਾਈਆਂ ਸ਼ੁਰੂ ਕਰਕੇ ਸਰਕਾਰ ਦੀ ਯੋਜਨਾਂ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਹ ਸਕੀਮ ਜ਼ਿਲ੍ਹਾ ਗੁਰਦਾਸਪੁਰ ਲਈ ਵਰਦਾਨ ਸਾਬਤ ਹੋ ਸਕਦੀ ਹੈ ਅਤੇ ਯੋਗ ਵਿਅਕਤੀਆਂ ਨੂੰ ਗੰਨੇ ਦੇ ਉਤਪਾਦਾਂ ਨਾਲ ਸਬੰਧਤ ਫੂਡ ਪ੍ਰੋਸੈਸਿੰਗ ਯੂਨਿਟ ਸ਼ੁਰੂ ਕਰਕੇ ਇਸ ਯੋਜਨਾ ਦਾ ਲਾਭ ਉਠਾਉਣਾ ਚਾਹੀਦਾ ਹੈ।
ਇਸ ਮੌਕੇ ਨੈਸ਼ਨਲ ਐਵਾਰਡੀ ਸਰਪੰਚ ਅਤੇ ਆਤਮ ਨਿਰਭਰ ਭਾਰਤ ਅਭਿਆਨ ਦੇ ਰੀਸੋਰਸ ਪਰਸਨ ਪੰਥਦੀਪ ਸਿੰਘ ਛੀਨਾ ਨੇ ਵੀ ਇਸ ਯੋਜਨਾ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਇਸ ਮੌਕੇ ਸਟੇਟ ਰੀਸੋਰਸ ਪਰਸਨ ਮੇਗਾ ਸੈਣੀ, ਜੀ.ਐੱਮ. ਇੰਡਸਟਰੀ ਸੁਖਪਾਲ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਸ਼ਾਮ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।


