ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)–ਵਿਧਾਤਾ ਸਿੰਘ ਤੀਰ ਤੇ ਤਰਲੋਚਨ ਸਿੰਘ ਲਿਖਦੇ ਹਨ ਕਿ ਲਾਹੌਰ ਸ਼ਹਿਰ ਅੰਦਰ ਕਣਕ ਦੀ ਘਾਟ ਕਰਕੇ ਆਟੇ ਦਾ ਕਾਲ ਪਿਆ ਹੋਇਆ ਹੈ। ਲੋੜਵੰਦ ਲੋਕ ਲੰਬੀਆਂ ਲੰਬੀਆਂ ਕਤਾਰਾਂ ‘ਚ ਖੜ੍ਹੇ ਆਟੇ ਦਾ ਇੰਤਜ਼ਾਰ ਕਰਦੇ ਸਾਹ ਛੱਡ ਰਹੇ ਨੇ… ਭੁੱਖ ਨੇ ਬੁਰਾ ਹਾਲ ਕੀਤਾ ਹੋਇਆ।
ਅਜਿਹੀ ਹਾਲਤ ਵੇਖ ਕੇ ਉਹ ਪਾਂਡੀ ਪਾਤਸ਼ਾਹ ਯਾਦ ਆ ਰਿਹਾ ਹੈ ਜੋ ਕਾਲ ਸਮੇਂ ਇੱਕ ਬੁੱਢੇ ਤੇ ਬੱਚੇ ਤੋਂ ਸਰਕਾਰੀ ਮੋਦੀਖਾਨੇ ‘ਚੋਂ ਕਢਾਈ ਕਣਕ ਚੁੱਕ ਨੀ ਸੀ ਗਈ, ਤੇ ਉਹ ਖ਼ੁਦ ਛੱਡ ਕੇ ਆਇਆ ਸੀ, ਮਗਰੋਂ ਪਤਾ ਲੱਗਾ ਕਿ ਪਾਂਡੀ ਪਾਤਸ਼ਾਹ ਕੋਈ ਹੋਰ ਨਹੀਂ ਸਗੋਂ ਖੁਦ ਉਸ ਵਕਤ ਦਾ ਮਹਾਰਾਜਾ, ਸਰਦਾਰ ਰਣਜੀਤ ਸਿੰਘ ਸ਼ੁੱਕਰਚੱਕੀਆ ਸੀ।
ਬਚਪਨ ਵਿੱਚ ਆਪਾਂ ਬਹੁਤਿਆਂ ਨੇ ਉਹ ਕਵਿਤਾ ਪੜ੍ਹੀ ਸੀ ਸਕੂਲੀ ਕਿਤਾਬਾਂ ਵਿੱਚ ਸ. ਵਿਧਾਤਾ ਸਿੰਘ ਤੀਰ ਦੀ ਲਿਖੀ ਹੋਈ
ਪਾਂਡੀ ਪਾਤਸ਼ਾਹ
ਕੋਈ ਰੋਕੇ ਬਲਾ ਕਿਵੇਂ, ਸਾਹਿਬ ਦੇ ਭਾਣੇ ਨੂੰ।
ਇਕ ਵੇਲਾ ਐਸਾ ਵੀ, ਆਇਆ ਇਸ ਧਰਤੀ ਤੇ।
ਦਾਤਾ ਵੀ ਸਹਿਕ ਗਿਆ, ਜਦ ਇੱਕ ਇੱਕ ਦਾਣੇ ਨੂੰ।
ਭੁੱਖੇ ਬਘਿਆੜ ਜਿਉਂ, ਆ ਭੁੱਖਾ ਕਾਲ ਪਿਆ।
ਧਰਤ ਇਹ ਭਾਗ ਭਰੀ, ਪੰਜਾਂ ਦਰਿਆਵਾਂ ਦੀ।
ਮੂੰਹ ਆਈ ਆਫ਼ਤ ਦੇ, ਕੋਈ ਉਲਟਾ ਫਾਲ ਪਿਆ।
ਮੁਟਿਆਰਾਂ ਕੁੜੀਆਂ ਸਭ, ਪੂਣੀ ਰੰਗ ਹੋ ਗਈਆਂ।
ਪਿਤ ਪੈ ਗਏ ਭੋਖੋਂ ਦੇ, ਸਭ ਛੈਲ ਜਵਾਨਾਂ ਨੂੰ।
ਰੱਤਾਂ ਵਿੱਚ ਨਾੜਾਂ ਦੇ, ਸੁੱਕੀਆਂ ਤੇ ਖਲੋ ਗਈਆਂ।
ਬੁੱਢਿਆਂ ਦਾ ਹਾਲ ਬੁਰਾ, ਗਭਰੂ ਵੀ ਝੁਕ ਗਏ ਸਨ।
ਨਾ ਪੇਟ ਪਿਆ ਝੁਲਕਾ, ਨਾ ਭੁੱਖ ਦੀ ਅੱਗ ਬੁੱਝੀ।
ਮਾਵਾਂ ਦੀ ਛਾਤੀ ਚੋਂ, ਦੁੱਧ ਸੜ ਸੜ ਸੁੱਕ ਗਏ ਸਨ।
ਕਈ ਹੀਰੇ ਮਾਵਾਂ ਦੇ, ਲੱਖ ਤਰਲੇ ਕਰਨ ਲੱਗੇ।
ਚੁੰਘ ਚੁੰਘ ਕੇ ਥਣ ਸੁੱਕੇ, ਲੈ ਲੈ ਕੇ ਵਿਲਕਣੀਆਂ।
ਜਦ ਜੀਵਣ ਜੋਗੇ ਵੀ, ਲੁਛ ਲੁਛ ਕੇ ਮਰਨ ਲੱਗੇ।
ਪੰਜਾਬ ਦੇ ਰਾਜੇ ਤੋਂ, ‘ਰਣਜੀਤ’ ਪਿਆਰੇ ਤੋਂ।
ਇਹ ਝਾਕੀ ਦਰਦਾਂ ਦੀ, ਤਦ ਗਈ ਸਹਾਰੀ ਨਾ।
ਦੁਖੀਆਂ ਦੇ ਦਰਦੀ ਤੋਂ, ਲਿਸਿਆਂ ਦੇ ਸਹਾਰੇ ਤੋਂ।
ਢੰਢੋਰਾ ਦੇ ਦਿੱਤਾ, ਹੋਕਾ ਫਿਰਵਾ ਦਿੱਤਾ।
ਪਤਨਾਂ, ਚੌਰਾਹਿਆਂ ਤੇ, ਸ਼ਾਹੀ ਦਰਵਾਜੇ ਤੇ।
ਇਹ ਮੋਟੇ ਅੱਖਰਾਂ ਵਿੱਚ, ਲਿਖ ਕੇ ਲਗਵਾ ਦਿੱਤਾ।
“ਰਾਜਾ ਤਾਂ ‘ਰਾਖਾ ਹੈ’, ‘ਭੰਡਾਰਾ ਪਰਜਾ ਦਾ’।
ਤੜਕੇ ਤੋਂ ਸ਼ਾਮਾਂ ਤੱਕ, ਦਰਵਾਜੇ ਖੁਲ੍ਹੇ ਹਨ।
ਅੰਨ ਹਰ ਕੋਈ ਲੈ ਜਾਵੇ, ਹੈ ਸਾਰਾ ਪਰਜਾ ਦਾ।
ਇਕ ਵਾਰੀ ਜਿਤਨੇ ਵੀ, ਕੋਈ ਚਾ ਕੇ ਲੈ ਜਾਵੇ।
ਹਿੰਦੂ ਸਿੱਖ ਮੁਸਲਮ ਦਾ, ਕੋਈ ਖਾਸ ਮੁਲਾਹਜਾ ਨਹੀਂ।
ਹੈ ਜਿਸ ਨੂੰ ਲੋੜ ਬਣੀ, ਉਹ ਆ ਕੇ ਲੈ ਜਾਵੇ।”
ਸੁੰਞੇ ਜਿਹੇ ਕੂਚੇ ਵਿੱਚ, ਲਾਹੌਰ ਦੀ ਵਾਸੀ ਵਿੱਚ।
ਇਕ ਮੋਚੀ-ਬੱਚੜੇ ਦੀ, ਕੰਨੀਂ ਇਹ ਭਿਣਕ ਪਈ।
ਇਕ ‘ਆਸਾ’ ਚਮਕ ਪਈ ਝਟ ਆਣ ‘ਉਦਾਸੀ’ ਵਿੱਚ।
ਝਟ ਬੂਹਿਓਂ ਅੰਦਰ ਹੋ, ਦਾਦੇ ਦੁਖਿਆਰੇ ਨੂੰ।
ਇਉਂ ਪੋਤਾ ਕਹਿਣ ਲੱਗਾ, ਢਿਡ ਉੱਤੇ ਹਥ ਧਰ ਕੇ।
ਭੁੱਖਾਂ ਦੇ ਰੁਲਾਏ ਨੂੰ, ਵਖਤਾਂ ਦੇ ਮਾਰੇ ਨੂੰ।
“ਬਾਬਾ ਦੀ ‘ਲਾਦੇ’ ਦਾ, ਤਹਿ ਦਿਆ ‘ਪਛਾਈ’ ਏ।
ਲਾਦੇ ਦੇ ਮਹਿਲਾਂ ਤੋਂ, ਛਬ ਦਾਣੇ ਲੈ ਆਵੋ।
ਉਥੇ ਤੋਈ ਧਾਟਾ ਨਹੀਂ, ਅਦ ਬੇ ਪਲਵਾਹੀ ਏ।
ਜੇ ਮੇਲੇ ਨਾਲ ਤਲੋ, ਦਾਣੇ ਲੈ ਆਵਾਂ ਦੇ।
ਦੰਦੋਰੀ ਉਲ੍ਹੇ ਕਲੋ, ਮੈਂ ਫਲਕੇ ਤੁਲਦਾ ਹਾਂ।
ਜੇ ਤਲ ਤੇ ਲੈ ਆਈਏ, ਲਜ ਲਜ ਤੇ ਥਾਵਾਂ ਦੇ।”
ਸੁਣ ਬੁੱਢੜੇ ਮੋਚੀ ਨੂੰ ਲਗ ਸੀਨੇ ਤੀਰ ਗਿਆ।
ਪੋਤੇ ਦੀਆਂ ਲਾਡਲੀਆਂ, ਥਥੀਆਂ ਤੇ ਤੋਤਲੀਆਂ।
ਘਾ ਦਿਲ ਤੇ ਕਰ ਗਈਆਂ, ਨੈਣਾਂ ਚੋਂ ਨੀਰ ਗਿਆ।
ਤੱਕ ਹਿੰਮਤ ਅਪਣੀ ਨੂੰ, ਪਹਿਲੇ ਤਾਂ ਝੁਰਿਆ ਉਹ,
ਪਰ ਆਜਜ਼ ਪੋਤੇ ਦੀ, ਭੁਖ ਜਿੰਦ ਨੂੰ ਖਾਂਦੀ ਸੀ।
ਹਥਾਂ ਚਿ ਡੰਗੋਰੀ ਲੈ, ਲੱਕ ਬੰਨ੍ਹ ਕੇ ਟੁਰਿਆ ਉਹ।
ਹਿਚਕੋਲੇ ਖਾਂਦਾ ਉਹ, ਇਉਂ ਜੀਉਂਦਾ ਮਰਦਾ ਉਹ।
ਪੋਤੇ ਨੂੰ ਨਾਲ ਲਈ, ਡੰਗੋਰੀ ਫੜੀ ਹੋਈ।
ਪੁਜ ਪਿਆ ਭੰਡਾਰੇ ਤੇ, ਲੱਖ ਤਰਲੇ ਕਰਦਾ ਉਹ।
ਘਿਗਿਆਈ ਬੋਲੀ ਵਿੱਚ, ਉਸ ਅਰਜ਼ ਸੁਣਾ ਦਿੱਤੀ।
ਜਾ ਕੋਲ ਭੰਡਾਰੀ ਦੇ, ਮਾਰੇ ਲਾਚਾਰੀ ਦੇ।
ਮੈਲੀ ਜਿਹੀ ਚਾਦਰ ਇਕ, ਚੁਪ ਚਾਪ ਵਿਛਾ ਦਿੱਤੀ।
ਦਰਦੀ ਭੰਡਾਰੀ ਨੇ, ਝਟ ਚਾਦਰ ਭਰ ਦਿੱਤੀ।
ਉਸ ਦਰਦ ਰੰਞਾਣੇ ਦੀ, ਉਸ ਭੁੱਖਣ ਭਾਣੇ ਦੀ।
ਆਸਾ ਜੋ ਦਿਲ ਦੀ ਸੀ, ਝਟ ਪੂਰੀ ਕਰ ਦਿੱਤੀ।
ਪਰ ਪੰਡ ਜੋ ਬੰਨ੍ਹ ਧਰੀ, ਸੀ ਦੋ ਮਣ ਭਾਰੀ ਉਹ।
ਇੱਕ ਬਾਲ ਅੰਞਾਣਾ ਸੀ, ਇੱਕ ਬਾਬਾ ਬੁੱਢੜਾ ਸੀ।
ਪੰਡ ਚੁੱਕਦਾ ਕੌਣ ਭਲਾ, ਟੁਰਨੋਂ ਸੀ ਆਰੀ ਉਹ।
ਆਖਰ ਇਉਂ ਕੁਦਰਤ ਨੇ, ਇਕ ਢੋ ਢੁਕਾਇਆ ਏ।
ਇਕ ਸਿੱਖ ਚਿਟ-ਕਾਪੜੀਆ, ਦਾੜ੍ਹੀ ਸੂ ਦੁੱਧ ਜਿਹੀ।
ਉਸ ਬੁੱਢੜੇ ਬਾਬੇ ਵਲ, ਉਹ ਭਜਿਆ ਆਇਆ ਏ।
ਕੀਤੀ ਹਮਦਰਦੀ ਆ, “ਐਵੇਂ ਨਾ ਝੁਰ ਬਾਬਾ।
ਮੈਂ ਤੇਰਾ ਪੁੱਤਰ ਹਾਂ,” ਕਹਿ ਪੰਡ ਉਠਾ ਲੀਤੀ।
ਫਿਰ ਬੋਲਿਆ ਬਾਬੇ ਨੂੰ, “ਚਲ ਘਰ ਨੂੰ ਟੁਰ ਬਾਬਾ।”
ਤੱਕ ਬੁੱਢੜੇ ਮੋਚੀ ਨੇ, ਲੱਖ ਸ਼ੁਕਰ ਮਨਾਇਆ ਏ ।
ਦਿਲ ਦੇ ਵਿੱਚ ਕਹਿੰਦਾ ਏ, “ਇਹ ਬੰਦਾ ਬੰਦਾ ਨਹੀਂ।
ਇਸ ਆਜਜ਼ ਬੰਦੇ ਲਈ, ਇਹ ਅੱਲਾ ਆਇਆ ਏ।”
ਔਹ ! ਪਾਂਡੀ ਜਾਂਦਾ ਜੇ, ਕਿਹਾ ਸੋਹਣਾ ਲੱਗਦਾ ਏ।
ਭਾਰੀ ਏ ਪੰਡ ਬੜੀ, ਪੈਂਡਾ ਵੀ ਚੋਖਾ ਏ।
ਪਾਂਡੀ ਦੇ ਪਿੰਡੇ ਚੋਂ, ਪਿਆ ਮੁੜ੍ਹਕਾ ਵਗਦਾ ਏ।
ਪੁੱਜ ਪਿਆ ਟਿਕਾਣੇ ਤੇ, ਮੋਚੀ ਦੇ ਘਰ ਆਇਆ ।
ਪੰਡ ਸੁਟਕੇ ਮੁੜਿਆ ਜਾਂ, ਜਾਂ ਓਥੋਂ ਤੁਰਨ ਲੱਗਾ ।
ਉਸ ਬੁੱਢੜੇ ਮੋਚੀ ਦਾ, ਦਿਲ ਡਾਢਾ ਭਰ ਆਇਆ ।
ਉਸ ਪਿਆਰੇ ਪਾਂਡੀ ਦੀ, ਉਸ ਸੋਹਣੇ ਪਾਂਡੀ ਦੀ।
ਉਸ ਕੰਨੀ ਪਕੜ ਲਈ, ਮਨਮੋਹਣੇ ਪਾਂਡੀ ਦੀ।
ਦਿਲਦਾਰੀ ਇਉਂ ਕੀਤੀ, ਦਿਲ-ਖੋਹਣੇ ਪਾਂਡੀ ਦੀ।
“ਸਰਦਾਰਾ ! ਜੀਉਂਦਾ ਰਹੁ, ਕੀ ਨਾਂ ਹੈ ਦੱਸ ਤੇਰਾ।
ਤੂੰ ਮੁੱਲ ਲੈ ਲੀਤਾ ਏ, ਇਸ ਬੁੱਢੜੇ ਮੋਚੀ ਨੂੰ।
ਕਬਰਾਂ ਵਿੱਚ ਪੈ ਕੇ ਵੀ, ਗਾਵੇਗਾ ਯੱਸ ਤੇਰਾ।”
ਉਸ ਹੀਰੇ ਪਾਂਡੀ ਨੇ, ਝਟ ਚਾਦਰ ਲਾਹ ਦਿੱਤੀ।
ਬਰਦੀ ਵੀ ਸ਼ਾਹੀ ਏ, ਸਿਰ ਤੇ ਵੀ ਕਲਗੀ ਏ।
ਬੁੱਢੜੇ ਦੇ ਦਿਲ ਅੰਦਰ, ਇਕ ਹਲਚਲ ਪਾ ਦਿੱਤੀ।
“ਬਾਬਾ ਮੈਂ ਰਾਜਾ ਹਾਂ, ਨਾਂ ਹੈ ‘ਰਣਜੀਤ’ ਮੇਰਾ।
ਨੇਕੀ ਹੈ ਕਾਰ ਮੇਰੀ, ਸਾਂਝਾ ਹੈ ਧਰਮ ਮੇਰਾ।
ਪਰਜਾ ਲਈ ਜਾਨ ਦਿਆਂ, ਪੇਸ਼ਾ ਹੈ ‘ਪ੍ਰੀਤ’ ਮੇਰਾ।
ਕਾਬਲ ਦੀਆਂ ਕੰਧਾਂ ਤਕ, ਮੈਂ ਪਾਉਂਦਾ ਘੂਕਰ ਹਾਂ।
ਪਰ ਪਿਆਰੇ ਬਾਬਾ ਜੀ, ਪਰਜਾ ਦਾ ਕੂਕਰ ਹਾਂ।