ਪੰਜਾਬ ਸਰਕਾਰ ਵੱਲੋ 5 ਕਰੋੜ ਰੁਪਏ ਦੀ ਲਾਗਤ ਨਾਲ ਪਿੰਡ ਚੱਕ ਅਰਾਈਆਂ ਵਿਖੇ ਬਣਾਇਆ ਜਾਵੇਗਾ 66 ਕੇਵੀ ਨਵਾਂ ਬਿਜਲੀ ਘਰ
ਹਲਕਾ ਗੁਰਦਾਸਪੁਰ ਦਾ ਸਰਬਪੱਖੀ ਵਿਕਾਸ ਮੇਰਾ ਮੁੱਖ ਏਜੰਡਾ – ਚੇਅਰਮੈਨ ਰਮਨ ਬਹਿਲ
ਗੁਰਦਾਸਪੁਰ, 8 ਅਪ੍ਰੈਲ (ਸਰਬਜੀਤ ਸਿੰਘ)—ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਗੁਰਦਾਸਪੁਰ ਦੇ ਰੈਸਟ ਹਾਊਸ ਵਿਖੇ ਖਚਾਖਚ ਭਰੀ ਹੋਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਖੱਪਤਕਾਰਾਂ ਨੂੰ ਨਿਰਵਿਘਨ ਅਤੇ ਕੁਆਲਟੀ ਸਪਲਾਈ ਦੇਣ ਲਈ ਗੁਰਦਾਸਪੁਰ ਦੇ ਪਿੰਡ ਚੱਕ ਅਰਾਈਆਂ ਵਿਖੇ 66 ਕੇਵੀ ਸਬ ਸਟੇਸ਼ਨ ਉਸਾਰਨ ਦੀ ਤਜਵੀਜ ਪੀ.ਐਸ.ਪੀ.ਸੀ.ਐਲ ਵੱਲੋਂ ਮਨਜ਼ੂਰ ਕਰ ਲਈ ਗਈ ਹੈ। ਇਸ ਬਿਜਲੀ ਘਰ ਦੀ ਉਸਾਰੀ ਉੱਪਰ ਰਾਜ ਸਰਕਾਰ ਵੱਲੋਂ ਕਰੀਬ 5 ਕਰੋੜ ਖਰਚ ਕੀਤੇ ਜਾਣਗੇ। ਇਸ ਮੌਕੇ ਡਿਪਟੀ ਚੀਫ ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ ਵੀ ਮੌਜੂਦ ਸਨ।

ਹਲਕਾ ਵਾਸੀਆਂ ਨੂੰ ਇਹ ਖੁਸ਼ਖਬਰੀ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨ, ਪਿੰਡ ਚੱਕ ਅਰਾਈਆਂ ਦੀ ਉਸਾਰੀ ਤੋਂ ਬਾਅਦ 21 ਪਿੰਡਾਂ ਪੂਰੋਵਾਲ ਅਰਾਈਆਂ, ਸਿੰਘੋਵਾਲ, ਪਰਸੋ ਕਾ ਪਿੰਡ, ਦਾਖਲਾ, ਕੋਟਲੀ ਮੋਈਆਂ, ਚੌੜ ਸਿੱਧਵਾਂ, ਨਰਪੁਰ, ਵਰਸੋਲਾ, ਛੰਬ, ਮਸੀਤ, ਲੱਖੋਵਾਲ, ਮੁਸਤਫ਼ਾਬਾਦ ਸੈਦਾਂ, ਚੱਕ ਅਰਾਈਆਂ, ਹੇਮਰਾਜਪੁਰ, ਵਰ੍ਹਿਆਂ, ਤੁੰਗ, ਖੋਖਰ, ਦਬੂੜੀ, ਧੂਤ, ਰਾਵਲਪਿੰਡੀ ਅਤੇ ਕਾਲਾ ਨੰਗਲ ਨੰਬਰ ਪਿੰਡਾਂ ਨੂੰ ਨਿਰਵਿਗਨ ਅਤੇ ਕੁਆਲਟੀ ਸਪਲਾਈ ਮਿਲੇਗੀ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ 66 ਕੇ.ਵੀ ਸਬ-ਸਟੇਸ਼ਨ ਜੌੜਾ ਛੱਤਰਾਂ ਅਧੀਨ 16 ਪਿੰਡਾਂ ਨੂੰ ਬਿਜਲੀ ਸਪਲਾਈ ਕਰਨ ਵਾਲੇ 4 ਨੰ. 11 ਕੇ.ਵੀ ਫੀਡਰਾਂ ਦੀ ਸਪਲਾਈ ਜੰਗਲਾਤ ਏਰੀਏ ਵਿੱਚੋ ਲੱਗਣ ਕਰਕੇ ਮੀਂਹ ਅਤੇ ਹਨੇਰੀ ਵਾਲੇ ਦਿਨਾਂ ਵਿੱਚ ਜਿਆਦਾਤਰ ਬੰਦ ਰਹਿੰਦੀ ਸੀ, ਜਿਸ ਕਾਰਨ ਖਪਤਕਾਰਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਚੱਕ ਅਰਾਈਆਂ ਵਿਖੇ ਨਵਾਂ ਬਿਜਲੀ ਘਰ ਬਣਨ ਨਾਲ ਇਹ ਸਮੱਸਿਆ ਹੱਲ ਹੋ ਜਾਵੇਗੀ।
ਚੇਅਰਮੈਨ ਰਮਨ ਬਹਿਲ ਨੇ ਅੱਗੇ ਦੱਸਿਆ ਕਿ 66 ਕੇਵੀ ਇਮਪਰੂਵਮੈਂਟ ਟਰੱਸਟ 7 ਨੰਬਰ ਸਕੀਮ ਗੁਰਦਾਸਪੁਰ ਵਿਖੇ ਬਿਜਲੀ ਘਰ ਦਾ ਓਵਰ ਲੋਡਿਡ ਪਾਵਰ ਟਰਾਂਸਫਾਰਮਰ 10/12.5 ਐਮ.ਵੀ.ਏ ਤੋਂ 20 ਐਮ.ਵੀ.ਏ ਨਾਲ ਆਗਮਟ ਕਰ ਦਿੱਤਾ ਗਿਆ ਹੈ, ਜਿਸ ਨਾਲ ਗੁਰਦਾਸਪੁਰ ਸ਼ਹਿਰ ਦੇ ਖਪਤਕਾਰਾਂ ਨੂੰ ਦਿੱਤੀ ਜਾ ਰਹੀ ਬਿਜਲੀ ਸਪਲਾਈ ਦੀ ਨਿਰਵਿਘਨਤਾ ਅਤੇ ਗੁਣਵੱਤਾ ਵਿੱਚ ਵੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਲਈ ਮਹਿਕਮੇ ਵੱਲੋਂ 2.5 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ 132 ਕੇਵੀ ਸਬ ਸਟੇਸ਼ਨ ਗੁਰਦਾਸਪੁਰ ਨੂੰ ਵੱਡਾ ਕਰਕੇ 220 ਕੇਵੀ ਸਬ ਸਟੇਸਨ ਬਣਾਇਆ ਜਾ ਰਿਹਾ ਰਿਹਾ ਹੈ। ਜਿਸ ਨਾਲ ਪੈਡੀ ਸੀਜਨ ਵਿੱਚ ਪੀਕ ਲੋਡ ਦੇ ਸਮੇਂ ਟਰਾਂਸਮਿਸ਼ਨ ਲਾਈਨਾਂ ਦੀ ਓਵਰਲੋਡਿੰਗ ਕਰਕੇ ਲਗਾਏ ਜਾਣ ਵਾਲੇ ਬਿਜਲੀ ਕੱਟਾਂ ਤੋਂ ਬਚਿਆ ਜਾ ਸਕੇਗਾ ਅਤੇ ਖਪਤਕਾਰਾਂ ਨੂੰ ਨਿਰਵਿਗਨ ਸਪਲਾਈ ਦਿੱਤੀ ਜਾ ਸਕੇਗੀ। ਇਸ ਕੰਮ ਲਈ ਮਹਿਕਮੇਂ ਵੱਲੋ 25 ਕਰੋੜ ਰੁਪਏ ਖਰਚ ਕੀਤੇ ਜਾਣੇ ਹਨ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 300 ਯੂਨਿਟ ਪ੍ਰਤੀ ਮਹੀਨਾਂ ਮੁਫ਼ਤ ਬਿਜਲੀ ਦੇਣ ਦਾ ਵਾਅਦਾ ਨਿਭਾਇਆ ਜਾ ਰਿਹਾ ਹੈ ਜਿਸ ਤਹਿਤ ਜ਼ਿਲ੍ਹਾ ਗੁਰਦਾਸਪੁਰ ਵਿੱਚ 422396 ਘਰੇਲੂ ਖਪਤਕਾਰਾਂ ਵਿੱਚੋ 381842 (90.40%) ਖਪਤਕਾਰਾਂ ਦੇ ਮਹੀਨਾ 02/2023 ਅਤੇ 03/2023 ਵਿੱਚ ਜ਼ੀਰੋ ਬਿੱਲ ਆਏ ਹਨ।
ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਗੁਰਦਾਸਪੁਰ ਦੇ ਪੁਰਾਣੇ ਸਿਵਲ ਹਸਪਤਾਲ ਨੂੰ ਮੁੜ ਸ਼ੁਰੂ ਕਰਨ ਦੇ ਨਾਲ ਸਿਵਲ ਹਸਪਤਾਲ ਵਿੱਚ ਸਾਜ਼ੋ-ਸਮਾਨ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਖੇ ਸਕੂਲ ਆਫ ਐਮੀਨੈਂਸ ਦੀ ਸ਼ੁਰੂਆਤ ਵੀ ਗੁਰਦਾਸਪੁਰ ਵਾਸੀਆਂ ਲਈ ਇੱਕ ਹੋਰ ਵੱਡੀ ਸੌਗਾਤ ਹੈ। ਉਨ੍ਹਾਂ ਕਿਹਾ ਕਿ ਉਹ ਹਲਕਾ ਗੁਰਦਾਸਪੁਰ ਦਾ ਸਰਬਪੱਖੀ ਵਿਕਾਸ ਉਨ੍ਹਾਂ ਦਾ ਮੁੱਖ ਏਜੰਡਾ ਹੈ।
ਇਸ ਮੌਕੇ ਵਧੀਕ ਨਿਗਰਾਨ ਇੰਜੀ; ਕੁਲਦੀਪ ਸਿੰਘ, ਐਡੀਸ਼ਨਲ ਐੱਸ.ਈ. ਦੀਪਕ ਵੰਡਰਾ, ਐੱਸ.ਡੀ.ਓ. ਹਿਰਦੇਪਾਲ ਸਿੰਘ ਬਾਜਵਾ, ਐੱਸ.ਡੀ.ਓ. ਅਮਰਦੀਪ ਸਿੰਘ, ਸੀਨੀਅਰ ਆਪ ਆਗੂ ਭਾਰਤ ਭੂਸ਼ਨ ਸ਼ਰਮਾਂ, ਸੁੱਚਾ ਸਿੰਘ ਮੁਲਤਾਨੀ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

ਡਿਪਟੀ ਚੀਫ ਇੰਜੀ: ਅਰਵਿੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਹਾੜੀ ਸੀਜਨ ਦੇ ਮੱਦੇੇਨਜਰ ਨੂੂੰ ਮੁੱਖ ਰੱਖਦੇ ਹੋਏ ਇਸ ਸਮੇਂ ਕਣਕ ਦੀ ਫਸਲ ਪੱਕੀ ਹੋਈ ਹੈ ਤਾਂ ਜੋ ਬਿਜਲੀ ਦੇ ਸ਼ਾਰਟ ਸਰਕਿਟ ਨਾਲ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਲਈ ਉਨ੍ਹਾਂ ਸਮੂਹ ਕਿਸਾਨਾਂ ਅਪੀਲ ਕੀਤੀ ਕਿ ਉਹ ਟਿਊਬਵੈਲ ਤੇ ਲੱਗੇ ਹੋਏ ਟਰਾਂਸਫਰਾਂ ਦੇ ਆਲੇ ਦੁਆਲੇ ਫਸਲ ਨੂੰ ਕੱਟ ਦਿਤਾ ਜਾਵੇ ਅਤੇ ਕਟਲੀਵੀਸ਼ਨ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ।



