ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ
ਪਿੰਡ ਖੁਸ਼ਹਾਲਪੁਰ ਅਤੇ ਨਜ਼ਦੀਕੀ ਪਿੰਡ ਘੁੰਮਣ, ਕੋਠਾ, ਅਬਦਾਲ ਅਤੇ ਜੌੜੀਆਂ ਦੇ ਵਸਨੀਕ ਅਬਾਦ ਕੈਂਪ ਵਿੱਚ ਪਹੁੰਚ ਕੇ ਲਾਭ ਉਠਾਉਣ : ਡਿਪਟੀ ਕਮਿਸ਼ਨਰ
ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)— ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਰਹੱਦੀ ਖੇਤਰ ਦੇ ਵਿਕਾਸ ਲਈ ਚਲਾਏ ਜਾ ਰਹੇ ਮਿਸ਼ਨ ‘ਅਬਾਦ’ (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਤਹਿਤ ਤਹਿਸੀਲ ਡੇਰਾ ਬਾਬਾ ਨਾਨਕ ਦੇ ਸਰਹੱਦੀ ਪਿੰਡ ਖੁਸ਼ਹਾਲਪੁਰ ਦੀ ਆਈ.ਟੀ.ਆਈ. ਵਿਖੇ 27 ਮਾਰਚ ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 6:00 ਵਜੇ ਤੱਕ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿੱਚ ਪਿੰਡ ਖੁਸ਼ਹਾਲਪੁਰ ਤੋਂ ਇਲਾਵਾ ਨਜ਼ਦੀਕੀ ਪਿੰਡ ਘੁੰਮਣ, ਕੋਠਾ, ਅਬਦਾਲ ਅਤੇ ਜੌੜੀਆਂ ਦੇ ਵਸਨੀਕ ਵੀ ਭਾਗ ਲੈਣਗੇ। ਪਿੰਡ ਖੁਸ਼ਹਾਲਪੁਰ ਵਿਖੇ ਇਹ 8ਵਾਂ ਕੈਂਪ ਲਗਾਇਆ ਜਾ ਰਿਹਾ ਹੈ ਜਦਕਿ ਇਸਤੋਂ ਪਹਿਲਾਂ ਝਬਕਰਾ, ਡੇਰਾ ਬਾਬਾ ਨਾਨਕ, ਸ਼ਹੂਰਕਲਾਂ, ਠੇਠਰਕੇ, ਇਸਲਾਮਪੁਰ, ਗੁਰਚੱਕ ਅਤੇ ਆਦੀਆਂ ਵਿਖੇ ਵੀ ਅਬਾਦ ਕੈਂਪ ਲਗਾਏ ਜਾ ਚੁੱਕੇ ਹਨ।
ਪਿੰਡ ਖੁਸ਼ਹਾਲਪੁਰ ਵਿਖੇ ਮਿਸ਼ਨ ‘ਅਬਾਦ’ ਤਹਿਤ ਲੱਗਣ ਵਾਲੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਵੱਖ-ਵੱਖ ਭਲਾਈ ਯੋਜਨਾਵਾਂ ਦਾ ਲਾਭ ਦੇਣ ਦੇ ਨਾਲ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ। ਇਸ ਮੌਕੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੈਡੀਕਲ ਚੈਕਅਪ ਕਰਕੇ ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਆਬਦ ਕੈਂਪ ਦੌਰਾਨ ਮਿਲਟਰੀ/ ਪੈਰਾ ਮਿਲਟਰੀ/ ਪੁਲਿਸ ਅਧਿਕਾਰੀਆਂ ਵੱਲੋਂ ਫ਼ੌਜ/ ਪੁਲਿਸ ਵਿੱਚ ਭਰਤੀ ਸਬੰਧੀ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ’ਤੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਨੇ ਪਿੰਡ ਖੁਸ਼ਹਾਲਪੁਰ, ਘੁੰਮਣ, ਕੋਠਾ, ਅਬਦਾਲ ਅਤੇ ਜੌੜੀਆਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕੈਂਪ ਵਿੱਚ ਪਹੁੰਚ ਕੇ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਉਠਾਉਣ।