ਚੰਡੀਗੜ੍ਹ, ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)– ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕੀਤੇ ਜਾਣ ‘ਤੇ ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਇਹ ਵਿਚਾਰ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਖ਼ਤਰਾ ਹੈ। ਰਾਹੁਲ ਗਾਂਧੀ ਨੂੰ ਸੱਚ ਬੋਲਣ ਦੀ ਸਜ਼ਾ ਮਿਲੀ ਹੈ।
ਸੀਨੀਅਰ ਕਾਂਗਰਸੀ ਆਗੂ ਨੇ ਕਿਹਾ ਕਿ ਲੋਕਤਾਂਤਰਿਕ ਸੰਸਥਾਵਾਂ ਨੂੰ ਡੱਕ ਕੇ ਰੱਖਿਆ ਜਾ ਰਿਹਾ ਹੈ। ਸਰਕਾਰੀ ਅਦਾਰਿਆਂ ਨੂੰ ਦਬਾਇਆ ਜਾ ਰਿਹਾ ਹੈ ਜਦ ਕਿ ਪ੍ਰਗਟਾਵੇ ਦੀ ਆਜ਼ਾਦੀ ਇੱਕ ਮਹੱਤਵਪੂਰਨ ਮਾਮਲਾ ਹੈ। ਰਾਹੁਲ ਗਾਂਧੀ ਸੰਸਦ ਦੇ ਅੰਦਰ ਅਤੇ ਬਾਹਰ ਨਿਡਰ ਹੋ ਕੇ ਬਿਆਨ ਦਿੰਦੇ ਹਨ, ਦਲੀਲਾਂ ਨਾਲ ਉਨ੍ਹਾਂ ਨੂੰ ਚੁੱਪ ਨਹੀਂ ਕਰਵਾ ਸਕੇ, ਤਾਂ ਉਨ੍ਹਾਂ ਨੇ ਲੋਕ ਸਭਾ ਦੀ ਮੈਂਬਰਸ਼ਿਪ ਖਤਮ ਕਰ ਦਿੱਤੀ।
ਰਾਹੁਲ ਗਾਂਧੀ ਸੰਸਦ ਦੇ ਅੰਦਰ ਅਤੇ ਸੰਸਦ ਦੇ ਬਾਹਰ ਮੋਦੀ ਸਰਕਾਰ ਦੀਆਂ ਨੀਤੀਆਂ ਖਿਲਾਫ ਆਵਾਜ਼ ਉਠਾਉਂਦੇ ਰਹੇ ਹਨ। ਬਾਜਵਾ ਨੇ ਕਿਹਾ ਕਿ ਅਸੀਂ ਡਰਨ ਵਾਲੇ ਨਹੀਂ ਹਾਂ, ਪਰ ਰਾਹੁਲ ਗਾਂਧੀ ਲੋਕਾਂ ਦੀ ਆਵਾਜ਼ ਹੋਰ ਵੀ ਬੁਲੰਦ ਕਰਨਗੇ। ਬਾਜਵਾ ਨੇ ਕਿਹਾ ਕਿ ਜੋ ਖੁਦ ਡਰਦੇ ਹਨ ਉਹ ਦੂਜਿਆਂ ਨੂੰ ਡਰਾਉਂਦੇ ਹਨ।