ਵਟਸਐਪ ਨੰਬਰ 62393-01830 ’ਤੇ ਵੀ ਦਿੱਤੀ ਜਾ ਸਕਦੀ ਹੈ ਸੂਚਨਾ
ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)–ਡਾ. ਹਿਮਾਂਸ਼ੂ ਅਗਰਵਾਲ, ਆਈ.ਏ.ਐੱਸ, ਜ਼ਿਲ੍ਹਾ ਮੈਜਿਸਟਰੇਟ, ਗੁਰਦਾਸਪੁਰ ਨੇ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਸਮੇਤ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੂੰ ਕਿਹਾ ਹੈ ਕਿ ਜੇਕਰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕੋਈ ਖਤਰਾ ਜਾਂ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਵਿਗੜਨ ਦਾ ਖਤਰਾ ਲੱਗਦਾ ਹੋਵੇ ਤਾਂ ਇਸਦੀ ਸੂਚਨਾ ਤੁਰੰਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਨੇ ਦੱਸਿਆ ਹੈ ਕਿ 27 ਜਨਵਰੀ 2023 ਨੂੰ ਇੱਕ ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਦੇ ਬਾਰਡਰ ਏਰੀਏ 10 ਕਿਲੋਮੀਟਰ ਦੇ ਘੇਰੇ ਅੰਦਰ ਪੈਂਦੇ ਪਿੰਡਾਂ ਦੀਆਂ 174 ਵਿਲੇਜ ਡਿਫੈਂਸ ਕਮੇਟੀਆਂ ਗਠਿਤ ਕੀਤੀਆਂ ਗਈਆਂ ਸਨ ਜਿਨ੍ਹਾਂ ਵਿੱਚ ਨੰਬਰਦਾਰ, ਸਰਪੰਚ, ਚੌਂਕੀਦਾਰ, ਮੈਂਬਰ ਪੰਚਾਇਤ, ਪਟਵਾਰੀ, ਪੁਲਿਸ ਦਾ ਨੁਮਾਇੰਦਾ ਅਤੇ ਬੀ.ਐੱਸ.ਐੱਫ ਆਦਿ ਦਾ ਨੁਮਾਇੰਦਾ ਮੈਂਬਰ ਬਣਾਏ ਗਏ ਸਨ।
ਜ਼ਿਲ੍ਹਾ ਮੈਜਿਸਟਰੇਟ ਨੇ ਇਨ੍ਹਾਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਸੀ.ਆਰ.ਪੀ.ਸੀ ਦੀ ਧਾਰਾ 40 ਤਹਿਤ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕੋਈ ਖਤਰਾ ਜਾਂ ਅਮਨ ਅਤੇ ਕਾਨੂੰਨ ਦੀ ਵਿਵਸਥਾ ਨੂੰ ਵਿਗੜਨ ਦਾ ਖਤਰਾ ਲੱਗਦਾ ਹੋਵੇ ਤਾਂ ਇਸਦੀ ਸੂਚਨਾ ਤੁਰੰਤ ਉਸ ਹਲਕੇ ਦੇ ਨੇੜੇ ਦੇ ਐੱਸ.ਐੱਚ.ਓ. ਜਾਂ ਉੱਪ ਪੁਲਿਸ ਕਪਤਾਨ ਜਾਂ ਨਾਇਬ ਤਹਿਸੀਲਦਾਰ ਜਾਂ ਉੱਪ ਮੰਡਲ ਮੈਜਿਸਟਰੇਟ ਨੂੰ ਦੇਣੀ ਯਕੀਨੀ ਬਣਾਈ ਜਾਵੇ।
ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਹੈ ਕਿ ਜਿਨ੍ਹਾਂ ਪਿੰਡਾਂ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਨਹੀਂ ਬਣਾਈਆਂ ਗਈਆਂ ਹਨ ਉਨ੍ਹਾਂ ਪਿੰਡਾਂ ਵਿੱਚ ਪਟਵਾਰੀ, ਸਰਪੰਚ, ਪੰਚਾਇਤ ਸਕੱਤਰ, ਮੈਂਬਰ ਪੰਚਾਇਤ, ਗ੍ਰਾਂਮ ਸੇਵਕ, ਨੰਬਰਦਾਰ ਅਤੇ ਪਿੰਡ ਨਾਲ ਸਬੰਧਤ ਸਰਕਾਰੀ ਕਰਮਚਾਰੀ ਜੇਕਰ ਕੋਈ ਲੜਾਈ ਝਗੜੇ ਦਾ ਖਤਰਾ ਜਾਂ ਅਮਨ ਕਾਨੂੰਨ ਦੀ ਵਿਵਸਥਾ ਨੂੰ ਵਿਗੜਨ ਦਾ ਖਤਰਾ ਲੱਗਦਾ ਹੋਵੇ ਤਾਂ ਉਹ ਇਸ ਸਬੰਧੀ ਸੂਚਨਾ ਤੁਰੰਤ ਨੇੜੇ ਦੇ ਐੱਸ.ਐੱਚ.ਓ. ਜਾਂ ਉੱਪ ਪੁਲਿਸ ਕਪਤਾਨ ਜਾਂ ਨਾਇਬ ਤਹਿਸੀਲਦਾਰ ਜਾਂ ਉੱਪ ਮੰਡਲ ਮੈਜਿਸਟਰੇਟ ਨੂੰ ਦੇਣੀ ਯਕੀਨੀ ਬਣਾਉਗੇ। ਇਸ ਤੋਂ ਇਲਾਵਾ ਇਹ ਸੂਚਨਾ ਵਟਸਐਪ ਮੈਸੇਜ ਰਾਹੀਂ 62393-01830 ਨੰਬਰ ’ਤੇ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।