ਗਿਆਨ ਦਾ ਦੀਪਕ ਬਣ ਗਿਆਨ ਦਾ ਪਸਾਰ ਕਰ ਰਹੇ ਹਨ ਮੈਰੀਟੋਰੀਅਸ ਸਕੂਲ

ਗੁਰਦਾਸਪੁਰ

ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਕਰਵਾਈ ਜਾਂਦੀ ਹੈ ਮੁਫ਼ਤ ਪੜ੍ਹਾਈ – ਜ਼ਿਲ੍ਹਾ ਸਿੱਖਿਆ ਅਫ਼ਸਰ ਭਾਟੀਆ

11ਵੀਂ ਤੇ 12ਵੀਂ ਜਮਾਤ ਦੇ ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਸਟਰੀਮ ਦੇ ਗਰੁੱਪ ਸਫਲਤਾ ਪੂਰਵਕ ਚੱਲ ਰਹੇ ਹਨ

ਮੈਰੀਟੋਰੀਅਸ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਹੋਸਟਲ ਤੇ ਖਾਣੇ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਂਦੀ ਹੈ

ਗੁਰਦਾਸਪੁਰ, 25 ਮਾਰਚ (ਸਰਬਜੀਤ ਸਿੰਘ)–ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਅਤੇ 12ਵੀਂ ਜਮਾਤ ਦੇ ਦਾਖਲੇ ਦਾ ਨੋਟੀਫੀਕੇਸਨ ਜਾਰੀ ਕਰ ਦਿੱਤਾ ਗਿਆ ਹੈ। ਇਹ 10 ਮੈਰੀਟੋਰੀਅਸ ਸਕੂਲ ਗੁਰਦਾਸਪੁਰ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਮੁਹਾਲੀ, ਪਟਿਆਲਾ, ਤਲਵਾੜਾ, ਸੰਗਰੂਰ, ਬਠਿੰਡਾ ਤੇ ਫਿਰੋਜ਼ਪੁਰ ਵਿਖੇ ਬਣੇ ਹੋਏ ਹਨ।

ਮੈਰੀਟੋਰੀਅਸ ਸਕੂਲ ਗੁਰਦਾਸਪੁਰ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸ.ਸ.) ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਇਹ ਮੈਰੀਟੋਰੀਅਸ ਸਕੂਲ ਰਹਾਇਸ਼ੀ ਸਕੂਲ ਹੈ ਅਤੇ ਇਥੇ ਨਾਨ ਮੈਡੀਕਲ, ਮੈਡੀਕਲ ਤੇ ਕਾਮਰਸ ਸਟਰੀਮ ਦੇ ਗਰੁੱਪ ਸਫਲਤਾ ਪੂਰਵਕ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੈਰੀਟੋਰੀਅਸ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਖਾਣੇ ਸਮੇਤ ਬਹੁਤ ਅੱਛੀ ਹੋਸਟਲ ਸੁਵਿਧਾ ਦਿੱਤੀ ਜਾਂਦੀ ਹੈ, ਜੋ ਕਿ ਬਿਲਕੁਲ ਮੁਫ਼ਤ ਹੈ। ਉਨ੍ਹਾਂ ਦੱਸਿਆ ਕਿ ਮੈਰੀਟੋਰੀਅਸ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਵੱਖ-ਵੱਖ ਮੁਕਾਬਲੇ ਦੇ ਇਮਤਿਹਾਨਾਂ ਦੀ ਕੋਚਿੰਗ ਵੀ ਮੁਫਤ ਦਿੱਤੀ ਜਾਂਦੀ ਹੈ ਅਤੇ ਬੱਚਿਆਂ ਨੂੰ ਬਾਰਵੀਂ ਤੋਂ ਬਾਅਦ ਦੀਆਂ ਦਾਖਲਾ ਪ੍ਰੀਖਿਆਵਾ ਲਈ ਟੈਸਟਾਂ ਦੀ ਦਾਖਲਾ ਫੀਸ ਵੀ ਸਰਕਾਰ ਵੱਲੋਂ ਪੇਅ ਕੀਤੀ ਜਾਂਦੀ ਹੈ।

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਮੈਰੀਟੋਰੀਅਸ ਸਕੂਲ ਦੇ ਬੱਚੇ ਖੇਡਾਂ ਵਿੱਚ ਵੀ ਪੰਜਾਬ ਪੱਧਰ ਤੱਕ ਉਪਲੱਬਧੀਆਂ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਵਿੱਚ ਸਾਰਾ ਸਟਾਫ ਉੱਚ ਤਾਲੀਮ ਜਾਫਤਾ ਹੈ। ਇਸ ਸਕੂਲ ਵਿੱਚ ਅੰਗਰੇਜ਼ੀ ਮਾਧਿਆਮ ਦੀ ਪੜ੍ਹਾਈ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸਮਰਪਿਤ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਸਾਇੰਸ ਨਾਲ ਸਬੰਧਿਤ ਵਰਕਸਾਪ ਵਿੱਚ ਸਮੇਂ ਸਮੇਂ ਤੇ ਹਿੱਸਾ ਲੈੰਦੇ ਰਹਿੰਦੇ ਹਨ। ਸਕੂਲ ਦੇ ਸਾਰੇ ਕਲਾਸ ਰੂਮ ਲੈਬਸ ਵੀ ਸਮਾਰਟ ਕਲਾਸ ਰੂਮ ਹਨ। ਸਕੂਲ ਦੀ ਲਾਇਬ੍ਰੇਰੀ ਵਿੱਚ ਬੱਚਿਆਂ ਲਈ ਸਿਲੇਬਸ ਦੀਆਂ ਕਿਤਾਬਾਂ ਤੋ ਇਲਾਵਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਨਾਲ ਸਬੰਧਿਤ ਮੈਗਜ਼ੀਨ ਤੇ ਕਿਤਾਬਾਂ ਵੀ ਉਪਲੱਬਧ ਹਨ। ਵਿਦਿਆਰਥੀਆਂ ਲਈ ਸਮੇਂ ਸਮੇਂ ਤੇ ਵਿਦਿਅਕ ਟੂਰ ਵੀ ਆਯੋਜਿਤ ਕੀਤੇ ਜਾਂਦੇ ਹਨ।

ਸ. ਅਮਰਜੀਤ ਸਿੰਘ ਭਾਟੀਆ ਨੇ ਕਿਹਾ ਕਿ ਜਿਹੜੇ ਵਿਦਿਆਰਥੀ ਸਰਕਾਰੀ ਸਕੂਲਾਂ ’ਚ 10ਵੀਂ ਜਮਾਤ ਦੇ ਇਸ ਸਾਲ ਪੇਪਰ ਦੇ ਰਹੇ ਹਨ ਉਹ ਇਹਨਾਂ ਸਕੂਲਾਂ ਲਈ ਹੋ ਰਹੀ ਦਾਖਲਾ ਪ੍ਰੀਖਿਆ ਚ ਹਿੱਸਾ ਲੈ ਸਕਦੇ ਹਨ ਬਸਰਤੇ ਉਹਨਾਂ ਦੇ 10ਵੀਂ ਜਮਾਤ ’ਚੋਂ ਨੰਬਰ ਜਰਨਲ ਕੈਟਗਰੀ 70 ਫੀਸਦੀ ਹੋਣ ਅਤੇ ਐੱਸ.ਸੀ./ਬੀ.ਸੀ. 65 ਫੀਸਦੀ ਹੋਣ। ਉਨ੍ਹਾਂ ਕਿਹਾ ਕਿ ਮੈਰੀਟੋਰੀਅਸ ਸਕੂਲ ਵਿੱਚ ਦਾਖਲੇ ਲਈ ਟੈਸਟ ਲਿਆ ਜਾਵੇਗਾ ਜੋ ਦਸਵੀਂ ਜਮਾਤ ਦੇ ਸਿਲੇਬਸ ਵਿਚੋਂ ਹੋਵੇਗਾ। ਉਨ੍ਹਾਂ ਕਿਹਾ ਕਿ ਦਾਖਲੇ ਦੀ ਵਧੇਰੇ ਜਾਣਕਾਰੀ ਲਈ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ ਪ੍ਰਿੰਸੀਪਲ ਨਾਲ ਸੰਪਰਕ ਕੀਤਾ ਜਾ ਸਕਦਾ ਹੈ।  

Leave a Reply

Your email address will not be published. Required fields are marked *