ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)– ਪ੍ਰਵਾਸ ਇਕ ਸਦੀਵੀ ਅਤੇ ਵਿਸ਼ਵ ਵਿਆਪੀ ਵਰਤਾਰਾ ਹੈ, ਪਰ ਪ੍ਰਵਾਸ ਪ੍ਰਤੀ ਹਰ ਖ਼ਿੱਤੇ ਦਾ ਆਪੋ ਆਪਣਾ ਨਜ਼ਰੀਆ ਹੈ। ਪੰਜਾਬੀ ਕੌਮ ਵਰਤਮਾਨ ਵਿਚ ਪ੍ਰਵਾਸੀ ਹੋਣ ਦੇ ਬਹੁਤ ਤੇਜ਼ ਰੁਝਾਣ ਵਿਚ ਦੀ ਲੰਘ ਰਹੀ ਹੈ। ਜਿੱਥੇ ਇੱਕਵੀਂ ਸਦੀ ਵਿਚ ਸੰਚਾਰ ਮਾਧਿਅਮਾਂ ਅਤੇ ਜਨ ਮੀਡੀਆ ਨੇ ਮਨੁੱਖੀ ਵੇਦਨਾ, ਜੀਵਨ ਸ਼ੈਲੀ ਅਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਸਾਹਿਤ ਨੇ ਵੀ ਇਹਨਾਂ ਤਬਦੀਲੀਆਂ ਦਾ ਪ੍ਰਭਾਵ ਕਬੂਲਦਿਆਂ ਅਭਿਵਿਅਕਤੀ ਦੇ ਪੱਖ ਤੋਂ ਪੁਰਾਣੀਆਂ ਧਾਰਨਾਵਾਂ, ਭੂ ਹੇਰਵੇ, ਸੱਭਿਆਚਾਰਕ ਸੰਕਟ ਅਤੇ ਨਸਲਵਾਦ ਆਦਿ ਦੇ ਵਿਸ਼ਿਆਂ ਤੋਂ ਹੱਟ ਕੇ ਗਲੋਬਲੀ ਵਰਤਾਰਿਆਂ ਸਮੇਤ ਆਪਣੀ ਧਰਤੀ ਪ੍ਰਤੀ ਖਿੱਚ ਅਤੇ ਖ਼ਲੂਸ ਨੂੰ ਨਵੇਂ ਅਰਥਾਂ ਵਿਚ ਪੇਸ਼ ਕੀਤਾ ਹੈ। ਪ੍ਰਵਾਸ ਵਿਚ ਲਿਖੀ ਜਾ ਰਹੀ ਕਵਿਤਾ ਵਿਚ ਆਪਣੀਆਂ ਜੜ੍ਹਾਂ ਅਤੇ ਪਿੱਛੇ ਰਹਿ ਗਿਆਂ ਲਈ ਮੋਹ ਅਤੇ ਫ਼ਿਕਰਮੰਦੀ ਤਾਂ ਹੈ, ਪਰ ਇਸ ਵਿਚ ਪਹਿਲਾਂ ਵਰਗੀ ਕੰਧ ਓਹਲੇ ਪ੍ਰਦੇਸ ਵਾਲੀ ਪਹੁੰਚ ਖ਼ਾਰਜ ਹੋ ਚੁੱਕੀ ਹੈ। ਹਰਪਾਲ ਬਠਿੰਡਾ ਨਵੇਂ ਪੂਰ ਦਾ ਚੇਤੰਨ ਅਤੇ ਪ੍ਰਤਿਬੱਧ ਕਵੀ ਹੈ। ਉਹ ਜਿੱਥੇ ਵਿਚਾਰਧਾਰਕ ਪੱਖ ਤੋਂ ਸਮਾਜਿਕ ਸਰੋਕਾਰਾਂ ਨਾਲ ਜੁੜਿਆ ਹੋਇਆ ਹੈ, ਉੱਥੇ ਉਹ ਪੂੰਜੀਵਾਦੀ ਢਾਂਚੇ ਵਿਚ ਰਹਿੰਦਾ ਹੋਇਆ ਵੀ ਕਿਰਤੀ ਅਤੇ ਕਾਮਿਆਂ ਲਈ ਸੰਘਰਸ਼ ਅਤੇ ਲਾਮਬੰਦੀ ਨੂੰ ਹੀ ਜ਼ਿੰਦਗੀ ਦੀ ਬਿਹਤਰੀ ਲਈ ਜਰੂਰੀ ਸਮਝਦਾ ਹੈ।
ਬਾਹਰਲੀਆਂ ਧਰਤੀਆਂ ਤੇ ਆ ਕੇ ਵੀ ਸਾਡੇ ਲੋਕਾਂ ਦੀ ਮਾਨਸਿਕਤਾ ਵਿਚੋਂ ਜਗੀਰੂ ਨਜ਼ਰੀਆ ਮਨਫ਼ੀ ਨਹੀਂ ਹੋ ਪਾਉਂਦਾ, ਅਸਲ ਵਿਚ ਜ਼ਮੀਨਾਂ ਦੀ ਮਾਲਕੀ ਕਰਨ ਵਾਲਾ ਅਤੇ ਪਿੰਡਾਂ ਵਿਚ ਸਰਦਾਰੀਆਂ ਕਰਨ ਵਾਲੇ ਵਰਗ ਨੂੰ ਪਰਵਾਸੀਆਂ ਧਰਤੀਆਂ ਤੇ ਆ ਕੇ ਮਿਲੀ ਬਰਾਬਰਤਾ ਅਤੇ ਮੌਕਿਆਂ ਦੀ ਸਮਾਨਤਾ ਚੁੱਭਦੀ ਹੈ। ਉਹਨਾਂ ਦਾ ਮਿੱਟੀ ਪ੍ਰਤੀ ਹੇਜ ਅਤੇ ਪਿੰਡ ਦੀਆਂ ਯਾਦਾਂ ਵਿਚਲਾ ਰੁਦਨ ਸੱਭਿਆਚਾਰਕ ਦੰਭ ਅਤੇ ਅਖੌਤੀ ਜਾਤੀ ਗੌਰਵ ਵਿੱਚੋਂ ਨਿਕਲਿਆ ਹੈ। ਹਰਪਾਲ ਦੀ ਕਵਿਤਾ ਵਿਚਲਾ ਪੰਜਾਬ ਉਸ ਦੇ ਕਿਰਤੀ ਸ਼੍ਰੇਣੀ ਪ੍ਰਤੀ ਚਿੰਤਨ ਅਤੇ ਸਮਾਜਵਾਦੀ ਸਮਝ ਨਾਲ ਜੁੜਿਆ ਹੋਇਆ ਹੈ। ਉਹ ਭਾਰਤੀ ਰਾਜਨੀਤਕ ਹਾਲਤਾਂ, ਸਮਾਜਿਕ ਸਮੀਕਰਨਾਂ ਅਤੇ ਆਰਥਿਕ ਵਸੀਲਿਆਂ ਤੇ ਕਾਬਜ਼ ਕਾਰਪੋਰੇਟ ਅਦਾਰਿਆਂ ਦੀ ਲੁਟੇਰੀ ਪਹੁੰਚ ਤੋਂ ਚੰਗੀ ਤਰ੍ਹਾਂ ਵਾਕਫ਼ ਹੈ। ਉਸ ਦੀ ਕਵਿਤਾ ਵਿੱਚ ਇਨਕਲਾਬੀ ਧੁਨੀਆਂ ਆਪਣੇ ਪੂਰੇ ਵੇਗ ਅਤੇ ਵਿਦਰੋਹ ਸਮੇਤ ਉਜਾਗਰ ਹੁੰਦੀਆਂ ਹਨ। ਉਸਦੀ ਕਵਿਤਾ, ਕਵਿਤਾ ਦੇ ਨਾਮ ਤੇ ਮਹਿਜ਼ ਸ਼ਬਦੀ ਖੇਖਣ ਨਹੀਂ ਸਿਰਜਦੀ, ਬਲਕਿ ਇਕ ਜ਼ੋਰਦਾਰ ਪ੍ਰਵਾਹ ਵਿਚ ਸੱਤਾ ਅਤੇ ਸਥਾਪਤੀ ਨਾਲ ਭਿੜ ਜਾਣਾ ਚਾਹੁੰਦੀ ਹੈ। ਉਸਦੀ ਕਵਿਤਾ ਵਿਚ ਸਤਾਏ/ਦਬਾਏ ਹੋਏ ਆਮ ਆਦਮੀ ਦਾ ਨਿਰੋਲ ਵਿਰੋਧ ਹੀ ਨਹੀਂ ਹੈ, ਇਹ ਅੰਸ਼ਕ ਵਸੀਲਿਆਂ ਦੇ ਹੁੰਦਿਆਂ ਵੀ ਲੜ ਰਹੇ ਲੋਕਾਂ ਦੇ ਜ਼ਜ਼ਬਿਆਂ ਦੀ ਪ੍ਰਚੰਡਤਾ ਅਤੇ ਪ੍ਰਤੀਬੱਧਤਾ ਨੂੰ ਪੇਸ਼ ਕਰਨ ਵਾਲਾ ਲੋਕ-ਪੱਖੀ ਕਾਵਿਕ ਦਸਤਾਵੇਜ਼ ਹੈ।


