ਮਾਨਸਾ, ਗੁਰਦਾਸਪੁਰ, 2 ਮਾਰਚ (ਸਰਬਜੀਤ ਸਿੰਘ)— ਫਾਸੀਵਾਦੀ ਮੋਦੀ-ਸ਼ਾਹ ਹਕੂਮਤ ਵੱਲੋਂ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਕੀਤੀ ਗਈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਦਾ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਪੁਰਜ਼ੋਰ ਵਿਰੋਧ ਕੀਤਾ ਹੈ। ਪਾਰਟੀ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਲੋਕਤੰਤਰ ‘ਤੇ ਇਕ ਹੋਰ ਹਮਲਾ ਕਰਦੇ ਹੋਏ ਮੋਦੀ ਸਰਕਾਰ ਆਪਣੀ ਬਦਲਾਖੋਰੀ ਦੀ ਰਾਜਨੀਤੀ ਲਈ ਸੀਬੀਆਈ ਅਤੇ ਈਡੀ ਵਰਗੀਆਂ ਸੰਸਥਾਵਾਂ ਦੀ ਨੰਗੀ ਚਿੱਟੀ ਦੁਰਵਰਤੋਂ ਕਰ ਰਹੀ ਹੈ। ਚੇਤੇ ਰਹੇ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 26 ਫਰਵਰੀ ਨੂੰ ਕੇਂਦਰ ਸਰਕਾਰ ਦੀ ਏਜੰਸੀ- ਸੀਬੀਆਈ ਦੁਆਰਾ “ਜਾਂਚ ਵਿਚ ਸਹਿਯੋਗ ਨਾ ਕਰਨ” ਦੇ ਖੋਖਲੇ ਬਹਾਨੇ ਹੇਠ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।ਐੱਮ.ਸੀ.ਡੀ. ਚੋਣਾਂ ਹਾਰਨ ਤੋਂ ਬਾਅਦ ਮੇਅਰ ਦੇ ਅਹੁਦੇ ਉਤੇ ਪੈਸੇ-ਸਜ਼ਾ-ਦੰਡ ਦਾ ਵਰਤੋਂ ਰਾਹੀਂ ਕਬਜ਼ਾ ਕਰਨ ਦੀ ਕੋਸ਼ਿਸ਼ ਵਿਚ ਨਾਕਾਮ ਰਹਿਣ ਤੋਂ ਬਾਦ ਮੋਦੀ-ਸ਼ਾਹ ਸਰਕਾਰ ਨੇ ਦਿੱਲੀ ਵਿਚ ਪੂਰੀ ਬੇਸ਼ਰਮੀ ਨਾਲ ਕੇਂਦਰੀ ਏਜੰਸੀਆਂ ਨੂੰ ਸਰਗਰਮ ਕਰ ਦਿੱਤਾ ਹੈ। ਅਜਿਹੇ ਸਮੇਂ ਜਦੋਂ ਪੂਰੀ ਦੁਨੀਆਂ ਖਰਬਾਂ ਰੁਪਏ ਦੇ ਅਡਾਨੀ ਘੁਟਾਲੇ ਬਾਰੇ ਮੋਦੀ ਸਰਕਾਰ ਦੀ ਬੇਸ਼ਰਮੀ ਭਰੀ ਚੁੱਪ ਅਤੇ ਕਾਰਪੋਰੇਟ ਫਰਾਡਾਂ ਦੀ ਜਾਂਚ ਤੋਂ ਇਨਕਾਰ ਕਰਨ ਉਤੇ ਸਵਾਲ ਉਠਾ ਰਹੀ ਹੈ, ਉਦੋਂ ਇਹ ਸਰਕਾਰ ਉਲਟਾ ਵਿਰੋਧੀ ਧਿਰ ਨੂੰ ਡਰਾਉਣ ਅਤੇ ਤੋੜਨ ਉਤੇ ਤੁਲੀ ਹੋਈ ਹੈ। ਸੀਪੀਆਈ (ਐਮ ਐਲ) ਦੇ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਦੀ ਸਖ਼ਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਅਸੀਂ ਦਿੱਲੀ ਅਤੇ ਦੇਸ਼ ਦੇ ਸਮੂਹ ਜਾਗਰਤ ਨਾਗਰਿਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਕੇਂਦਰੀ ਏਜੰਸੀਆਂ ਰਾਹੀਂ ਮੋਦੀ ਸਰਕਾਰ ਵਲੋਂ ਦੇਸ਼ ਦੇ ਫੈਡਰਲ ਢਾਂਚੇ ਅਤੇ ਜਮਹੂਰੀਅਤ ਉਤੇ ਆਰੰਭੇ ਇਸ ਹਮਲੇ ਵਿਰੁਧ ਜ਼ੋਰਦਾਰ ਆਵਾਜ਼ ਉਠਾਉਣ ।