ਕਿਰਤ ਵਿਭਾਗ ਨੂੰ ਉਸਾਰੀ ਕਿਰਤੀਆਂ ਅਤੇ ਫੈਕਟਰੀ ਵਰਕਰਾਂ ਦੀ ਰਜਿਸਟਰੇਸ਼ਨ ਕਰਨ ਦੇ ਨਿਰਦੇਸ਼ ਦਿੱਤੇ
ਗੁਰਦਾਸਪੁਰ, 24 ਫਰਵਰੀ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਹਨ ਕਿ ਉਹ ਵੱਧ ਤੋਂ ਵੱਧ ਉਸਾਰੀ ਕਿਰਤੀਆਂ ਦੀ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ ਵੈਲਫੇਅਰ ਬੋਰਡ ਨਾਲ ਰਜਿਸਟ੍ਰੇਸ਼ਨ ਕਰਨ ਤਾਂ ਜੋ ਉਸਾਰੀ ਕਿਰਤੀ ਪਰਿਵਾਰ ਸਮੇਤ ਬੋਰਡ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦਾ ਵਿੱਤੀ ਲਾਭ ਪ੍ਰਾਪਤ ਕਰ ਸਕਣ।
ਅੱਜ ਸਥਾਨਕ ਪੰਚਾਇਤ ਭਵਨ ਵਿਖੇ ਕਿਰਤ ਵਿਭਾਗ ਦੀਆਂ ਭਲਾਈ ਸਕੀਮਾਂ ਦਾ ਰੀਵਿਊ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨਾਲ ਰਜਿਸਟਰਡ ਉਸਾਰੀ ਕਿਰਤੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਵਜੀਫਾ ਸਕੀਮ, ਸ਼ਗਨ ਸਕੀਮ, ਪੈਂਨਸ਼ਨ ਸਕੀਮ ਅਤੇ ਸਿਹਤ ਬੀਮਾ ਆਦਿ ਯੋਜਨਾਵਾਂ ਦਾ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਉਸਾਰੀ ਕਿਰਤੀ, ਜਿਸ ਦੀ ਉਮਰ 18 ਤੋਂ 60 ਸਾਲ ਦਰਮਿਆਨ ਹੋਵੇ, ਉਹ ਪੰਜਾਬ ਵਿੱਚ 90 ਦਿਨ ਉਸਾਰੀ ਦੇ ਕੰਮ ਦਾ ਸਬੂਤ ਦੇ ਕੇ ਆਪਣੀ ਬਤੋਰ ਲਾਭਪਾਤਰੀ ਰਜਿਸਟਰੇਸ਼ਨ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਉਸਾਰੀ ਕਿਰਤੀ ਨੂੰ ਰਜਿਸਟਰੇਸ਼ਨ ਕਰਾਉਣ ਸਮੇਂ ਕੇਵਲ ਇੱਕ ਵਾਰ 385 ਰੁਪਏ (25 ਰੁਪਏ ਰਜਿਸਟਰੇਸ਼ਨ ਫੀਸ ਅਤੇ 360 ਰੁਪਏ 3 ਸਾਲ ਦਾ ਅੰਸ਼ਦਾਨ) ਜਮ੍ਹਾਂ ਕਰਵਾਉਣੇ ਪੈਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਾਰਟ ਫੋਨ ਦੇ ਪਲੇ ਅਸਟੋਰ ’ਤੋਂ ਪੰਜਾਬ ਕਿਰਤੀ ਸਹਾਇਕ ਐਪ ਡਾਊਨਲੋਡ ਕਰਕੇ ਉਸਾਰੀ ਕਿਰਤੀ ਖੁਦ ਵੀ ਆਪਣਾ ਨਾਮ ਰਜਿਸਟਰਡ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਨੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਜਦੋਂ ਵੀ ਕੋਈ ਉਸਾਰੀ ਦਾ ਕੰਮ ਸ਼ੁਰੂ ਕਰਦੇ ਹਨ ਤਾਂ ਇਸਦੀ ਸੂਚਨਾ ਕਿਰਤ ਵਿਭਾਗ ਨੂੰ ਜਰੂਰ ਦਿੱਤੀ ਜਾਵੇ ਤਾਂ ਜੋ ਉਸਾਰੀ ਕਰਵਾਉਣ ਵਾਲੀ ਧਿਰ ਕੋਲੋਂ ਬੋਰਡ ਵੱਲੋਂ ਨਿਰਧਾਰਤ ਫੀਸ ਲਈ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਨਿੱਜੀ ਉਸਾਰੀ 10 ਲੱਖ ਰੁਪਏ ਤੋਂ ਵੱਧ ਹੈ ਤਾਂ ਉਸ ਨੂੰ ਵੀ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਨੂੰ ਨਿਰਧਾਰਤ ਫੀਸ ਜਮ੍ਹਾਂ ਕਰਵਾਉਣੀ ਲਾਜ਼ਮੀ ਹੈ।
ਮੀਟਿੰਗ ਦੌਰਾਨ ਉਦਯੋਗਿਕ ਕਿਰਤੀਆਂ ਬਾਰੇ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਰੀਵਿਊ ਵੀ ਕੀਤਾ ਗਿਆ। ਡਿਪਟੀ ਕਮਿਸ਼ਨਰ ਨੇ ਕਿਰਤ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਦਯੋਗਾਂ ਵਿੱਚ ਕੰਮ ਕਰ ਰਹੇ ਕਿਰਤੀਆਂ ਨੂੰ ਵੀ ਰਜਿਸਟਰਡ ਕੀਤਾ ਜਾਵੇ। ਡਿਪਟੀ ਕਮਿਸ਼ਨਰ ਨੇ ਉਸਾਰੀ ਕਿਰਤੀਆਂ ਅਤੇ ਫੈਕਟਰੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨਾਮ ਰਜਿਸਟਰਡ ਕਰਵਾ ਕੇ ਸਰਕਾਰ ਦੀ ਭਲਾਈ ਯੋਜਨਾਵਾਂ ਦਾ ਲਾਭ ਉਠਾਉਣ।