ਜ਼ਿਲ੍ਹਾ ਹਸਪਤਾਲ ਵਿਖੇ ਬਣ ਰਹੇ 50 ਬੈੱਡਡ ਐੱਮ.ਸੀ.ਐੱਚ ਸੈਂਟਰ ਨੂੰ ਜਲਦ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ
ਗੁਰਦਾਸਪੁਰ ਵਿਖੇ ਮੈਡੀਕਲ ਕਾਲਜ ਬਣਾਉਣ ਲਈ ਰਾਜ ਸਰਕਾਰ ਨੂੰ ਭੇਜੀ ਜਾਵੇਗੀ ਤਜਵੀਜ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 24 ਫਰਵਰੀ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਬੀਤੀ ਸ਼ਾਮ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ ਵਿਖੇ ਓਟ ਸੈਂਟਰ ਅਤੇ ਨਸ਼ਾ ਛੁਡਾਓ ਤੇ ਪੁਨਰਵਾਸ ਕੇਂਦਰ ਦਾ ਦੌਰਾ ਕੀਤਾ ਗਿਆ। ਇਸ ਮੌਕੇ ਉਨ੍ਹਾਂ ਓਟ ਸੈਂਟਰ ਵਿਖੇ ਨਸ਼ੇ ਤੋਂ ਪੀੜ੍ਹਤ ਮਰੀਜ਼ਾਂ ਦੇ ਇਲਾਜ ਲਈ ਦਿੱਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਿਆ। ਇਸਦੇ ਨਾਲ ਹੀ ਉਨ੍ਹਾਂ ਨੇ ਨਸ਼ਾ ਛੁਡਾਓ ਤੇ ਪੁਨਰਵਾਸ ਕੇਂਦਰ ਦਾ ਦੌਰਾ ਵੀ ਕੀਤਾ ਅਤੇ ਉਸਦੀ ਮੁਰੰਮਤ ਦੇ ਚੱਲ ਰਹੇ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਓਟ ਸੈਂਟਰ ਅਤੇ ਪੁਨਰਵਾਸ ਕੇਂਦਰ ਨਸ਼ੇ ਦੀ ਦਲ-ਦਲ ਵਿੱਚ ਫਸੇ ਨੌਜਵਾਨਾਂ ਨੂੰ ਨਵੀਂ ਜ਼ਿੰਦਗੀ ਦੇਣ ਦਾ ਕੰਮ ਕਰੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਹਸਪਤਾਲ ਵਿਖੇ ਬਣ ਰਹੇ 50 ਬੈੱਡਡ ਐੱਮ.ਸੀ.ਐੱਚ ਸੈਂਟਰ ਦਾ ਨਿਰੀਖਣ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸੈਂਟਰ ਨੂੰ ਵੀ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਜ਼ਿਲ੍ਹਾ ਵਾਸੀਆਂ ਨੂੰ ਇਸਦਾ ਲਾਭ ਮਿਲ ਸਕੇ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਹਸਪਤਾਲ ਦੇ ਵੱਖ-ਵੱਖ ਵਾਰਡਾਂ, ਓ.ਪੀ.ਡੀ., ਲੈਬ ਦਾ ਨਿਰੀਖਣ ਵੀ ਕੀਤਾ ਅਤੇ ਹਸਪਤਾਲ ਤੋਂ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਮਰੀਜ਼ਾਂ ਨਾਲ ਗੱਲ-ਬਾਤ ਵੀ ਕੀਤੀ।
ਇਸ ਉਪਰੰਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਹਸਪਤਾਲ ਦੇ ਨਾਲ ਹੀ ਮੈਡੀਕਲ ਕਾਲਜ ਬਣਾਉਣ ਲਈ ਜ਼ਮੀਨ ਦਾ ਜਾਇਜਾ ਵੀ ਲਿਆ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਵਿਖੇ ਮੈਡੀਕਲ ਕਾਲਜ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਜ ਸਰਕਾਰ ਨੂੰ ਤਜਵੀਜ ਭੇਜੀ ਜਾਵੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨਾਗਰਿਕਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਿਆਰੀ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ।