ਗੁਰਦਾਸਪੁਰ, 17 ਫਰਵਰੀ (ਸਰਬਜੀਤ ਸਿੰਘ)– ਪੰਜਾਬ ਸਾਹਿਤ ਅਕਾਦਮੀ , ਚੰਡੀਗੜ੍ਹ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਜੋ 21 ਫ਼ਰਵਰੀ ਨੂੰ ਹੈ ਦੇ ਸੰਬੰਧ ਵਿੱਚ ਵੱਖ ਵੱਖ ਪ੍ਰੋਗਰਾਮ ਉਲੀਕੇ ਗਏ। ਇੰਨਾਂ ਪ੍ਰੋਗਰਾਮਾਂ ਦੀ ਲਗਾਤਾਰਤਾ ਵਿੱਚ ਅੱਜ ਅਕਾਦਮੀ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਦੀ ਅਗਵਾਈ ਵਿੱਚ ਡਾ਼ ਸਤਿੰਦਰ ਕੌਰ ਕਾਹਲੋਂ ਐਸੋਸੀਏਟ ਮੈਂਬਰ ਵੱਲੋਂ ਹਸਤ ਸ਼ਿਲਪ ਕਾਲਜ ਬਟਾਲਾ ਵਿੱਖੇ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਦਾ ਵਿਸ਼ਾ “ਪੰਜਾਬੀ ਭਾਸ਼ਾ ਦਾ ਵਰਤਮਾਨ ਅਤੇ ਭਵਿੱਖ “ ਸੀ। ਡਾ ਕਾਹਲੋ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਅਕਾਦਮੀ ਦੀਆ ਗਤੀਵਿੱਧੀਆ ਬਾਰੇ ਦੱਸਿਆ । ਉਹਨਾਂ ਨੇ ਕਿਹਾ ਕਿ ਸਾਨੂੰ ਘਰਾਂ ਵਿੱਚ ,ਘਰਾਂ ਤੋਂ ਬਾਹਰ , ਸਕੂਲਾਂ ਕਾਲਜਾਂ ਵਿੱਚ ਪੰਜਾਬੀ ਬੋਲਣੀ ਚਾਹੀਦੀ ਹੈ। ਆਪਣੇ ਹਸਤਾਖਰ ਪੰਜਾਬੀ ਵਿੱਚ ਕਰਨੇ ਚਾਹੀਦੇ ਹਨ। ਆਪਣੀਆ ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖਵਾਉਣੇ ਚਾਹੀਦੇ ਹਨ। ਸਾਨੂੰ ਪੰਜਾਬੀ ਬੋਲਣ ਚ ਸ਼ਰਮ ਮਹਿਸੂਸ ਨਹੀਂ ਕਰਨੀ ਚਾਹਦੀ ਸਗੋਂ ਪੰਜਾਬੀ ਹੋਣ ਤੇ ਫ਼ਖ਼ਰ ਹੋਣਾ ਚਾਹਿਦਾ ਹੈ। ਵਰਗਿਸ ਸਲਾਮਤ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਬਾਰੇ ਦੱਸਿਆ ਤੇ ਦਰਵੇਸ਼ ਸਮੱਸਿਆਵਾਂ ਬਾਰੇ ਗੱਲ ਕੀਤੀ ਤੇ ਪੰਜਾਬੀ ਬੋਲਣ -ਲਿਖਣ ਤੇ ਦਫ਼ਤਰੀ ਕੰਮਾਂ ਵਿੱਚ ਪੰਜਾਬੀ ਦੀ ਵਰਤੋ ਬਾਰੇ ਜੋਰ ਦਿੱਤਾ। ਮੈਡਮ ਮਨਜੋਤ ਪਾਲ ਕੌਰ ਇੰਚਾਰਜ ਭਾਸ਼ਾ ਮੰਚ ਨੇ ਵਿਸ਼ੇ ਨਾਲ ਸੰਬੰਧਿਤ ਬਹੁਤ ਵਧੀਆ ਗੱਲਾ ਸਾਂਝੀਆਂ ਕੀਤੀਆ ਅਤੇ ਪੰਜਾਬੀ ਦੇ ਭਵਿੱਖ ਬਾਰੇ ਚਿੰਤਾ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆ ਨੂੰ ਪੰਜਾਬੀ ਨਾਲ ਜੋੜਨ ਲਈ ਬੱਚਿਆ ਦੇ ਟੀ ਵੀ ਪ੍ਰੋਗਰਾਮ ਜਿਵੇਂ ਕਾਰਟੂਨ ਪੰਜਾਬੀ ਵਿੱਚ ਹੋਣ। ਉਹਨਾਂ ਕਿਹਾ ਕਿ ਮੈਂ ਆਪਣੇ ਹਸਤਾਖਰ ਹਮੇਸ਼ਾ ਪੰਜਾਬੀ ਵਿੱਚ ਕਰਦੀ ਹਾਂ। ਪ੍ਰਿੰਸੀਪਲ ਸਰਬਜੀਤ ਕੋਰ ਨੇ ਅਕਾਦਮੀ ਦੀਆ ਗਤੀਵਿੱਧੀਆ ਦੀ ਸ਼ਲਾਘਾ ਕੀਤੀ ਤੇ ਬੱਚਿਆ ਕੋਲ਼ੋਂ ਪੰਜਾਬੀ ਬੋਲਣ ਦਾ ਅਹਿਦ ਲਿਆ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਮਨਜੀਤ ਸਿੰਘ ਨੇ ਬਾਖੂਬੀ ਕੀਤੀ ਤੇ ਨਾਲ ਨਾਲ ਬਹੁਤ ਵਧੀਆ ਤਰੀਕੇ ਨਾਲ ਉਦਾਹਰਨਾਂ ਸਹਿਤ ਗਲਬਾਤ ਕੀਤੀ। ਸੈਮੀਨਾਰ ਤੋਂ ਬਾਅਦ ਵਿੱਚ ਜਾਗਰੂਕਤਾ ਰੈਲੀ ਵੀ ਕੱਢੀ ਗਈ। ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਆਪਣੇ ਬੋਰਡ ਪੰਜਾਬੀ ਵਿੱਚ ਲਿੱਖਣ ਲਈ ਪ੍ਰੇਰਿਆ ਗਿਆ। ਇਸ ਮੋਕੇ ਹੋਰਨਾ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।