ਮੇਰੇ ਨਾਲ ਮੁਕਾਬਲਾ ਕਰਨ ਵਾਲਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਨਹੀਂ ਜਿੱਤਾ ਸਕਿਆ-ਬਾਜਵਾ
ਗੁਰਦਾਸਪੁਰ, 9 ਫਰਵਰੀ (ਸਰਬਜੀਤ ਸਿੰਘ)- ਵਿਧਾਨਸਭਾ ਹਲਕਾ ਕਾਦੀਆਂ ਦੇ ਵਿਧਾਇਕ ਅਤੇ ਸੀਨੀਅਰ ਕਾਂਗਰਸੀ ਆਗੂ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪਿੰਡ ਮੱਲਾਵਾਲ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ | ਇਸ ਮੌਕੇ ਸੈਂਕੜੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਸ਼ਾਮਲ ਹੋਏ | ਜਦੋਂ ਕਿ ਨੇਪਾਲ ਸਿੰਘ ਸੰਧੂ ਦੇ ਘਰ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਹੋਰਨਾਂ ਬੁੱਧੀਜੀਵੀਆਂ ਨੇ ਵੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਖੜ੍ਹੇ ਹੋਣ ਦਾ ਦਾਅਵਾ ਕੀਤਾ |
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੇ ਕੰਮਾਂ ‘ਤੇ ਵਿਅੰਗ ਕੱਸਿਆ ਅਤੇ ਪਿੱਛਲੇ ਸਮੇਂ ਦੌਰਾਨ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਹਲਕੇ ਦੇ ਅਕਾਲੀ ਦਲ ਦੇ ਨੁਮਾਇੰਦੇ ਨੂੰ ਜਿਤਾਉਣ ਲਈ ਦਿਨ੍ਹ ਰਾਤ ਇੱਕ ਕਰਦੇ ਰਹੇ ਸਨ, ਪਰ ਬਾਦਲ ਦੇ ਇੱਥੇ ਰਹਿਣ ਦੇ ਬਾਵਜੂਦ ਵੀ ਉਹ ਮੇਰੀਆਂ ਚੋਣਾਂ ਦੌਰਾਨ ਉਸ ਨੂੰ ਸਫਲ ਨਹੀਂ ਬਣਾ ਸਕੇ | ਇਸ ਕਰਕੇ ਇਸ ਤੋਂ ਸਿੱਧ ਹੁੰਦਾ ਹੈ ਕਿ ਲੋਕ ਅਜਿਹੇ ਲੀਡਰਾਂ ਨੂੰ ਭੁੱਲ ਚੁੱਕੇ ਹਨ ਕਿਉਂਕਿ ਇਹ ਲੋਕ ਕਿਸੇ ਦੇ ਦੁੱਖ ਸੁੱਖ ਨਹੀਂ, ਸਗੋਂ ਕੰਮਾਂ ਵਿੱਚ ਵੀ ਸ਼ਮੂਲੀਅਤ ਨਹੀਂ ਕਰਦੇ | ਜਿਸਦੇ ਫਲ ਸਰੂਪ ਅੱਜ ਇਸ ਪਿੰਡ ਮੱਲਾਂਵਾਲ ਵਿਖੇ ਕਾਂਗਰਸ ਪਰਿਵਾਰ ਨਾਲ ਪਿਆਰ ਕਰਨ ਵਾਲੇ ਲੋਕਾਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਮੇਰੇ ਨਾਲ ਖੜੇ ਹਨ ਅਤੇ ਭਵਿੱਖ ਵਿੱਚ ਕਾਂਗਰਸ ਦੀ ਸੋਚ ‘ਤੇ ਪਹਿਰਾ ਦੇਣਗੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਮੁੜ ਲੀਹਾਂ ‘ਤੇ ਲਿਆ ਸਕੀਏ | ਇਸ ਮੌਕੇ ਬਿਕਰਮਜੀਤ ਸਿੰਘ ਘੁੰਮਣ, ਅਮਰੀਕ ਸਿੰਘ ਪੰਚ, ਗੁਰ ਇਕਬਾਲ ਸਿੰਘ, ਨਿਰਮਲ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਨੇਪਾਲ ਸਿੰਘ ਸੰਧੂ ਤੋਂ ਇਲਾਵਾ ਜਿੰਨ੍ਹਾਂ ਲੋਕਾਂ ਨੇ ਕਾਂਗਰਸ ਵਿੱਚ ਸ਼ਮੂਲੀਅਤ ਕੀਤੀ ਸੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਉਨ੍ਹਾਂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ |



