ਗੁਰਦਾਸਪੁਰ, 19 ਜਨਵਰੀ (ਸਰਬਜੀਤ ਸਿੰਘ)—ਸੀ ਪੀ ਆਈ ਐਮ ਐਲ ਲਿਬਰੇਸ਼ਨ ਨੇ ਕਾਂਗਰਸ ਦੇ ਵਡੇ ਵਡੇ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੁਣ ਕਾਂਗਰਸ ਦੇ ਆਗੂ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਭਾਜਪਾ ਵਿਚ ਸ਼ਾਮਲ ਹੋਣ ਨੂੰ ਦਲਬਦਲੀ ਦੀ ਬੇਸ਼ਰਮੀ ਅਤੇ ਮਰੀ ਹੋਈ ਗ਼ੈਰਤ ਭਰੀ ਕਾਰਵਾਈ ਦਸਿਆ ਹੈ।
ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੀ ਇਹ ਚੌਥੀ ਦਲਬਦਲੀ ਹੈ। ਮਨਪ੍ਰੀਤ ਉਹ ਹੀ ਵਿਅਕਤੀ ਹੈ ਜਿਸ ਨੇ ਆਪਣੀ ਪੰਜਾਬ ਪੀਪਲਜ਼ ਪਾਰਟੀ ਬਣਾਉਣ ਸਮੇਂ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਿਲ ਕੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਧਰਤੀ ਦੀ ਮਿੱਟੀ ਦੀ ਸੌਂਹ ਚੁੱਕੀ ਸੀ। ਉਹ ਵਿਅਕਤੀ ਅੱਜ ਭਾਜਪਾ ਵਿੱਚ ਸ਼ਾਮਲ ਹੋਣ ਸਮੇਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਸ ਦੇ 2002 ਦੇ ਗੁਜਰਾਤ ਦੰਗਿਆਂ ਵਿਚ ਸ਼ਾਮਿਲ ਹੋਣ ਦੇ ਦੋਸ ਲਗਦੇ ਆ ਰਹੇ ਹਨ, ਨੂੰ ਸ਼ੇਰ ਦੱਸ ਰਿਹਾ ਹੈ। ਇਸ ਸ਼ੇਰ ਨੇ ਹੁਣੇ ਹੁਣੇ ਹੋਈਆਂ ਗੁਜਰਾਤ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਭਾਸ਼ਨਾਂ ਵਿਚ ਸਪਸ਼ਟ ਕਿਹਾ ਸੀ ਕਿ ਅਸੀਂ 2002 ਵਿੱਚ ਗੁਜਰਾਤ ਵਿਚਲੇ ਸਮਾਜ ਵਿਰੋਧੀ ਅਨਸਰਾਂ ਨੂੰ ਐਸੀ ਸਖਤ ਸਜ਼ਾ ਦਿੱਤੀ ਸੀ ਕਿ ਜਿਸ ਕਾਰਨ ਅੱਜ ਤੱਕ ਗੁਜਰਾਤ ਵਿੱਚ ਸ਼ਾਂਤੀ ਹੈ। ਬੱਖਤਪੁਰਾ ਨੇ ਬਾਬੇ ਨਾਨਕ ਸਮੇਤ ਸ਼ਹੀਦ ਭਗਤ ਸਿੰਘ ਅਤੇ ਹਜ਼ਾਰਾਂ ਸਹੀਦਾ ਨੂੰ ਯਾਦ ਕਰਨ ਵਾਲੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਆਉ ਪੰਜਾਬ ਨੂੰ ਫਿਰ ਅਣਖ ਗੈਰਤ ਲਈ ਮਰ ਮਿਟਣ ਵਾਲਾ ਪੰਜਾਬ ਬਨਾਉਣ ਲਈ ਦਲਬਦਲੂ ਅਤੇ ਮੌਕਾਪ੍ਰਸਤ ਵਿਅਕਤੀਆਂ ਅਤੇ ਪਾਰਟੀਆਂ ਨੂੰ ਪੰਜਾਬ ਦੀ ਰਾਜਨੀਤੀ ਚੋ ਸਦਾ ਸਦਾ ਲਈ ਚਲਦਾ ਕਰੀਏ