ਵਿਰਸਾ ਉਤਸਵ ਵਿੱਚ ਧੀਆਂ ਦੀ ਲੋਹੜੀ, ਪਤੰਗਬਾਜ਼ੀ, ਲੋਕ ਨਾਚ ਅਤੇ ਲੋਕ ਸੰਗੀਤ ਦੇ ਪ੍ਰੋਗਰਾਮ ਕਰਵਾਏ ਜਾਣਗੇ
ਵਿਰਸਾ ਉਤਸਵ ਦੌਰਾਨ ਪਤੰਗਾਂ ਦੀ ਪ੍ਰਦਰਸ਼ਨੀ ਰਹੇਗੀ ਵਿਸ਼ੇਸ਼ ਖਿੱਚ ਦਾ ਕੇਂਦਰ
ਗੁਰਦਾਸਪੁਰ, 9 ਜਨਵਰੀ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਵੱਲੋਂ 12 ਜਨਵਰੀ 2023 ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ‘ਵਿਰਸਾ ਉਤਸਵ’ ਕਰਵਾਇਆ ਜਾ ਰਿਹਾ ਹੈ। ਲੋਹੜੀ ਦੇ ਤਿਉਹਾਰ ਮੌਕੇ ਪੰਜਾਬ ਦੇ ਵਿਰਸੇ ਨੂੰ ਸਮਰਪਿਤ ਗੁਰਦਾਸਪੁਰ ਵਿਖੇ ਹੋਣ ਵਾਲਾ ਇਹ ‘ਵਿਰਸਾ ਉਤਸਵ’ ਆਪਣੀ ਕਿਸਮ ਦਾ ਪਹਿਲਾ ਪ੍ਰੋਗਰਾਮ ਹੋਵੇਗਾ।
ਵਿਰਸਾ ਉਤਸਵ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਬਾਮਬਾ ਨੇ ਦੱਸਿਆ ਕਿ 12 ਜਨਵਰੀ ਨੂੰ ਸਵੇਰੇ 11:30 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲਣ ਵਾਲੇ ‘ਵਿਰਸਾ ਉਤਸਵ’ ਵਿੱਚ ਧੀਆਂ ਦੀ ਲੋਹੜੀ, ਪਤੰਗਬਾਜ਼ੀ, ਲੋਕ ਨਾਚ ਅਤੇ ਲੋਕ ਸੰਗੀਤ ਦੇ ਪ੍ਰੋਗਰਾਮ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਿਰਸਾ ਉਤਸਵ ਦੌਰਾਨ ‘ਪਤੰਗਾਂ ਦੀ ਪ੍ਰਦਰਸ਼ਨੀ’ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ, ਜਿਸ ਵਿੱਚ ਸਭ ਤੋਂ ਵੱਡੀ ਪਤੰਗ, ਸਭ ਤੋਂ ਆਕਰਸ਼ਿਤ ਪਤੰਗ ਨੂੰ ਇਨਾਮ ਦਿੱਤਾ ਜਾਵੇਗਾ। ਇਸਦੇ ਨਾਲ ਹੀ ਪਤੰਗਾਂ ਦੀ ਪ੍ਰਦਰਸ਼ਨੀ ਅਤੇ ਪਤੰਗਬਾਜ਼ੀ ਵਿੱਚ ਕੇਵਲ ਸੂਤੀ ਧਾਗੇ ਦੀ ਡੋਰ ਨਾਲ ਹੀ ਭਾਗ ਲਿਆ ਜਾ ਸਕੇਗਾ।
ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਨਿਧੀ ਕੁਮੁਦ ਨੇ ਕਿਹਾ ਕਿ ‘ਵਿਰਸਾ ਉਤਸਵ’ ਨੂੰ ਕਾਮਯਾਬ ਕਰਨ ਲਈ ਵੱਖ-ਵੱਖ ਵਿਭਾਗਾਂ ਦੀ ਡਿਊਟੀ ਲਗਾਈ ਜਾ ਚੁੱਕੀ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ 12 ਜਨਵਰੀ ਨੂੰ ਗੁਰਦਾਸਪੁਰ ਵਿਖੇ ਹੋਣ ਵਾਲੇ ਵਿਰਸਾ ਉਤਸਵ ਲਈ ਖੁੱਲਾ ਸੱਦਾ ਦਿੰਦਿਆਂ ਕਿਹਾ ਹੈ ਕਿ ਉਹ ਹੁਮ-ਹੁਮਾ ਕੇ ਵਿਰਸਾ ਉਤਸਵ ਵਿੱਚ ਪਹੁੰਚਣ।