ਡੀ.ਐਸ.ਪੀ ਨੇ ਥਾਣਾ ਮੁੱਖੀ ‘ਤੇ ਵਿਧਾਇਕ ਵੱਲੋਂ ਬਦਸਲੂਕੀ ਕਰਨ ਦੇ ਲਗਾਏ ਦੋਸ਼ਾਂ ਨੂੰ ਨਕਾਰਿਆ
ਗੁਰਦਾਸਪੁਰ, 26 ਦਸੰਬਰ (ਸਰਬਜੀਤ ਸਿੰਘ)-ਐਤਵਾਰ ਦੀ ਦੇਰ ਸ਼ਾਮ ਨੂੰ ਉਸ ਸਮੇਂ ਸਥਿਤੀ ਤਨਾਵਪੂਰਨ ਬਣ ਗਈ ਜਦੋਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੇ ਆਪਣੇ ਕੁੱਝ ਵਰਕਰਾਂ ਸਮੇਤ ਥਾਣਾ ਸਿਟੀ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਅਤੇ ਪੁਲਸ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਕਿ ਉਨ੍ਹਾਂ ਥਾਣਾ ਸਿਟੀ ਦੇ ਐਸ.ਐਚ.ਓ ‘ਤੇ ਬਦਸਲੂਕੀ ਕਰਨ ਦੇ ਦੋਸ਼ ਵੀ ਲਗਾਏ | ਇਸ ਸਬੰਧੀ ਇੱਕ ਸ਼ੋਸ਼ਲ ਮੀਡੀਆ ‘ਤੇ ਵੀਡੀਓ ਵੀ ਖੂਬ ਵਾਇਰਲ ਹੋ ਰਹੀ ਹੈ | ਹਾਲਾਂਕਿ ਬਾਅਦ ਵਿੱਚ ਪੁਲਸ ਨੇ ਮਹਿਲਾ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ | ਪਰ ਅਜੇ ਤੱਕ ਦੋਸ਼ੀ ਪੁਲਸ ਦੀ ਗਿ੍ਫਤ ਤੋਂ ਬਾਹਰ ਹੈ |
ਵਰਣਯੋਗ ਹੈ ਕਿ ਇੱਕ ਮਹਿਲਾ ਨੇ ਇੱਕ ਵਿਅਕਤੀ ਦੇ ਖਿਲਾਫ ਪੁਲਸ ਨੂੰ ਬਦਸਲੂਕੀ ਕਰਨ ਦੀ ਸ਼ਿਕਾਇਤ ਕੀਤੀ ਗਈ ਸੀ | ਜਿਸ ਤੋਂ ਬਾਅਦ ਪੁਲਸ ਕਰਮਚਾਰੀ ਉਸ ਵਿਅਕਤੀ ਨੂੰ ਥਾਣੇ ਲੈ ਆਏ | ਜਿਸ ਬਾਰੇ ਜਦੋਂ ਹਲਕਾ ਵਿਧਾਇਕ ਪਾਹੜਾ ਨੂੰ ਪਤਾ ਚੱਲੀ ਤਾਂ ਉਹ ਵੀ ਆਪਣੇ ਕੁੱਝ ਵਰਕਰਾਂ ਸਮੇਤ ਥਾਣੇ ਪਹੁੰਚ ਗਏ ਅਤੇ ਦੋਵਾਂ ਧਿਰਾਂ ਦਾ ਆਪਸੀ ਸਮਝੌਤਾ ਕਰਨ ਲੱਗੇ | ਗੱਲਬਾਤ ਦੌਰਾਨ ਹਲਕਾ ਵਿਧਾਇਕ ਗੁੱਸੇ ਵਿੱਚ ਆਏ ਗਏ ਅਤੇ ਥਾਣਾ ਮੁੱਖੀ ਨਾਲ ਬਦਸਲੂਕੀ ਕਰਨ ਲੱਗੇ |
ਇਸ ਸਬੰਧੀ ਜਦੋਂ ਡੀ.ਐਸ.ਪੀ ਸਿਟੀ ਰਿਪੁਤਪਨ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਗਾਈਡਲਾਈਨ ਮੁਤਾਬਕ ਮਹਿਲਾ ਨਾਲ ਬਦਸਲੂਕੀ ਕਰਨ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ | ਜਿਸਦੀ ਗਿ੍ਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ | ਜਦੋਂ ਉਨ੍ਹਾਂ ਕੋਲੋਂ ਧਰਨੇ ਸਬੰਧੀ ਪੁੱਛਿਆ ਗਿਆਂ ਤਾ ਉਨ੍ਹਾਂ ਕਿਹਾ ਕਿ ਧਰਨਾ ਲਗਾਉਣਾ ਹਰੇਕ ਦਾ ਸੰਵਿਧਾਨਿਕ ਅਧਿਕਾਰ ਹੈ | ਮਾਮਲੇ ਦੀ ਜਾਂਚ ਚੱਲ ਰਹੀ ਹੈ | ਡੀ.ਐਸ.ਪੀ ਨੇ ਵਿਧਾਇਕ ਪਾਹੜਾ ਵੱਲੋਂ ਥਾਣਾ ਮੁੱਖੀ ‘ਤੇ ਬਦਸਲੂਕੀ ਕਰਨ ਦੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ |