ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਸਰਹੱਦੀ ਪਿੰਡਾਂ ਦੇ ਵਿਕਾਸ ਲਈ ਨਵੀਂ ਪਹਿਲਕਦਮੀ
ਗੁਰਦਾਸਪੁਰ, 16 ਦਸੰਬਰ (ਸਰਬਜੀਤ ਸਿੰਘ) – ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਵੱਲੋਂ ਨਵੀਂ ਪਹਿਲਕਦਮੀ ਕਰਦਿਆਂ ਸਰਹੱਦੀ ਖੇਤਰ ਦੇ ਵਿਕਾਸ ਲਈ ਮਿਸ਼ਨ ‘ਅਬਾਦ’ (ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ) ਦਾ ਅਗਾਜ਼ ਮਿਤੀ 16 ਦਸੰਬਰ ਨੂੰ ਸਰਹੱਦੀ ਪਿੰਡ ਝਬਕਰਾ ਤੋਂ ਕੀਤਾ ਜਾ ਰਿਹਾ ਹੈ। ਪਿੰਡ ਝਬਕਰਾ ਵਿੱਚ ਮਿਸ਼ਨ ਅਬਾਦ ਤਹਿਤ ਲੱਗਣ ਵਾਲੇ ਵਿਸ਼ੇਸ਼ ਕੈਂਪ ਵਿੱਚ ਸਰਹੱਦੀ ਪਿੰਡ ਝਬਕਰਾ ਤੋਂ ਇਲਾਵਾ ਮਕੌੜਾ, ਮਰਾੜਾ, ਐਮਾਂ, ਦਬੁਰਜੀ, ਜੋਗਰ, ਭਰਿਆਲ, ਤੂਰ, ਕਾਨਾ, ਫਰੀਦਪੁਰ ਅਤੇ ਚਿੱਟੀ ਪਿੰਡਾਂ ਦੇ ਵਸਨੀਕ ਭਾਗ ਲੈਣਗੇ। ਇਸ ਕੈਂਪ ਦੌਰਾਨ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਪਹੁੰਚਾਉਣ ਦੇ ਨਾਲ ਉਨਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣਗੀਆਂ ਅਤੇ ਮੌਕੇ ’ਤੇ ਹਾਜ਼ਰ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਹੱਲ ਕੱਢਿਆ ਜਾਵੇਗਾ।
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਮਿਸ਼ਨ ਅਬਾਦ ਤਹਿਤ ਲੱਗਣ ਵਾਲੇ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝਬਕਰਾ ਪਿੰਡ ਵਿੱਚ ਕੈਂਪ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਵਿਸ਼ੇਸ਼ ਸਟਾਲ ਲਗਾ ਕੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਤੇ ਲਾਭ ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਵਿਕਾਸ ਦੇ ਕੰਮਾਂ, ਮਨਰੇਗਾ ਨਾਲ ਸਬੰਧਤ ਕੰਮਾਂ, ਬਾਰਡਰ ਏਰੀਆ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਰੂਰਲ ਏਰੀਆ ਸਰਟੀਫਿਕੇਟ, ਪੈਨਸ਼ਨ ਨਾਲ ਸਬੰਧਤ ਸੁਵਿਧਾਵਾਂ, ਸਿਹਤ ਵਿਭਾਗ ਨਾਲ ਸਬੰਧਤ ਸੁਵਿਧਾਵਾਂ, ਅਧਾਰ ਕਾਰਡ ਸੁਵਿਧਾ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨਾਲ ਸਬੰਧਤ ਸਹੂਲਤਾਂ ਦਾ ਲਾਭ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਵਿਭਾਗਾਂ ਨਾਲ ਸਬੰਧਤ ਮਸਲੇ ਵੀ ਸੁਣੇ ਜਾਣਗੇ ਅਤੇ ਉਨਾਂ ਦਾ ਹੱਲ ਕੀਤਾ ਜਾਵੇਗਾ। ਮਿਲਟਰੀ/ ਪੈਰਾ ਮਿਲਟਰੀ/ ਪੁਲਿਸ ਅਧਿਕਾਰੀਆਂ ਵੱਲੋਂ ਫ਼ੌਜ/ ਪੁਲਿਸ ਵਿੱਚ ਭਰਤੀ ਸਬੰਧੀ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।
ਮਿਸ਼ਨ ‘ਅਬਾਦ’ ਮਿਸ਼ਨ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਬਾਦ ਮਿਸ਼ਨ ਦਾ ਮੁੱਖ ਮਕਸਦ ਸਾਡੇ ਸਰਹੱਦੀ ਪਿੰਡ ਅਬਾਦ ਰਹਿਣ ਅਤੇ ਖੁਸ਼ਹਾਲ ਰਹਿਣ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਦੇ ਵਸਨੀਕਾਂ ਤੱਕ ਸਰਕਾਰ ਦੀਆਂ ਸਾਰੀਆਂ ਭਲਾਈ ਯੋਜਨਾਵਾਂ ਦਾ ਲਾਭ ਪਹੁੰਚੇ ਅਤੇ ਸਰਹੱਦੀ ਪਿੰਡ ਵਿਕਾਸ ਪੱਖੋਂ ਕਿਸੇ ਵੀ ਤਰਾਂ ਘੱਟ ਨਾ ਹੋਣ ਇਸ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ‘ਐਬਸੀਲਿਊਟ ਬਾਰਡਰ ਏਰੀਆ ਡਿਵੈਲਪਮੈਂਟ’ ਮਿਸ਼ਨ (ਅਬਾਦ) ਸ਼ੁਰੂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਜ਼ਿਲਾ ਪ੍ਰਸ਼ਾਸਨ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੇਗਾ ਅਤੇ ਉਨਾਂ ਦਾ ਹੱਲ ਕਰੇਗਾ। ਉਨਾਂ ਸਰਹੱਦੀ ਖੇਤਰ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਂਪਾਂ ਵਿੱਚ ਆਪਣੀ ਵੱਧ ਤੋਂ ਵੱਧ ਸ਼ਮੂਲੀਅਤ ਜਰੂਰ ਕਰਨ।