ਗੁਰਦਾਸਪੁਰ, 14 ਦਸੰਬਰ ( ਸਰਬਜੀਤ ਸਿੰਘ ) – ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ. ਨਿਧੀ ਕੁਮੁਦ ਬਾਮਬਾ ਵੱਲੋਂ ਅੱਜ ਆਪਣੇ ਦਫ਼ਤਰ ਵਿੱਚ ‘ਸੇਫ਼ ਫੂਡ, ਹੈਲਥੀ ਡਾਇਟ’ ਸਬੰਧੀ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਇਸ ਮਹੀਨਾਵਾਰ ਮੀਟਿੰਗ ਵਿੱਚ ਵੱਖ-ਵੱਖ ਮਹਿਕਮਿਆਂ ਨਾਲ ਸਬੰਧਤ ਸਲਾਹਕਾਰ ਕਮੇਟੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਸਲਾਹਕਾਰ ਕਮੇਟੀ ਦੀ ਮੀਟਿੰਗ ਵਿੱਚ ਡਾ. ਜੀ.ਅੱੈਸ. ਪੰਨੂ, ਸਹਾਇਕ ਕਮਿਸ਼ਨਰ ਫੂਡ, ਗੁਰਦਾਸਪੁਰ ਵੱਲੋਂ ਫੂਡ ਸੇਫਟੀ ਐਕਟ ਅਧੀਨ ਜ਼ਿਲ੍ਹੇ ਵਿੱਚ ਚੱਲ ਰਹੇ ਵੱਖ-ਵੱਖ ਕੰਮਾਂ ਬਾਰੇ ਦੱਸਿਆ ਗਿਆ। ਮੀਟਿੰਗ ਦੌਰਾਨ ਜ਼ਿਲ੍ਹੇ ਵਿੱਚ ਬਣਨ ਵਾਲੇ ਈਟ ਗਇਟ ਕੈਂਪਸ / ਕਲੀਨ ਸਟ੍ਰੀਟ ਫੂਡ ਹੱਬ, ਕਲੀਨ ਫਰੂਟ ਅਤੇ ਵੈਜੀਟੇਬਲ ਮਾਰਕੀਟ ਬਾਰੇ ਏ.ਡੀ.ਸੀ. ਡਾ. ਨਿਧੀ ਨੇ ਸਬੰਧਤ ਮਹਿਕਮਿਆਂ ਨੂੰ ਪੂਰਨ ਸਹਿਯੋਗ ਦੇਣ ਲਈ ਕਿਹਾ ਤਾਂ ਜੋ ਜ਼ਿਲ੍ਹੇ ਵਿੱਚ ਇਹ ਸਮੇਂ ਸਿਰ ਬਣ ਸਕਣ। ਉਨ੍ਹਾਂ ਨੇ ਸੈਕਟਰੀ ਮਾਰਕੀਟ ਕਮੇਟੀ, ਈ.ਓ. ਗੁਰਦਾਸਪੁਰ ਨੂੰ ਫੂਡ ਸੇਫਟੀ ਵਿਭਾਗ ਨੂੰ ਇਸ ਸਬੰਧੀ ਵਿਸ਼ੇਸ਼ ਸਹਿਯੋਗ ਕਰਨ ਲਈ ਕਿਹਾ। ਉਨ੍ਹਾਂ ਫੂਡ ਸੇਫਟੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਫੂਡ ਸੇਫਟੀ ਐਕਟ ਅਧੀਨ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਦੇ ਲਾਇਸੈਂਸ ਬਣਾਏ ਜਾਣ ਅਤੇ ਉਨ੍ਹਾਂ ਨੂੰ ਰਜਿਸਟਰਡ ਕੀਤਾ ਜਾਵੇ ਤਾਂ ਜੋ ਕੋਈ ਵੀ ਕਾਰੋਬਾਰੀ ਬਿਨਾ ਲਾਇਸੈਂਸ ਜਾਂ ਰਜਿਸ਼ਟ੍ਰੇਸ਼ਨ ਦੇ ਖਾਣ-ਪੀਣ ਦਾ ਕਾਰੋਬਾਰ ਨਾ ਕਰੇ।