ਕਿਹਾ ਜ਼ਿਲੇ ਦੇ ਹਰੇਕ ਕੋਨੇ ’ਚ ਬਿਹਤਰੀਨ ਸਿਹਤ ਸਹੂਲਤਾਂ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾਵੇਗਾ
ਗੁਰਦਾਸਪੁਰ, 7 ਦਸੰਬਰ (ਸਰਬਜੀਤ ਸਿੰਘ) – ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਿਹਤ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਵਿੱਚ ਨਵੇਂ ਬਣ ਰਹੇ 33 ਹੋਰ ਆਮ ਆਦਮੀ ਕਲੀਨਿਕ ਦੇ ਕੰਮ ਨੂੰ ਜਲਦੀ ਮੁਕੰਮਲ ਕੀਤਾ ਜਾਵੇ ਤਾਂ ਜੋ ਇਹ ਸਾਰੇ ਕਲੀਨਿਕ ਗਣਤੰਤਰ ਦਿਵਸ ਮੌਕੇ ਲੋਕ ਅਰਪਣ ਕੀਤੇ ਜਾ ਸਕਣ। ਅੱਜ ਆਪਣੇ ਦਫ਼ਤਰ ਵਿੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੇ ਨਵੇਂ ਬਣ ਰਹੇ ਆਮ ਆਦਮੀ ਕਲੀਨਿਕਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਰਹੱਦੀ ਜ਼ਿਲਾ ਗੁਰਦਾਸਪੁਰ ਦੇ ਹਰੇਕ ਕੋਨੇ ਵਿੱਚ ਬਿਹਤਰੀਨ ਸਿਹਤ ਸਹੂਲਤਾਂ ਦੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਇਹ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ, ਜਿਨਾਂ ਵਿੱਚ 30 ਪੇਂਡੂ ਅਤੇ 3 ਸ਼ਹਿਰੀ ਖੇਤਰਾਂ ਵਿੱਚ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਭੋਪੁਰ ਸੈਦਾਂ ਅਤੇ ਮਸਾਣੀਆਂ ਵਿਖੇ ਪਹਿਲਾਂ ਹੀ 2 ਆਮ ਆਦਮੀ ਕਲੀਨਿਕ ਪੂਰੀ ਸਫਲਤਾ ਨਾਲ ਚੱਲ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਨਾਂ ਪ੍ਰਾਇਮਰੀ ਹੈਲਥ ਸੈਂਟਰਾਂ ਵਿੱਚ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ, ਉਨਾਂ ਵਿੱਚ ਸ਼ਹਿਰੀ ਇਲਾਕੇ ਨਾਲ ਸਬੰਧਤ ਬਟਾਲਾ ਸ਼ਹਿਰ ਦੇ ਗਾਂਧੀ ਕੈਂਪ ਅਤੇ ਚੰਦਰ ਨਗਰ, ਗੁਰਦਾਸਪੁਰ ਸ਼ਹਿਰ ਵਿੱਚ ਮਾਨ ਕੌਰ ਸਿੰਘ ਦੀਆਂ ਅਰਬਨ ਪੀ.ਐਚ.ਸੀਜ਼ ਸ਼ਾਮਲ ਹਨ। ਜਦਕਿ ਪੇਂਡੂ ਇਲਾਕੇ ਨਾਲ ਸਬੰਧਤ ਪੀ.ਐਚ.ਸੀ. ਬਹਿਰਾਮਪੁਰ, ਝਰੋਲੀ, ਮਰਾਰਾ, ਭਰਥ, ਕੰਡੀਲਾ, ਮੰਡ, ਸ੍ਰੀ ਹਰਗੋਬਿੰਦਪੁਰ ਸਾਹਿਬ, ਊਧਨਵਾਲ, ਭੁੱਲਰ, ਜੈਤੋ ਸਰਜਾ, ਪੰਜ ਗਰਾਈਆਂ, ਰੰਗੜ-ਨੰਗਲ, ਤਾਰਾਗੜ, ਵਡਾਲਾ ਗ੍ਰੰਥੀਆਂ, ਧਿਆਨਪੁਰ, ਧਰਮਕੋਟ ਰੰਧਾਵਾ, ਦੇੜ ਗਵਾਰ, ਦੋਰਾਂਗਲਾ, ਜੌੜਾ ਛੱਤਰਾਂ, ਅਲੀਵਾਲ, ਕਾਲਾ ਅਫ਼ਗਾਨਾ, ਗਿੱਲ ਮੰਝ, ਗੁਨੋਪੁਰ, ਨਾਨੋਵਾਲ ਜਿੰਦਲ, ਵਡਾਲਾ ਬਾਂਗਰ, ਭੁੰਬਲੀ, ਸਤਕੋਹਾ, ਕਲਿਆਨਪੁਰ, ਰਣਜੀਤ ਬਾਗ ਅਤੇ ਬੱਬੇਹਾਲੀ ਵਿਖੇ ਆਮ ਆਦਮੀ ਕਲੀਨਿਕ ਸਥਾਪਤ ਕੀਤੇ ਜਾ ਰਹੇ ਹਨ।
ਉਨਾਂ ਦੱਸਿਆ ਕਿ ਹਰ ਆਮ ਆਦਮੀ ਕਲੀਨਿਕ ਵਿੱਚ ਇਕ ਮੈਡੀਕਲ ਅਫਸਰ, ਫਾਰਮਾਸਿਸਟ, ਕਲੀਨੀਕਲ ਸਹਾਇਕ ਅਤੇ ਹੈਲਪਰ ਸਮੇਤ ਚਾਰ ਅਧਿਕਾਰੀਆਂ/ਕਰਮਚਾਰੀਆਂ ਦਾ ਸਟਾਫ ਤਾਇਨਾਤ ਕੀਤਾ ਜਾਵੇਗਾ। ਇਨਾਂ ਕਲੀਨਿਕਾਂ ਵਿਚੋਂ 91 ਤਰਾਂ ਦੀਆਂ ਦਵਾਈਆਂ ਅਤੇ 41 ਤਰਾਂ ਦੇ ਡਾਕਟਰੀ ਟੈਸਟਾਂ ਦੀ ਸਹੂਲਤ ਬਿਲਕੁਲ ਮੁਫ਼ਤ ਉਪਲੱਬਧ ਹੋਵੇਗੀ।