ਗੁਰਦਾਸਪੁਰ, 21 ਜਨਵਰੀ (ਸਰਬਜੀਤ ਸਿੰਘ)– ਸਿੱਖਿਆ ਵਿਭਾਗ ਪੰਜਾਬ ਵਲੋਂ ਸਕੂਲ ਆਫ ਐਮੀਨੈਂਸ ਵਿੱਚ ਵੀ 9ਵੀਂ ਅਤੇ 11ਵੀਂ ਜਮਾਤ ਦੇ ਦਾਖਲੇ ਲਈ ਰਜਿਟ੍ਰੇਸ਼ਨ ਦੀ ਆਖਰੀ ਮਿਤੀ 20-01-2026 ਨਿਸ਼ਚਿਤ ਕੀਤੀ ਸੀ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜਿਲਾ ਸਿੱਖਿਆ ਅਫਸਰ (ਸੈ:ਸਿ) ਸ੍ਰੀਮਤੀ ਪਰਮਜੀਤ ਨੇ ਦੱਸਿਆ ਕਿ ਫੀਲਡ ਤੋਂ ਆ ਰਹੀ ਮੰਗ ਅਨੁਸਾਰ ਹੁਣ ਐਸ.ਸੀ.ਈ.ਆਰ.ਟੀ ਪੰਜਾਬ ਨੇ ਇਸ ਦਾਖਲਾ ਟੈਸਟ ਲਈ ਰਜਿਟ੍ਰੇਸ਼ਨ ਮਿਤੀ ਵਿੱਚ 25-01-2026 ਤੱਕ ਵਾਧਾ ਕਰ ਦਿੱਤਾ ਹੈ ।ਉਹਨਾਂ ਜਿਲੇ ਦੇ ਸਮੂਹ ਸਕੂਲਾਂ ਦੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਲਈ ਅਪੀਲ ਕੀਤੀ ।
ਜਿਲਾ ਨੋਡਲ ਅਫਸਰ ਅਮਰਜੀਤ ਸਿੰਘ ਪੁਰੇਵਾਲ ਨੇ ਕਿਹਾ ਕਿ ਜਿਲੇ ਦੇ ਵਿਦਿਆਰਥੀਆਂ ਨੂੰ ਇਸ ਟੈਸਟ ਲਈ ਵੱਧ ਤੋਂ ਵੱਧ ਰਜਿਟ੍ਰੇਸ਼ਨ ਕਰਵਾਉਣੀ ਚਾਹੀਦੀ ਹੈ ਤਾਂ ਜੋ ਕੋਈ ਵੀ ਯੋਗ ਵਿਦਿਆਰਥੀ ਇਸ ਦਾਖਲਾ ਟੈਸਟ ਪ੍ਰੀਖਿਆ ਤੋਂ ਵਾਂਝਾ ਨਾ ਰਹੇ । ਉਨਾਂ ਅੱਗੇ ਦੱਸਿਆ ਕਿ 9ਵੀੰ ਅਤੇ 11ਵੀਂ ਜਮਾਤ ਵਿੱਚ ਦਾਖਲਾ ਟੈਸਟ ਲਈ ਸਾਂਝੀ ਮਿਤੀ 01-03-2026 ਨਿਸਚਿਤ ਕੀਤੀ ਗਈ ਹੈ ਜਿਸ ਵਾਸਤੇ ਐਸ ਸੀ ਈ ਆਰ ਟੀ ਪੰਜਾਬ ਵਲੋਂ ਮਿਥੀ ਮਿਤੀ ਤੋਂ ਪਹਿਲਾਂ ਪਹਿਲਾਂ ਯੋਗ ਵਿਿਦਆਰਥੀਆਂ ਨੂੰ ਰੋਲ ਨੰਬਰ ਜਾਰੀ ਕਰ ਦਿੱਤੇ ਜਾਣਗੇ ।ਇੱਥੇ ਇਹ ਵਰਨਣਯੋਗ ਹੈ ਕਿ 9ਵੀਂ ਅਤੇ 11ਵੀਂ ਜਮਾਤ ਵਿੱਚ ਸਕੂਲ ਆਫ ਐਮੀਨੈਂਸ ਦਾ ਟੈਸਟ ਪਾਸ ਕਰ ਚੁੱਕੇ ਵਿਦਿਆਰਥੀ ਵੱਖ-ਵੱਖ ਸਟਰੀਮ ਸਾਇੰਸ ਮੈਡੀਕਲ, ਨਾਨ ਮੈਡੀਕਲ ਅਤੇ ਕਾਮਰਸ ਵਿੱਚ ਦਾਖਲਾ ਲੈਣਗੇ ।ਉਨਾਂ ਦੱਸਿਆ ਕਿ ਵਿਧਿਆਰਥੀਆਂ ਦੀ ਗਿਣਤੀ ਅਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਜਿਲੇ ਵਿੱਚ ਹੀ ਬਲਾਕ ਪੱਧਰ ਤੇ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਜਾਣਗੇ ।ਸ: ਪੁਰੇਵਾਲ ਨੇ ਦੱਸਿਆ ਕਿ ਇਸ ਟੈਸਟ ਵਾਸਤੇ ਸਰਕਾਰੀ ਸਕੂਲਾਂ ਤੋਂ ਇਲਾਵਾ ਜਿਲੇ ਦੇ ਅਰਧ ਸਰਕਾਰੀ, ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ ।ਰਜਿਟ੍ਰੇਸ਼ਨ ਲਈ http//schoolifeminence.pseb.ac.in ਲਿੰਕ ਤੇ ਵਿਜਟ ਕੀਤਾ ਜਾ ਸਕਦਾ ਹੈ ।


