ਗੁਰਦਾਸਪੁਰ, 3 ਜੂਨ ( ਸਰਬਜੀਤ ਸਿੰਘ)– ਸ਼੍ਰੀ ਦਰਬਾਰ ਸਾਹਿਬ ਤੇ ਤੋਪਾਂ ਟੈਂਕਾਂ ਨਾਲ ਹਮਲਾ ਕਰਕੇ ਸਿੱਖਾਂ ਦੇ ਸਰਵਉੱਚ ਅਕਾਲ ਤਖਤ ਨੂੰ ਢਾਹਿ ਢੇਰੀ ਕਰਨ, ਸੈਂਕੜੇ ਗੁਰਦੁਆਰਾ ਸਾਹਿਬਾ ਨੂੰ ਨਿਸ਼ਾਨਾ ਬਣਾਉਣ ਤੇ 40 ਹਜ਼ਾਰ ਤੋਂ ਵੱਧ ਨਿਰਦੋਸ਼ਾਂ ਨੂੰ ਮਾਰ ਮੁਕਾਉਣ ਵਾਲੀ ਕਾਂਗਰਸ ਦੀ ਨੀਤੀ ਨੂੰ ਆਉਂਣ ਵਾਲੀ ਪੀੜ੍ਹੀ ਨੂੰ ਚੇਤੇ ਕਰਵਾਉਣ ਹਿੱਤ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਇੱਕ ਹੁਕਮਨਾਮੇ ਰਾਹੀਂ ਇਸ ਨੂੰ 84 ਸਿੱਖ ਨਸਲਕੁਸ਼ੀ ਦੇ ਤੌਰ ਤੇ ਘੱਲੂਘਾਰੇ ਦਿਵਸ਼ ਵਜੋਂ ਮਨਾਉਣ ਵਾਲੇ ਹੁਕਮਾਂ ਦੀ ਤਾਮੀਲ ਕਰਦਿਆਂ ਗੁਰੂਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਜਲੰਧਰ ਦੇ ਮੁਖੀ ਸੰਤ ਬਾਬਾ ਸੁਖਵਿੰਦਰ ਸਿੰਘ ਅਤੇ ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਦੀ ਅਗਵਾਈ ਹੇਠ 84 ਦੇ ਸਮੂਹ ਸ਼ਹੀਦਾਂ ਦੀ ਯਾਦ’ਚ ਇੱਕ ਵੱਡਾ ਧਾਰਮਿਕ ਸਮਾਗਮ ਕਰਵਾਇਆ ਗਿਆ ਤੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਸੰਬੰਧੀ ਨੌਜਵਾਨ ਪੀੜ੍ਹੀ ਨੂੰ ਵਿਸਥਾਰ ਨਾਲ ਦੱਸਿਆ ਗਿਆ। ਇਸ ਮੌਕੇ ਤੇ 14,15,16 ਤੇ 17 ਜੂਨ ਨੂੰ ਕਰਵਾਏ ਜਾ ਸਲਾਨਾ ਸਮਾਗਮ ਸਬੰਧੀ ਪੋਸਟਰ ਜਾਰੀ ਕੀਤੇ ਗਏ।ਆਖੰਡ ਪਾਠਾਂ ਦੇ ਲੜੀਵਾਰ ਭੋਗ ਪਾਏ ਗਏ। ਧਾਰਮਿਕ ਦੀਵਾਨ ਸਜਾਏ ਗਏ। ਧਾਰਮਿਕ ਬੁਲਾਰਿਆਂ ਤੇ ਆਖੰਡ ਪਾਠ ਸ਼ਰਧਾਲੂਆਂ ਸਮੇਤ ਸੰਤਾਂ ਮਹਾਂਪਰਸ਼ਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।
ਇਸ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਸੰਤ ਸੁਖਵਿੰਦਰ ਸਿੰਘ ਜੀ ਨਾਲ ਇਸ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ। ਉਹਨਾਂ ਦੱਸਿਆ ਕਿ ਇਸ ਸੰਬੰਧੀ ਪਰਸੋਂ ਦੇ ਰੋਜ਼ ਤੋਂ ਗੁਰੂਦੁਆਰਾ ਸਾਹਿਬ ਵਿਖੇ ਸ਼ਰਧਾਲੂਆਂ ਤੇ ਗੁਰੂ ਘਰ ਵਿੱਚ 5 ਲੜੀਵਾਰ ਅਖੰਡ ਪਾਠ ਅਰੰਭ ਕਰਵਾਏ ਗਏ ਸਨ, ਜਿਨ੍ਹਾਂ ਦੇ ਅੱਜ ਸੰਪੂਰਨ ਭੋਗ ਅਰਦਾਸ ਅਤੇ ਪਾਵਨ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਹਜ਼ੂਰੀ ਰਾਗੀ ਭਾਈ ਹਰਜੀਤ ਸਿੰਘ ਤੇ ਭਾਈ ਰਿੰਕੂ ਦੇ ਕੀਰਤਨੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਦੀ ਹਾਜ਼ਰੀ ਭਰਨ ਤੇ ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਹੁਕਮਨਾਮੇ ਦੀ ਕਥਾ ਵਿਚਾਰ ਕਰਨ ਤੋਂ ਉਪਰੰਤ ਸ਼ਹੀਦੀ ਸਮਾਗਮ ਦੀ ਅਰੰਭਤਾ ਹੋਈ ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੇ ਕਥਾਵਾਚਕਾਂ ਤੋਂ ਇਲਾਵਾ ਕਈ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਲਵਾਈ ਅਤੇ ਘੱਲੂਘਾਰਾ ਦਿਵਸ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ , ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਨੇ ਬੋਲਦਿਆਂ ਜਿਥੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਤੇ ਆਈ ਸੰਗਤ ਦਾ ਧੰਨਵਾਦ ਕਰਦਿਆਂ ਦੱਸਿਆ ਸਰਕਾਰ ਨੇ ਇਹ ਘੱਲੂਘਾਰਾ ਦਿਵਸ ਸਿਖਾਂ ਦੀ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਇੱਕ ਵੱਡੀ ਸਾਜ਼ਿਸ਼ ਕੀਤਾ ਗਿਆ, ਗੁਰਦੁਆਰਾ ਸਾਹਿਬ ਦੇ ਸਰਪ੍ਰਸਤ ਸੰਤ ਬਾਬਾ ਜਰਨੈਲ ਸਿੰਘ ਨੇ ਬੋਲਦਿਆਂ ਸਮੂਹ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ 6 ਜੂਨ ਤੱਕ ਗੁਰਦੁਆਰਿਆਂ’ਚ ਸਮੂਹ ਸ਼ਹੀਦਾਂ ਦੀ ਯਾਦ’ਚ ਅਖੰਡ ਪਾਠਾਂ ਦੇ ਭੋਗ ਪਾਏ ਜਾਣ ਤੇ ਧਾਰਮਿਕ ਦੀਵਾਨ ਰਾਹੀਂ ਸ਼ਰਧਾਂਜਲੀ ਭੇਂਟ ਕਰਕੇ ਨੌਜਵਾਨ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ। ਸ਼ਹੀਦੀ ਸਮਾਗਮ’ਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰਾਂ ਪ੍ਰਚਾਰਕਾਂ ਤੋਂ ਇਲਾਵਾ ਸੈਂਕੜੇ ਸੰਤਾਂ ਮਹਾਪੁਰਸ਼ਾਂ ਨੇ ਹਾਜ਼ਰੀ ਲਵਾਈ ਤੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਸਮੂਹ ਧਾਰਮਿਕ ਬੁਲਾਰਿਆਂ, ਅਖੰਡ ਪਾਠ ਸ਼ਰਧਾਲੂਆਂ ਤੇ ਸੰਤਾਂ ਮਹਾਂਪੁਰਸ਼ਾਂ ਦਾ ਸਨਮਾਨ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ।